ਟੋਰਾਂਟੋ, 22 ਅਪਰੈਲ (ਪੋਸਟ ਬਿਊਰੋ) : ਸੋਮਵਾਰ ਸਵੇਰੇ ਸਿਟੀ ਦੇ ਡਾਊਨਟਾਊਨ ਵਿੱਚ ਇੱਕ ਬਹੁਮੰਜਿ਼ਲਾ ਇਮਾਰਤ ਵਿੱਚ ਲੱਗੀ ਜ਼ਬਰਦਸਤ ਅੱਗ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਸ ਗੱਲ ਦੀ ਪੁਸ਼ਟੀ ਫਾਇਰਫਾਈਟਰਜ਼ ਤੇ ਪੈਰਾਮੈਡਿਕਸ ਨੇ ਕੀਤੀ।
ਇਹ ਅੱਗ ਤੜ੍ਹਕੇ 4:30 ਵਜੇ ਦੇ ਨੇੜੇ ਤੇੜੇ ਜਾਰਵਿਸ ਸਟਰੀਟ ਨੇੜੇ ਦ ਐਸਪਲੇਨੇਡ ਉੱਤੇ ਸਥਿਤ ਰਿਹਾਇਸ਼ੀ ਬਿਲਡਿੰਗ ਵਿੱਚ ਲੱਗੀ। ਟੋਰਾਂਟੋ ਫਾਇਰ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਸਿਰਫ ਇੱਕ ਫਲੈਟ ਤੱਕ ਹੀ ਸੀਮਿਤ ਸਨ ਤੇ ਅੱਗ ਉੱਤੇ ਜਲਦ ਹੀ ਕਾਬੂ ਪਾ ਲਿਆ ਗਿਆ।ਪੈਰਾਮੈਡਿਕਸ ਅਨੁਸਾਰ ਇੱਕ ਵਿਅਕਤੀ ਨੂੰ ਧੂੰਆਂ ਚੜ੍ਹ ਜਾਣ ਕਾਰਨ ਕਾਫੀ ਦਿੱਕਤ ਹੋਈ ਤੇ ਉਹ ਜ਼ੇਰੇ ਇਲਾਜ ਹੈ।
ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਅੱਗ ਵਿੱਚ ਝੁਲਸਣ ਕਾਰਨ ਜ਼ਖ਼ਮੀ ਹੋਇਆ ਪਰ ਉਸ ਵਿਅਕਤੀ ਦੀ ਹਾਲਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਟੋਰਾਂਟੋ ਫਾਇਰ ਨੇ ਆਖਿਆ ਕਿ ਅਜੇ ਵੀ ਅਮਲਾ ਮੌਕੇ ਉੱਤੇ ਮੌਜੂਦ ਹੈ ਤੇ ਹੋਰਨਾਂ ਫਲੈਟਸ ਦਾ ਮੁਆਇਨਾ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ।