ਯੂ.ਐੱਨ., 2 ਮਈ (ਪੋਸਟ ਬਿਊਰੋ): ਭਾਰਤ ਨੇ ਇਜ਼ਰਾਈਲ-ਹਮਾਸ ਟਕਰਾਅ ਦਰਮਿਆਨ ਸੰਯੁਕਤ ਰਾਸ਼ਟਰ (ਯੂ.ਐੱਨ.) 'ਚ ਦੋ-ਰਾਜੀ ਹੱਲ ਦੀ ਫਿਲਸਤੀਨ ਦੀ ਮੰਗ ਦਾ ਸਮਰਥਨ ਕੀਤਾ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚੀਰਾ ਕੰਬੋਜ ਨੇ ਕਿਹਾ ਕਿ ਭਾਰਤ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਦੋ-ਰਾਜੀ ਹੱਲ ਦਾ ਸਮਰਥਨ ਕਰਨ ਲਈ ਵਚਨਬੱਧ ਹੈ, ਜਿੱਥੇ ਫਲਸਤੀਨ ਦੇ ਲੋਕ ਆਪਣੇ ਦੇਸ਼ ਵਿੱਚ ਸੁਰੱਖਿਅਤ ਰਹਿ ਸਕਦੇ ਹਨ।
ਕੰਬੋਜ ਨੇ ਹਮਾਸ ਦੇ ਇਜ਼ਰਾਈਲ 'ਤੇ 7 ਅਕਤੂਬਰ ਦੇ ਹਮਲਿਆਂ ਦੀ ਵੀ ਨਿੰਦਾ ਕੀਤੀ ਅਤੇ ਬੰਧਕਾਂ ਦੀ ਛੇਤੀ ਰਿਹਾਈ ਦੀ ਮੰਗ ਕੀਤੀ। ਹਮਾਸ ਦੇ ਹਮਲਿਆਂ 'ਤੇ ਬੋਲਦਿਆਂ ਕੰਬੋਜ ਨੇ ਕਿਹਾ ਕਿ ਅੱਤਵਾਦ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਰਤ ਨੇ ਹਮੇਸ਼ਾ ਅੱਤਵਾਦ ਦਾ ਵਿਰੋਧ ਕੀਤਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬੰਧਕਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ। ਕੰਬੋਜ ਨੇ ਇਜ਼ਰਾਈਲ ਅਤੇ ਹਮਾਸ ਦੋਵਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਾਨਵਤਾਵਾਦੀ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ।