ਮੋਗਾ, 17 ਅਗਸਤ (ਪੋਸਟ ਬਿਊਰੋ)- ਆਜ਼ਾਦੀ ਦਿਹਾੜੇ ਦੀ ਅਗੇਤੀ ਸ਼ਾਮ ਟਿਊਸ਼ਨ ਪੜ੍ਹ ਕੇ ਘਰ ਮੁੜੀ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਤਿੰਨ ਨੌਜਵਾਨ ਲੁਧਿਆਣਾ ਰੋਡ ਉੱਤੇ ਖੇਡ ਸਟੇਡੀਅਮ ਵਿੱਚ ਲੈ ਗਏ ਅਤੇ ਸੁੰਨਸਾਨ ਜਗ੍ਹਾ ਦਾ ਲਾਭ ਉਠਾ ਕੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਵਿਦਿਆਰਥਣ ਨੇ ਬਚਾਅ ਲਈ ਚੀਕਾਂ ਮਾਰੀਆਂ ਤਾਂ ਪਹਿਲਾਂ ਤਿੰਨਾਂ ਨੌਜਵਾਨਾਂ ਨੇ ਵਿਦਿਆਰਥਣ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਵਿਦਿਆਰਥਣ ਤਿੰਨਾਂ ਨਾਲ ਇਕੱਲੀ ਭਿੜ ਗਈ, ਤਾਂ ਉਸ ਦੇ ਮੂੰਹ ਉੱਤੇ ਇੱਟਾਂ ਨਾਲ ਵਾਰ ਕਰ ਕੇ ਕਰੀਬ 25 ਫੁੱਟ ਉਪਰੋਂ ਸਟੇਡੀਅਮ ਦੀਆਂ ਪੌੜੀਆਂ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਜਬਾੜਾ ਵੀ ਟੁੱਟ ਗਿਆ। ਮਥੁਰਾਦਾਸ ਸਿਵਲ ਹਸਪਤਾਲ ਤੋਂ ਵਿਦਿਆਰਥਣ ਦੀ ਹਾਲਤ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਡੀ ਐਮ ਸੀ ਰੈਫਰ ਕਰ ਦਿੱਤਾ ਗਿਆ ਹੈ।
ਹਸਪਤਾਲ ਦੇ ਐਮਰਜੈਂਸੀ ਵਾਰਡ ਵੱਲੋਂ ਪੁਲਸ ਨੂੰ ਸੂਚਿਤ ਕਰਨ ਤੋਂ 24 ਘੰਟੇ ਬਾਅਦ 15 ਅਗਸਤ ਨੂੰ ਪੁਲਸ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਦਾ ਫੋਨ ਪੀੜਤ ਲੜਕੀ ਦੇ ਪਿਤਾ ਨੂੰ ਗਿਆ ਸੀ, ਪਰ ਪੁਲਸ ਨੇ ਪੰਜਾਹ ਘੰਟੇ ਬੀਤ ਜਾਣਤੱਕ ਵੀ ਕਾਰਵਾਈ ਨਹੀਂ ਕੀਤੀ।ਮੀਡੀਆ ਨੂੰ ਪੰਜਾਹ ਘੰਟੇ ਬਾਅਦ ਵੀ ਸਟੇਡੀਅਮ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਪੱਕੇ ਫਰਸ਼ਉੱਤੇ ਖੂਨ ਦੇ ਛਿੱਟੇ ਪਏ ਮਿਲੇ, ਪਰ ਸ਼ਹਿਰ ਵਿੱਚ ਵਾਪਰੀ ਇਸ ਘਿਨੌਣੀ ਘਟਨਾ ਦੇ ਬਾਵਜੂਦ ਪੁਲਸ ਨੇ ਚੁਸਤੀ ਨਹੀਂ ਵਿਖਾਈ।ਮੁੱਖ ਦੋਸ਼ੀ ਸ਼ਹਿਰ ਦੇ ਇੱਕ ਵੱਡੇ ਜਿਊਲਰ ਦਾ ਪੁੱਤਰ ਦੱਸਿਆ ਜਾ ਰਿਹਾ ਹੈ।