ਪਟਿਆਲਾ, 27 ਜੂਨ (ਪੋਸਟ ਬਿਊਰੋ)- ਤਿ੍ਰਪੜੀ ਵਿਖੇ ਪੁਲਸ ਲਾਈਨ ਕੁਆਰਟਰਾਂ ਵਿੱਚ ਰਹਿੰਦੇ ਇੱਕ ਏ ਐਸ ਆਈ ਦਵਿੰਦਰ ਸਿੰਘ ਵੱਲੋਂ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰਨ ਪਿੱਛੋਂ ਖ਼ੁਦ ਵੀ ਆਤਮ-ਹੱਤਿਆ ਕਰ ਲੈਣ ਦਾ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਵੱਲੋਂ ਮਾਰੀ ਗੋਲੀ ਕਾਰਨ ਦਵਿੰਦਰ ਸਿੰਘ ਦੀ ਪਤਨੀ ਸੁਮਨ ਦੀ ਮੌਤ ਹੋ ਗਈ ਤਾਂ ਬਾਅਦ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਵਿੱਚ ਦਵਿੰਦਰ ਸਿੰਘ ਵੱਲੋਂ ਆਪਣੇ ਸਿਰ ਵਿੱਚ ਮਾਰੀ ਗੋਲੀ ਆਰ-ਪਾਰ ਹੋ ਗਈ ਤੇ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ।ਇਸ ਸਬੰਧੀ ਮ੍ਰਿਤਕਾ ਸੁਮਨ ਦੇ ਗੁਆਂਢੀ ਵਿਨੋਦ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ ਧਿਆਨਾ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ ਤੇ ਦੁਪਹਿਰੇ ਦੋ ਵਜੇ ਦੇ ਕਰੀਬ ਦਵਿੰਦਰ ਸਿੰਘ ਨੇ ਉਸ ਨੂੰ ਫ਼ੋਨ ਕੀਤਾ ਸੀ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ ਅਤੇ ਉਹ ਉਸ ਨੂੰ ਗੋਲੀ ਮਾਰ ਦੇਵੇਗਾ। ਵਿਨੋਦ ਕੁਮਾਰ ਅਨੁਸਾਰ ਫ਼ੋਨ ਸੁਣਨ ਮਗਰੋਂ ਜਦੋਂ ਉਹ ਦਵਿੰਦਰ ਸਿੰਘ ਦੇ ਕੁਆਰਟਰ ਪਹੁੰਚਿਆਂ ਤਾਂ ਉਸ ਦੀ ਪਤਨੀ ਸੁਮਨ ਦੀ ਲਾਸ਼ ਖ਼ੂਨ ਨਾਲ ਲਥਪਥ ਜ਼ਮੀਨ ਉੱਤੇ ਡਿੱਗੀ ਪਈ ਸੀ ਤੇ ਉਹ ਖ਼ੁਦ ਸਿਰ ਵਾਲੇ ਪਾਸਿਉਂ ਲਹੂ-ਲੁਹਾਨ ਦਰਦ ਨਾਲ ਤੜਪ ਰਿਹਾ ਸੀ ਕਿਉਂਕਿ ਉਸ ਨੇ ਖੁਦ ਨੂੰ ਸਿਰ ਵਿੱਚ ਗੋਲੀ ਮਾਰ ਲਈ ਸੀ ਜਿਹੜੀ ਉਸ ਦੇ ਸਿਰ ਤੋਂ ਆਰ-ਪਾਰ ਲੰਘ ਗਈ ਪਰ ਅਜੇ ਉਹ ਜਿਉਂਦਾ ਤੜਪ ਰਿਹਾ ਸੀ।ਵਿਨੋਦ ਕੁਮਾਰ ਅਨੁਸਾਰ ਇਸ ਦੀ ਜਾਣਕਾਰੀ ਥਾਣਾ ਤਿ੍ਰਪੜੀ ਦੀ ਪੁਲਸ ਨੂੰ ਦਿੱਤੀ ਤੇ ਜ਼ਖ਼ਮੀ ਦਵਿੰਦਰ ਨੂੰ ਪਟਿਆਲੇ ਦੇ ਰਾਜਿੰਦਰਾ ਹਸਪਤਾਲ ਭਰਤੀ ਕਰਵਾ ਦਿੱਤਾ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।