* ਮੁਲਜ਼ਮਾਂ ਕੋਲੋਂ 66 ਏ ਟੀ ਐਮ ਕਾਰਡ ਅਤੇ ਸਵਾਈਪ ਮਸ਼ੀਨ ਮਿਲੀ
ਪਠਾਨਕੋਟ, 11 ਅਗਸਤ (ਪੋਸਟ ਬਿਊਰੋ)- ਏ ਟੀ ਐਮ ਕਾਰਡ ਦੀ ਅਦਲਾ-ਬਦਲੀ ਕਰ ਕੇ ਲੱਖਾਂ ਰੁਪਏ ਕਢਵਾਉਣ ਵਾਲੇ ਇੱਕ ਅੰਤਰਰਾਜੀ ਗੈਂਗ ਦੇ ਤਿੰਨ ਮੈਂਬਰਾਂ ਨੂੰਪਠਾਨਕੋਟ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਹਿਸਾਰ ਦੇ ਰਮੇਸ਼ ਕੁਮਾਰ, ਪ੍ਰਵੀਨ ਕੁਮਾਰ ਅਤੇ ਸਿਕੰਦਰ ਵਜੋਂ ਹੋਈ ਹੈ।
ਜ਼ਿਲ੍ਹਾ ਪੁਲਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਅੱਠ ਅਗਸਤ ਨੂੰ ਕਾਂਤਾ ਦੇਵੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੀ ਬੇਟੀ ਨਾਲ ਸਰਨਾ ਸਟੇਸ਼ਨ ਵਿਚਲੇ ਏ ਟੀ ਐਮ ਤੋਂ ਪੈਸੇ ਕੱਢਣ ਲੱਗੀ ਤਾਂ ਕੁਝ ਲੋਕਾਂ ਨੇ ਮਦਦ ਦਾ ਝਾਂਸਾ ਦੇ ਕੇ ਉਸ ਦਾ ਕਾਰਡ ਬਦਲ ਦਿੱਤਾ। ਏ ਟੀ ਐਮ ਤੋਂ ਬਾਹਰ ਆਉਣ ਪਿੱਛੋਂ ਉਸ ਦੀ ਬੇਟੀ ਨੇ ਦੇਖਿਆ ਕਿ ਕਾਰਡ ਉੱਤੇ ਕਿਸੇ ਰਜਨੀ ਦੇਵੀ ਦਾ ਨਾਂਅ ਲਿਖਿਆ ਹੈ। ਜਦੋਂ ਉਨ੍ਹਾਂ ਮੁੜ ਕੇ ਦੇਖਿਆ ਤਾਂ ਏ ਟੀ ਐਮ ਵਿਚਲੇ ਵਿਅਕਤੀ ਐਸ ਯੂ ਵੀ ਕਾਰ ਲੈ ਕੇ ਖਿਸਕ ਗਏ ਸਨ। ਕੁਝ ਸਮੇਂ ਪਿੱਛੋਂ ਉਸ ਦੀ ਬੇਟੀ ਦੇ ਮੋਬਾਈਲ ਉੱਤੇ 75 ਹਜ਼ਾਰ ਰੁਪਏ ਦਾ ਲੈਣ-ਦੇਣ ਕਰਨ ਅਤੇ ਏ ਟੀ ਐਮ ਰਾਹੀਂ 38 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਆ ਗਿਆ।ਐਸ ਐਸ ਪੀ ਖੱਖ ਨੇ ਦੱਸਿਆ ਕਿ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਸੀ ਆਈ ਏ ਸਟਾਫ ਪਠਾਨਕੋਟ ਤੇ ਥਾਣਾ ਸਦਰ ਪਠਾਨਕੋਟ ਦੀ ਸਾਂਝੀ ਟੀਮ ਨੇ ਕੋਟਲੀ ਨਹਿਰ ਉੱਤੇ ਆ ਰਹੀ ਸ਼ੱਕੀ ਮਾਰੂਤੀ ਐਸ ਯੂ ਵੀ ਕਾਰ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਕਾਰ ਸਵਾਰਾਂ ਕੋਲੋਂ 66 ਏ ਟੀ ਐਮ ਕਾਰਡ, ਇੱਕ ਸਵਾਈਪ ਮਸ਼ੀਨ ਅਤੇ 19 ਹਜ਼ਾਰ ਰੁਪਏ ਨਕਦੀ ਮਿਲੀ।