ਮੁੰਬਈ, 28 ਮਾਰਚ (ਪੋਸਟ ਬਿਊਰੋ): ਬਾਲੀਵੁੱਡ ਅਦਾਕਾਰ ਗੋਵਿੰਦਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸਿ਼ਦੇ ਦੀ ਅਗਵਾਈ ਵਾਲੀ ਸਿ਼ਵ ਸੈਨਾ ਵਿਚ ਸ਼ਾਮਿਲ ਹੋ ਗਏ ਹਨ। ਉਹ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਮੁੱਖ ਮੰਤਰੀ ਸਿ਼ੰਦੇ ਨਾਲ ਮੁੰਬਈ ਸਥਿਤ ਸਿ਼ਵ ਸੈਨਾ ਦਫ਼ਤਰ ਪਹੁੰਚੇ ਤੇ ਕੁਝ ਸਮੇਂ ਬਾਅਦ ਉਹ ਪਾਰਟੀ ਵਿਚ ਸ਼ਾਮਲ ਹੋ ਗਏ।
ਸਿ਼ਵ ਸੈਨਾ 'ਚ ਸ਼ਾਮਲ ਹੋਣ ਤੋਂ ਬਾਅਦ ਗੋਵਿੰਦਾ ਨੇ ਕਿਹਾ- ਮੈਂ 2004 ਤੋਂ 2009 ਤੱਕ ਰਾਜਨੀਤੀ 'ਚ ਸੀ। ਇਹ ਇਤਫ਼ਾਕ ਹੈ ਕਿ 14 ਸਾਲਾਂ ਬਾਅਦ ਮੈਂ ਮੁੜ ਸਿਆਸਤ ਵਿੱਚ ਆਇਆ ਹਾਂ। ਮੇਰੇ 'ਤੇ ਜੋ ਭਰੋਸਾ ਰੱਖਿਆ ਗਿਆ ਹੈ, ਉਸ 'ਤੇ ਪੂਰਾ ਉਤਰਾਂਗਾ।
ਦੇਰ ਸ਼ਾਮ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ। ਇਸ ਵਿੱਚ 8 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ ਮੁੰਬਈ ਸਾਊਥ-ਸੈਂਟਰਲ, ਕੋਲਹਾਪੁਰ, ਰਾਮਟੇਕ, ਸ਼ਿਰਡੀ, ਬੁਲਢਾਣਾ, ਹਿੰਗੋਲੀ, ਮਾਵਲ ਅਤੇ ਹਤਕਾਨੰਗਲੇ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਸੂਤਰਾਂ ਮੁਤਾਬਕ ਸੂਬੇ ਦੀਆਂ 48 ਲੋਕ ਸਭਾ ਸੀਟਾਂ 'ਚੋਂ ਭਾਜਪਾ 27 'ਤੇ, ਸਿ਼ਵ ਸੈਨਾ 14 'ਤੇ ਅਤੇ ਐਨਸੀਪੀ 5 ਸੀਟਾਂ 'ਤੇ ਚੋਣ ਲੜੇਗੀ। ਇਸ ਦਾ ਅਧਿਕਾਰਤ ਐਲਾਨ ਜਲਦੀ ਹੀ ਕੀਤੇ ਜਾਣ ਦੀ ਸੰਭਾਵਨਾ ਹੈ।
ਗੋਵਿੰਦਾ ਨੂੰ ਮੁੰਬਈ ਦੀ ਨਾਰਥ-ਵੈਸਟ ਲੋਕ ਸਭਾ ਸੀਟ ਤੋਂ ਟਿਕਟ ਮਿਲ ਸਕਦੀ ਹੈ। ਇੱਥੋਂ ਊਧਵ ਧੜੇ ਦੀ ਸਿ਼ਵ ਸੈਨਾ ਨੇ ਅਮੋਲ ਕੀਰਤੀਕਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਗੋਵਿੰਦਾ ਪਹਿਲਾਂ ਵੀ ਇੱਕ ਵਾਰ ਲੋਕ ਸਭਾ ਚੋਣ ਲੜ ਚੁੱਕੇ ਹਨ।
ਉਨ੍ਹਾਂਨੇ 2004 ਵਿੱਚ ਮੁੰਬਈ ਉੱਤਰੀ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਰਾਮ ਨਾਇਕ ਨੂੰ 48,271 ਵੋਟਾਂ ਨਾਲ ਹਰਾਇਆ। ਗੋਵਿੰਦਾ 2004 ਤੋਂ 2009 ਤੱਕ ਸੰਸਦ ਮੈਂਬਰ ਰਹੇ ਸਨ।