ਮਜੀਠਾ, 20 ਜੁਲਾਈ (ਪੋਸਟ ਬਿਊਰੋ)- ਏਥੋਂ ਸਿਰਫ ਸੱਤ-ਅੱਠ ਕਿਲੋਮੀਟਰ ਦੀ ਦੂਰ ਪਿੰਡ ਗਾਲੋਵਾਲੀ ਕੁਲੀਆਂ ਵਿਖੇ ਕੱਲ੍ਹ ਰਾਤ ਇੱਕ ਨੌਜਵਾਨ ਦਾ ਕਿਸੇ ਮਾਮੂਲੀ ਝਗੜੇ ਦੌਰਾਨ ਕਤਲ ਕਰ ਦਿੱਤਾ ਗਿਆ।
ਮਜੀਠਾ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਰਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਗਾਲੋਵਾਲੀ ਦਾ ਵਾਸੀ ਹੈ ਤੇ ਉਹ ਤਿੰਨ ਭਰਾ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਅੰਮ੍ਰਿਤਪਾਲ ਸਿੰਘ ਉਸ ਤੋਂ ਬਾਅਦ ਉਹ ਤੇ ਸਭ ਤੋਂ ਛੋਟਾ ਭਰਾ ਪਵਨਜੀਤ ਸਿੰਘ ਹੈ। ਬੀਤੀ ਰਾਤ ਪਿੰਡ ਵਿੱਚ ਕਰਣ ਪੁੱਤਰ ਸ਼ਿਵ ਕੁਮਾਰ ਦੀ ਲੜਕੀ ਦੇ ਜਨਮ ਦਿਨ ਦੀ ਪਾਰਟੀ ਸੀ ਤੇ ਵੱਡਾ ਭਰਾ ਅੰਮ੍ਰਿਤ ਪਾਲ ਉਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਰਾਤ ਨੌਂ ਵਜੇ ਉਨ੍ਹਾਂ ਦੇ ਪਿਤਾ ਹਰਜੀਤ ਸਿੰਘ, ਕਰਣਜੀਤ ਤੇ ਉਸ ਦਾ ਛੋਟਾ ਭਰਾ ਪਵਨਜੀਤ ਆਪਣੇ ਭਰਾ ਅੰਮ੍ਰਿਤਪਾਲ ਸਿੰਘ ਨੂੰਪਾਰਟੀ ਵਾਲੇ ਘਰ ਤੋਂ ਲੈਣ ਲਈ ਗਏ ਤਾਂ ਦੇਖਿਆ ਕਿ ਅਜੈ ਪੁੱਤਰ ਪ੍ਰਕਾਸ਼, ਸੂਰਜ ਪੁੱਤਰ ਰਾਮਪਾਲ, ਸੰਜੇ ਪੁੱਤਰ ਵਿਜੇਪਾਲ ਤੇ ਪਿੰਡ ਦਾ ਮੌਜੂਦਾ ਸਰਪੰਚ ਦੀਪਕ ਅੰਮ੍ਰਿਤਪਾਲ ਨਾਲ ਕਿਸੇ ਗੱਲੋਂ ਬਹਿਸ ਰਹੇ ਸਨ। ਜਦੋਂ ਉਨ੍ਹਾਂ ਨੇ ਇਨ੍ਹਾਂ ਨੂੰ ਰੋਕਿਆ ਤਾਂ ਮੌਜੂਦਾ ਸਰਪੰਚ ਦੀਪਕ ਨੇ ਲਲਕਾਰਾ ਮਾਰਦਿਆਂ ਕਿਹਾ ਕਿ ਸਾਡੇ ਨਾਲ ਬਹਿਸ ਦਾ ਅੱਜ ਨਤੀਜਾ ਦੱਸਾਂਗੇ।ਇਸ ਤੋਂ ਬਾਅਦ ਪਰਵਾਰ ਦੇ ਰੋਕਦੇ-ਰੋਕਦੇ ਹੀ ਅਜੈ ਅਤੇ ਸੂਰਜ ਨੇ ਪਵਨਜੀਤ ਨੂੰ ਬਾਹਾਂ ਤੋਂ ਫੜ ਲਿਆ ਤੇ ਸੰਜੇ ਨੇ ਦਾਤਰ ਨਾਲ ਵਾਰ ਕਰ ਕੇ ਉਸ ਨੂੰ ਲਹੂ ਲੁਹਾਨ ਕਰ ਦਿੱਤਾ ਤਾਂ ਉਹ ਜ਼ਮੀਨ ਉੱਤੇ ਡਿੱਗ ਪਿਆ। ਪਰਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਜੀਠਾ ਥਾਣਾ ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।