Welcome to Canadian Punjabi Post
Follow us on

25

September 2021
 
ਸੰਪਾਦਕੀ

ਅੰਗਰੇਜ਼ੀ ਭਾਸ਼ਾ ਦੀ ਕੀਮਤ ਉਤਾਰਦੇ ਅੰਤਰਰਾਸ਼ਟਰੀ ਵਿੱਦਿਆਰਥੀ

August 14, 2020 08:21 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ ਕਮਿਉਨਿਟੀ ਲਈ ਥੋੜੀ ਬਹੁਤੀ ਸੁਹਿਰਦਤਾ ਨਾਲ ਕੰਮ ਕਰਨ ਵਾਲੇ ਇੱਕ ਪ੍ਰੋਫੈਸ਼ਨਲ ਨੇ ਬਰੈਂਪਟਨ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀਆਂ ਲਈ ਇੱਕ ਆਨਲਾਈਨ ਸੈਸ਼ਨ ਕੀਤਾ। ਸੈਸ਼ਨ ਦਾ ਮਨੋਰਥ ਵਿੱਦਿਆਰਥੀਆਂ ਨੂੰ ਸਮਝਾਉਣਾ ਸੀ ਕਿ ਕੈਨੇਡੀਅਨ ਐਜੁਕੇਸ਼ਨ (ਵਿੱਦਿਆ) ਹਾਸਲ ਕਰਨ ਤੋਂ ਬਾਅਦ ਉਹ ਪਰਮਾਨੈਂਟ ਰੈਜ਼ੀਡੈਂਟ ਬਣਨ ਦਾ ਟੀਚਾ ਕਿਵੇਂ ਪੂਰਾ ਕਰ ਸਕਦੇ ਹਨ। ਇਸ ਸੈਸ਼ਨ ਵਿੱਚ ਇੱਕੋ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਕੈਨੇਡਾ ਵਿੱਚ ਪੱਕੇ ਹੋਣ ਤੋਂ ਇਲਾਵਾ ਜੀਵਨ ਭਰ ਚੰਗਾ ਪ੍ਰੋਫੈਸ਼ਨਲ ਕੈਰੀਅਰ ਬਣਾਉਣ ਵਿੱਚ ਅੰਗਰੇਜ਼ੀ ਦੀ ਕਿੰਨੀ ਅਹਿਮ ਭੂਮਿਕਾ ਹੈ। ਆਖਰ ਨੂੰ ਕੈਨੇਡਾ ਇੱਕ ਅੰਗਰੇਜ਼ੀ ਪ੍ਰਧਾਨ ਮੁਲਕ ਹੈ। ਉਪਰੋਕਤ ਸੈਸ਼ਨ ਵਿੱਚ 23 ਵਿੱਦਿਆਰਥੀਆਂ ਨੇ ਹਿੱਸਾ ਲਿਆ ਸੀ। ਹੈਰਾਨੀ ਦੀ ਗੱਲ ਕਿ ਸੈਸ਼ਨ ਤੋਂ ਬਾਅਦ ਬਹੁ ਗਿਣਤੀੇ ਵਿੱਦਿਆਰਥੀਆਂ ਨੇ ਫੋਨ ਕਰਕੇ ਪੁੱਛਿਆ ਕਿ ਕੀ ਤੁਸੀਂ ਐਲ ਐਮ ਆਈ ਏ (LMIA) ਅਤੇ NOC Bਵਿੱਚ ਜੌਬ ਦੁਆਉਣ ਵਿੱਚ ਮਦਦ ਕਰ ਸਕਦੇ ਹੋ? ਜੇ ਹਾਂ ਤਾਂ ਕਿੰਨੇ ਡਾਲਰ ਲੱਗਣਗੇ। ਮਜ਼ੇਦਾਰ ਗੱਲ ਇਹ ਕਿ ਸਾਰਿਆਂ ਨੂੰ ਸਮਝ ਸੀ ਕਿ ਇਹ ਦੋਵੇਂ ਕਿਸਮ ਦੇ ਕੰਮ ਕਰਵਾਉਣ ਬਦਲੇ ਅੱਛੀ ਖਾਸੀ ਰਕਮ ਦੇਣੀ ਪੈਂਦੀ ਹੈ।

ਪਹਿਲਾਂ ਅੰਗਰੇਜ਼ੀ ਦੀ ਗੱਲ ਕਰਦੇ ਹਾਂ। ਕੈਨੇਡੀਅਨ ਇੰਮੀਗਰੇਸ਼ਨ ਸਿਸਟਮ ਦੀ ਥੋੜੀ ਬਹੁਤੀ ਸਮਝ ਰੱਖਣ ਵਾਲਿਆਂ ਨੇ ਇੱਕ ਮੋਟਾ ਠੁੱਲਾ ਪੜਚੋਲ ਕੱਢਿਆ ਹੈ। ਫਰਜ਼ ਕਰੋ ਕਿ ਇੱਕ 25 26 ਸਾਲ ਦਾ ਵਿੱਦਿਆਰਥੀ ਭਾਰਤ ਵਿੱਚੋਂ ਐਮ ਐਸ ਸੀ ਜਾਂ ਐਮ ਕਾਮ ਆਦਿ 16 ਸਾਲ ਪੜਾਈ ਕਰਕੇ ਆਵੇ, ਕੈਨੇਡਾ ਵਿੱਚ ਇੱਕ ਸਾਲ ਜਾਂ ਦੋ ਸਾਲ ਡਿਪਲੋਮਾ ਕਰੇ ਅਤੇ ਦੋ ਸਾਲ NOC Bਜੌਬ ਵਿੱਚ ਅਨੁਭਵ ਕਰੇ ਪਰ ਉਸਦੇ ਅੰਗਰੇਜ਼ੀ ਦੇ ਟੈਸਟ IELTS ਵਿੱਚ ਬੋਲਣ, ਲਿਖਣ, ਸੁਣਨ ਅਤੇ ਪੜਨ ਵਿੱਚ 6.5 ਬੈਂਡ ਆਉਣ। ਇਸ ਵਿੱਦਿਆਰਥੀ ਨੂੰ ਪਰਮਾਮੈਂਟ ਰੈਜ਼ੀਡੈਂਟ ਬਣਨ ਲਈ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ 449 ਪੁਆਇੰਟ ਮਿਲਣਗੇ। ਇਸਦੇ ਉਲਟ ਇਸੇ ਉਮਰ ਦਾ ਕੋਈ ਹੋਰ ਵਿੱਦਿਆਰਥੀ ਸਿਰਫ਼ ਗਰੇਡ 12 ਤੋਂ ਬਾਅਦ ਕੈਨੇਡਾ ਆਉਂਦਾ ਹੈ। ਇਹ ਵਿੱਦਿਆਰਥੀ ਵੀ ਇੱਕ ਜਾਂ ਦੋ ਸਾਲ ਦੇ ਕੈਨੇਡੀਅਨ ਡਿਪਲੋਮੇ ਤੋਂ ਬਾਅਦ ਦੋ ਸਾਲ NOC B ਜੌਬ ਵਿੱਚ ਅਨੁਭਵ ਪ੍ਰਾਪਤ ਕਰਦਾ ਹੈ। ਜੇ ਇਸ ਵਿੱਦਿਆਰਥੀ ਦੇ ਅੰਗਰੇਜ਼ੀ ਸੁਣਨ ਵਿੱਚ 8 ਅਤੇ ਲਿਖਣ, ਪੜਨ ਅਤੇ ਬੋਲਣ ਵਿੱਚ 7 ਬੈਂਡ ਆਉਂਦੇ ਹਨ ਤਾਂ ਇਸਦੇ 442 ਪੁਆਇੰਟ ਬਣਨਗੇ। ਅਰਥ ਇਹ ਕਿ ਚੰਗੀ ਅੰਗਰੇਜ਼ੀ ਜਾਨਣ ਵਾਲਾ 12ਵੀਂ ਪਾਸ ਵਿੱਦਿਆਰਥੀ ਭਾਰਤ ਵਿੱਚ 6 ਸਾਲ ਪੜਾਈ ਲੇਖੇ ਲਾ ਕੇ ਐਮ ਏ ਕਰਨ ਵਾਲੇ ਦੇ ਨੇੜੇ ਤੇੜੇ ਪੁੱਜ ਜਾਂਦਾ ਹੈ।

ਉਪੋਰਕਤ ਮਿਸਾਲਾਂ ਕਿਸੇ ਕਿਸਮ ਦੀ ਇੰਮੀਗਰੇਸ਼ਨ ਦੀ ਸਲਾਹ ਦੇਣ ਲਈ ਨਹੀਂ ਸਗੋਂ ਤੁਲਨਾ ਕਰਨ ਵਾਸਤੇ ਹਨ ਕਿ ਕਿਵੇਂ ਅੰਗਰੇਜ਼ੀ ਨਾ ਜਾਨਣ ਵਾਲੇ ਕੈਨੇਡਾ ਆ ਕੇ ਪੜ ਰਹੇ ਵਿੱਦਿਆਰਥੀ ਆਪਣੇ ਜੀਵਨ ਦਾ ਅਣਮੁੱਲਾ ਸਮਾਂ ਖਰਾਬ ਕਰਦੇ ਹਨ। ਇਸ ਪੁਆਇੰਟ ਤੋਂ ਆਰੰਭ ਹੋ ਜਾਂਦੀ ਹੈ ਅਨੇਕਾਂ ਵਿੱਦਿਆਰਥੀਆਂ ਦੀ ਉਹ ਜੀਵਨ ਯਾਤਰਾ ਜਿਸਦੀ ਪਿੱਛੇ ਪੰਜਾਬ ਬੈਠੇ ਮਾਪਿਆਂ, ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਨੂੰ ਸਮਝ ਤੱਕ ਨਹੀਂ ਹੁੰਦੀ।

LMIA 35 ਤੋਂ 40 ਹਜ਼ਾਰ ਡਾਲਰ ਤੱਕ ਵਿਕਦੀ ਹੈ। ਇਸਨੂੰ ਖਰੀਦਣ ਵੱਲ ਜਾਂਦੀ ਮੰਡੀ ਦਾ ਪਹਿਲਾ ਦਰਵਾਜ਼ਾ ਅੰਗਰੇਜ਼ੀ ਦੀ ਘਾਟ ਅਤੇ ਸਹੀ ਜੌਬ ਨਾ ਹਾਸਲ ਕਰ ਸੱਕਣ ਦੀ ਮਜ਼ਬੂਰੀ ਵਿੱਚੋਂ ਖੁੱਲਦਾ ਹੈ। ਫੇਰ ਸ਼ੁਰੂ ਹੋ ਜਾਂਦਾ ਹੈ ਅਨੇਕਾਂ ਅੱਲੜ ਉਮਰ ਦੀਆਂ ਪੰਜਾਬਣ ਕੁੜੀਆਂ ਦਾ ਪ੍ਰੌੜ ਉਮਰ ਦੇ ਪੰਜਾਬੀ ਵਿਉਪਾਰੀਆਂ ਹੱਥੋਂ ਸੋਸ਼ਣ, ਸਰੀਰਕ ਅਤੇ ਮਾਨਸਿਕ ਦੋਵੇਂ। ਕੈਨੇਡੀਅਨ ਸ਼ਹਿਰਾਂ ਦੇ ਸ਼ਾਪਿੰਗ ਮਾਲਾਂ ਵਿੱਚ ਤੁਰੇ ਜਾਂਦੇ ਕੁੜੀਆਂ ਨੂੰ ਜੌਬ ਦੇਣ ਦੀ ਆਫਰ ਦੇ ਬਹਾਨੇ ਦੂਰ ਦੁਰਾਡੇ ਬੁਲਾਉਣਾ ਕੋਈ ਅਨੋਭੜ ਗੱਲ ਨਹੀਂ ਹੈ। ਜਿਹੜੀਆਂ ਲੜਕੀਆਂ ਅਜਿਹਾ ਕਰਨ ਨੂੰ ਤਰਜੀਹ ਨਹੀਂ ਦੇਂਦੀਆਂ, ਉਹਨਾਂ ਨੂੰ ਮੁੰਡਿਆਂ ਵਾਗੂੰ ਘੱਟੋ ਘੱਟ ਤਨਖਾਹ ਉੱਤੇ ਪਸ਼ੂਆਂ ਵਾਗੂੰ ਦਿਨ ਵਿੱਚ 14 ਤੋਂ 16 ਘੰਟੇ ਕੰਮ ਕਰਨਾ ਪੈਂਦਾ ਹੈ। ਪੱਲੇ ਪੈਂਦੀ ਹੈ ਘੱਟੋ ਘੱਟ ਤਨਖਾਹ ਤੋਂ ਵੀ ਘੱਟ ਉਜਰਤ।

ਫੀਸਾਂ ਭਰਨ, LMIA ਵਰਗੇ ਖਰਚੇ ਪੂਰੇ ਕਰਨ ਲਈ ਕੈਨੇਡੀਅਨ ਸ਼ਹਿਰਾਂ ਦੇ ਕਈ ਨਾਮਵਰ ਇੰਟਰਸੈਕਸ਼ਨਾਂ ਉੱਤੇ ਜਿਸਮਫਰੋਸ਼ੀ ਲਈ ਖੜੇ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਰਹੀ ਹੈ। ਇੱਕ ਪੂਰੀ ਦੀ ਪੂਰੀ ਪੀੜ੍ਹੀ (generation) ਸਹੀ ਵਿੱਦਿਆ ਅਤੇ ਚੰਗੇਰੇ ਇਖਲਾਕੀ ਗੁਣਾਂ ਨੂੰ ਤਿਆਗਣ ਲਈ ਮਜ਼ਬੂਰ ਹੋ ਰਹੀ ਹੈ। ਜੋ ਪੰਜਾਬੀ ਸੁਭਾਅ ਇਖਲਾਕ ਬਦਲੇ ਮਰਨ ਮਿਟਣ ਦੀ ਮੱਸ ਲਈ ਜਾਣਿਆ ਜਾਂਦਾ ਸੀ, ਉਸ ਸੁਭਾਅ ਬਜ਼ਾਰੂ ਬਿਰਤੀ ਨੂੰ ਆਮ ਵੇਖਿਆ ਜਾ ਸਕਦਾ ਹੈ। ਟੋਰਾਂਟੋ ਤੋਂ ਲੈ ਕੇ ਪਿੰਸ ਐਡਵਾਰਡ ਆਈਲੈਂਡ ਤੋਂ ਮੈਨੀਟੋਬਾ ਤੋਂ ਬੀ ਸੀ ਤੱਕ ਜੌਬਾਂ ਕਿਵੇਂ ਵਿਕਦੀਆਂ ਹਨ, ਇਸ ਵਾਸਤੇ ਕਿਸੇ ਪੀ ਐਚ ਡੀ ਤੋਂ ਰੀਸਰਚ ਕਰਵਾਉਣ ਦੀ ਲੋੜ ਨਹੀਂ। ਬੱਸ ਦੋ ਚਾਰ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਭਰੋਸੇ ਵਿੱਚ ਲੈ ਕੇ ਗੱਲ ਕਰਨਾ ਹੀ ਕਾਫੀ ਹੈ। ਅੰਗਰੇਜ਼ੀ ਭਾਸ਼ਾ ਦੇ ਸ਼ਬਦ cannibalism ਦਾ ਅਰਥ ਹੈ ਮਨੁੱਖੀ ਮਾਸ ਨੂੰ ਖਾਣਾ। ਇਹ ਵਰਤਾਰਾ ਸਾਡੇ ਇਰਦ ਗਿਰਦ ਹੀ ਵਾਪਰ ਰਿਹਾ ਹੈ।

ਸੁਆਲ ਹੈ ਕਿ ਕੀ ਹਰ ਬੱਚੇ ਦਾ ਕੈਨੇਡੀਅਨ ਵਿੱਦਿਆ ਹਾਸਲ ਕਰਨ ਦਾ ਹੱਕ ਨਹੀਂ ਹੋਣ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਹੈ ਪਰ ਇਸਦੇ ਯੋਗ ਬਣ ਕੇ। ਇਸ ਯੋਗਤਾ ਵਿੱਚ ਭਾਸ਼ਾ ਦਾ ਸਹੀ ਗਿਆਨ, ਭੱਵਿਖ ਬਾਰੇ ਸਹੀ ਜਾਣਕਾਰੀ ਰੱਖਣੀ, ਨਿਪੁੰਨਤਾ ਵੱਲ ਧਿਆਨ ਦੇਣਾ ਅਤੇ ਸਵੈ ਵਿਸ਼ਵਾਸ਼ ਨੂੰ ਹਰ ਹਾਲ ਵਿੱਚ ਕਾਇਮ ਰੱਖਣਾ ਸ਼ਾਮਲ ਹੈ। ਸਵੈ ਦੇ ਸਨਮਾਨ ਨਾਲ ਕੋਈ ਸਮਝੌਤਾ ਕਰਨ ਨਾਲੋਂ ਵਾਪਸ ਚਲੇ ਜਾਣਾ ਜਾਂ ਕਾਨੂੰਨ ਦੀ ਸਹਾਇਤਾ ਲੈ ਕੇ ਅੱਗੇ ਵੱਧਣਾ ਸਹੀ ਮੰਨਣਾ ਚਾਹੀਦਾ ਹੈ। ਵਿੱਦਿਆ ਦਾ ਮਨੋਰਥ ਮਹਿਜ਼ ਡਿਗਰੀ ਡਿਪਲੋਮਾ ਲੈ ਕੇ ਕੈਨੇਡਾ ਦਾ ਨਿਵਾਸੀ ਬਨਣਾ ਨਹੀਂ ਸਗੋਂ ਮਨੁੱਖੀ ਆਸ ਅਤੇ ਵਿਕਾਸ ਨੂੰ ਖੰਭ ਲਾਉਣਾ ਹੁੰਦਾ ਹੈ। ਜੋ ਜਵਾਨੀ ਵਿੱਦਿਆ ਪ੍ਰਾਪਤੀ ਦੇ ਦਿਨਾਂ ਵਿੱਚ ਗੁਲਾਮੀ ਦਾ ਅਹਿਸਾਸ ਹੰਢਾਵੇਗੀ, ਉਹ ਕਿਹੋ ਕਿਹਾ ਸਮਾਜ ਸਿਰਜੇਗੀ, ਇਸਦਾ ਚਿੰਤਨ ਕਰਨਾ ਸਾਰਿਆਂ ਦਾ ਫਰਜ਼ ਹੈ।

 
Have something to say? Post your comment