ਪਾਤੜਾਂ, 17 ਜੁਲਾਈ (ਪੋਸਟ ਬਿਊਰੋ)- ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਬਹਿਰ ਜੱਛ ਵਿਖੇ ਆਜ਼ਾਦੀ ਦਿਨ ਮੌਕੇ ਇੱਕ ਨੌਜਵਾਨ ਨੂੰ ਕਿਰਚਾਂ ਮਾਰ ਕੇ ਮਾਰ ਦਿੱਤਾ ਗਿਆ ਹੈ। ਪੁਲਸ ਵੱਲੋਂ ਸੱਤ ਜਣਿਆਂ ਉੱਤੇ ਕੇਸ ਦਰਜ ਕੀਤਾ ਹੈ। ਮ੍ਰਿਤਕ ਦੇ ਪਰਵਾਰ ਤੇ ਪਿੰਡ ਵਾਸੀਆਂ ਨੇ ਕਾਤਲਾਂ ਦੀ ਗ਼੍ਰਿਫ਼ਤਾਰੀ ਲਈ ਸ਼ਹਿਰ ਦੇ ਭਗਤ ਸਿੰਘ ਚੌਕ ਵਿੱਚ ਲਾਸ਼ ਨੂੰ ਰੱਖ ਕੇ ਦਿੱਲੀ-ਸੰਗਰੂਰ ਕੌਮੀ ਮਾਰਗ ਜਾਮ ਕਰ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੱਸਿਆ ਕਿ ਅਸੀਂ ਆਪਣੇ ਘਰ ਕੰਮ ਕਰ ਰਹੇ ਸੀ, ਜਦੋਂ ਰਾਂਝਾ ਰਾਮ ਬਾਹਰੋਂ ਸਾਮਾਨ ਚੁੱਕਣ ਗਿਆ ਤਾਂ ਦੋਸ਼ੀਆਂ ਨੇ ਉਸ ਉੱਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਉਸ ਨੂੰ ਛੁਡਾਉਣ ਲਈ ਉਸ ਦਾ ਭਰਾ ਜੌਨੀ ਰਾਮ ਗਿਆ ਤਾਂ ਉਸ ਉੱਤੇ ਵੀ ਕਿਰਚ ਨਾਲ ਵਾਰ ਕਰ ਦਿੱਤਾ। ਰਾਂਝਾ ਰਾਮ (31) ਨੂੰ ਜਦੋਂ ਹਸਪਤਾਲ ਲਿਜਾ ਰਹੇ ਸੀ ਤਾਂ ਉਸ ਨੇ ਰਸਤੇ ਵਿੱਚ ਦਮ ਤੋੜ ਦਿੱਤਾ। ਪਿਛਲੀਆਂ ਪੰਚਾਇਤੀ ਚੋਣਾਂ ਸਮੇਂ ਮ੍ਰਿਤਕ ਦੀ ਮਾਂ ਨੇ ਦੋਸ਼ੀ ਸੰਜੀਵ ਕੁਮਾਰ ਦੀ ਪਤਨੀ ਖ਼ਿਲਾਫ਼ ਚੋਣ ਲੜੀ ਸੀ, ਜਿਨ੍ਹਾਂ ਦੀ ਓਦੋਂ ਤੋਂ ਰੰਜਸ਼ ਚੱਲਦੀ ਸੀ। ਪੁਲਸ ਨੇ ਦੋਸ਼ੀ ਰਿੰਕੂ ਰਾਮ ਪੁੱਤਰ ਰੁਲਦੂ ਰਾਮ, ਗੁਰਜੀਤ ਰਾਮ ਪੁੱਤਰ ਡੋਗਰ ਰਾਮ, ਡੋਗਰ ਰਾਮ ਪੁੱਤਰ ਜੋਗਿੰਦਰ ਰਾਮ, ਸੰਜੀਵ ਕੁਮਾਰ ਪੁੱਤਰ ਦਿਆਲਾ ਰਾਮ, ਰਵੀ ਰਾਮ ਪੁੱਤਰ ਬਲਵੀਰ, ਰਾਜ ਕੁਮਾਰ ਪੁੱਤਰ ਜੋਗਿੰਦਰ ਰਾਮ, ਹਰੀਸ਼ ਕੁਮਾਰ ਪੁੱਤਰ ਲੱਛਮਣ ਰਾਮ ਵਾਸੀ ਬਹਿਰ ਜੱਛ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦਾ ਕੇਸ ਦਰਜ ਕੀਤਾ ਹੈ। ਡੀ ਐਸ ਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਮੁੱਦਈ ਧਿਰ ਵਾਲੇ ਮਾਮਲੇ ਵਿੱਚ ਕੁਝ ਹੋਰ ਦੋਸ਼ੀਆਂ ਨੂੰ ਨਾਮਜ਼ਦ ਕਰਵਾਉਣਾ ਚਾਹੁੰਦੇ ਹਨ, ਜਿਸ ਵਾਸਤੇ ਲਿਖਾ-ਪੜ੍ਹੀ ਚੱਲ ਰਹੀ ਹੈ। ਦੋਸ਼ੀਆਂ ਵਿੱਚੋਂ ਇੱਕ ਵਿਅਕਤੀ ਦੀ ਗ਼੍ਰਿਫ਼ਤਾਰੀ ਹੋ ਚੁੱਕੀ ਹੈ।