ਜਗਰਾਓਂ, 13 ਜੁਲਾਈ (ਪੋਸਟ ਬਿਊਰੋ)- ਨੇੜਲੇ ਪਿੰਡ ਲੱਖਾ ਵਿੱਚ ਪੁੱਤਰ ਵੱਲੋਂ ਆਪਣੇ ਪਿਤਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਥਾਣਾ ਹਠੂਰ ਦੀ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਲੱਖਾ ਦੇ ਨੌਜਵਾਨ ਦਵਿੰਦਰ ਸਿੰਘ ਉਰਫ ਮੰਗਾ ਨੇ ਪਿੰਡ ਦੇ ਸਰਪੰਚ ਤੇ ਹੋਰਨਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹ ਦੋ ਭਰਾ ਤੇ ਪੰਜ ਭੈਣਾਂ ਹਨ। ਉਸ ਦਾ ਛੋਟਾ ਭਰਾ ਕਰਮ ਸਿੰਘ ਉਰਫ ਨਿੱਕਾ ਸਾਰੇ ਪਰਵਾਰ ਨਾਲ ਹਮੇਸ਼ਾ ਝਗੜਦਾ ਰਹਿੰਦਾ ਸੀ। ਰਾਤ ਉਹ ਸਪੀਕਰ ਉੱਤੇ ਉਚੀ ਆਵਾਜ਼ ਵਿੱਚ ਗੀਤ ਸੁਣ ਰਿਹਾ ਸੀ। ਉਨ੍ਹਾਂ ਦੇ ਪਿਤਾ ਜਗਰੂਪ ਸਿੰਘ ਨੇ ਜਦੋਂ ਉਸ ਨੂੰ ਗੀਤ ਲਾਉਣ ਤੋਂ ਰੋਕਿਆ ਤਾਂ ਉਹ ਭੜਕ ਗਿਆ। ਇਸ ਦੌਰਾਨ ਕਰਮ ਸਿੰਘ ਘਰ ਵਿੱਚ ਪਿਆ ਘੋਟਣਾ ਚੁੱਕ ਕੇ ਉਸ ਦੇ ਪਿਤਾ ਦੇ ਪਿੱਛੇ ਭੱਜਿਆ ਅਤੇ ਗਲੀ ਵਿੱਚ ਉਸ (ਕਰਮ ਸਿੰਘ) ਦੇ ਸਿਰ ਵਿੱਚ ਘੋਟਣਾ ਮਾਰ ਕੇ ਉਸ ਨੂੰ ਹੇਠਾਂ ਸੁੱਟ ਲਿਆ। ਸਿਰ ਵਿੱਚ ਘੋਟਣੇ ਨਾਲ ਕਈ ਵਾਰ ਹੋਣ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਦਾ ਪਤਾ ਲੱਗਣ ਉੱਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਸਣੇ ਪਿੰਡ ਦੇ ਲੋਕ ਮੌਕੇ ਉੱਤੇ ਇਕੱਠੇ ਹੋ ਗਏ। ਇਸ ਦੌਰਾਨ ਸੂਚਨਾ ਮਿਲਣ ਉੱਤੇ ਪੁੱਜੀ ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਨ ਮਗਰੋਂ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।