ਬਾਕੂ, 25 ਅਪ੍ਰੈਲ (ਪੋਸਟ ਬਿਊਰੋ): ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ ਨੇ ਭਾਰਤ ਤੋਂ ਅਰਮੇਨੀਆ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਮੰਗ ਕੀਤੀ ਹੈ। ਰਾਜਧਾਨੀ ਬਾਕੂ ਵਿੱਚ ਸੀਓਪੀ29 ਨਾਲ ਸਬੰਧਤ ਇੱਕ ਸਮਾਗਮ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਅਲੀਏਵ ਨੇ ਕਿਹਾ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਇੱਕ ਮੁੱਦਾ ਹੈ। ਫਰਾਂਸ, ਭਾਰਤ, ਗ੍ਰੀਸ ਵਰਗੇ ਦੇਸ਼ ਸਾਡੇ ਵਿਰੁੱਧ ਜਾ ਰਹੇ ਹਨ ਅਤੇ ਆਰਮੇਨੀਆ ਨੂੰ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਇਸ ਤਰ੍ਹਾਂ ਅਸੀਂ ਹੱਥਾਂ 'ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ।
ਰਾਸ਼ਟਰਪਤੀ ਅਲੀਯੇਵ ਨੇ ਕਿਹਾ ਕਿ ਅਸੀਂ ਆਰਮੇਨੀਆ ਅਤੇ ਉਸ ਨੂੰ ਹਥਿਆਰ ਮੁਹੱਈਆ ਕਰਾਉਣ ਵਾਲੇ ਦੇਸ਼ਾਂ ਸਾਹਮਣੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਜੇਕਰ ਸਾਡੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ ਤਾਂ ਅਸੀਂ ਇਸ ਖਿਲਾਫ ਕਾਰਵਾਈ ਕਰਾਂਗੇ। ਆਰਮੇਨੀਆ ਸਾਡੇ ਖਿਲਾਫ ਆਪਣੀ ਫੌਜੀ ਸ਼ਕਤੀ ਵਧਾ ਰਿਹਾ ਹੈ। ਅਜਿਹੇ 'ਚ ਅਸੀਂ ਆਪਣੇ ਜਵਾਨਾਂ ਨੂੰ ਸਰਹੱਦ 'ਤੇ ਤਾਇਨਾਤ ਕਰਨਾ ਚਾਹੁੰਦੇ ਹਾਂ।
ਦਰਅਸਲ ਕਰਾਬਾਖ ਨੂੰ ਲੈ ਕੇ ਅਜ਼ਰਬਾਈਜਾਨ ਅਤੇ ਅਰਮੇਨੀਆ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪਾਕਿਸਤਾਨ ਅਤੇ ਤੁਰਕੀ ਅਜ਼ਰਬਾਈਜਾਨ ਨੂੰ ਖੁੱਲ੍ਹੀ ਸਹਾਇਤਾ ਅਤੇ ਫੌਜੀ ਸਹਾਇਤਾ ਪ੍ਰਦਾਨ ਕਰਦੇ ਹਨ। ਬਦਲੇ 'ਚ ਅਜ਼ਰਬਾਈਜਾਨ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦਾ ਸਮਰਥਨ ਕਰਦਾ ਹੈ। ਪਿਛਲੇ ਸਾਲ ਭਾਰਤ 'ਚ ਅਜ਼ਰਬਾਈਜਾਨ ਦੇ ਰਾਜਦੂਤ ਅਸ਼ਰਫ ਸਿ਼ਕਾਲੀਵ ਨੇ ਕਿਹਾ ਸੀ ਕਿ ਅਜ਼ਰਬਾਈਜਾਨ ਪਿਛਲੇ 30 ਸਾਲਾਂ ਤੋਂ ਕਸ਼ਮੀਰ 'ਤੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਹੈ।