ਵਾਸਿ਼ੰਗਟਨ, 2 ਮਈ (ਪੋਸਟ ਬਿਊਰੋ): ਅਮਰੀਕੀ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦੀ ਮੌਤ ਦੇ ਦਾਅਵੇ ਨੂੰ ਝੂਠ ਕਰਾਰ ਦਿੱਤਾ ਹੈ। ਕੈਲੀਫੋਰਨੀਆ ਪੁਲਿਸ ਮੁਤਾਬਕ ਬੁੱਧਵਾਰ ਨੂੰ ਫਰਿਜ਼ਨੋ ਇਲਾਕੇ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਦੋ ਲੋਕ ਜ਼ਖਮੀ ਵੀ ਹੋਏ, ਜਿਨ੍ਹਾਂ 'ਚੋਂ ਇਕ ਦੀ ਹਸਪਤਾਲ 'ਚ ਮੌਤ ਹੋ ਗਈ। ਹਾਲਾਂਕਿ ਇਹ ਵਿਅਕਤੀ ਗੋਲਡੀ ਬਰਾੜ ਨਹੀਂ ਸੀ।
ਮ੍ਰਿਤਕ ਦੀ ਪਹਿਚਾਣ 37 ਸਾਲਾ ਜ਼ੇਵੀਅਰ ਗਲਾਡਨੀ ਵਜੋਂ ਹੋਈ ਹੈ, ਜਦੋਂਕਿ ਕੱਲ੍ਹ ਦਿਨ ਭਰ ਆਈਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਫਰਿਜ਼ਨੋ ਪੁਲਿਸ ਵਿਭਾਗ ਦੇ ਲੈਫਟੀਨੈਂਟ ਵਿਲੀਅਮ ਜੇ. ਡੂਲੀ ਨੇ ਕਿਹਾ ਕਿ ਸਾਨੂੰ ਦੁਨੀਆਂ ਭਰ ਤੋਂ ਗੋਲਡੀ ਬਰਾੜ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਮੌਤ ਦੀ ਝੂਠੀ ਖ਼ਬਰ ਫੈਲਾਈ ਗਈ। ਸਾਨੂੰ ਨਹੀਂ ਪਤਾ ਕਿ ਇਹ ਕਿੱਥੋਂ ਅਤੇ ਕਿਸ ਨੇ ਸ਼ੁਰੂ ਕੀਤਾ ਸੀ।
ਏਬੀਸੀ ਨਿਊਜ਼ ਮੁਤਾਬਕ ਬੁੱਧਵਾਰ ਨੂੰ ਵਾਪਰੀ ਘਟਨਾ ਗੈਂਗ ਵਾਰ ਨਾਲ ਸਬੰਧਤ ਸੀ। ਪੁਲਿਸ ਗੋਲੀ ਚਲਾਉਣ ਵਾਲੇ ਡੈਰੇਨ ਵਿਲੀਅਮਜ਼ ਨਾਮ ਦੇ ਦੋਸ਼ੀ ਦੀ ਭਾਲ ਕਰ ਰਹੀ ਹੈ। ਪੁਲਿਸ ਮੁਤਾਬਕ ਡੇਰੋਨ ਵਿਲੀਅਮ ਅਤੇ ਜ਼ੇਵੀਅਰ ਗੈਲਡਨੀ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਘਟਨਾ 'ਚ 13 ਸਾਲਾ ਲੜਕਾ ਵੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹੁਣ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।