ਮੋਹਾਲੀ, 12 ਮਾਰਚ (ਪੋਸਟ ਬਿਊਰੋ): ਸੋਹਾਣਾ ਆਈ ਹਸਪਤਾਲ, ਸੈਕਟਰ 78 ਵੱਲੋਂ ਗਲੌਕੋਮਾ ਜਾਗਰੂਕਤਾ ਹਫ਼ਤੇ ਮਨਾਉਂਦੇ ਹੋਏ ਇਕ ਹਿੱਸੇ ਵਜੋਂ ਇੱਕ ਵਾਕਾਥਨ ਦਾ ਆਯੋਜਨ ਕੀਤਾ। ਇਸ ਈਵੈਂਟ ਵਿਚ ਸਿਹਤ ਸੇਵਾ ਪੇਸ਼ਾਵਰਾਂ, ਵਿਦਿਆਰਥੀਆਂ, ਪਰਿਵਾਰਾਂ ਅਤੇ ਹਸਪਤਾਲ ਦੇ ਸਟਾਫ਼ ਮੈਂਬਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ।ਵਾਕਾਥਨ ਦੀ ਸ਼ੁਰੂਆਤ ਸ਼ਾਮ 5:00 ਵਜੇ ਸੋਹਾਣਾ ਹਸਪਤਾਲ ਦੇ ਆਈ ਵਿੰਗ ਐਂਟਰੈਂਸ ਤੋਂ ਹੋਈ ਅਤੇ ਇੱਕ ਨਿਰਧਾਰਿਤ ਰੂਟ ਨੂੰ ਕਵਰ ਕੀਤਾ ਗਿਆ। ਇਸ ਵਾਕਥਨ ਵਿਚ ਹਿੱਸਾ ਲੈਣ ਵਾਲਿਆਂ ਨੇ ਹੱਥਾਂ ਵਿਚ ਬੈਨਰ ਫੜ ਕੇ ਗਲੌਕੋਮਾ ਦੀ ਸ਼ੁਰੂਆਤੀ ਪਛਾਣ ਅਤੇ ਰੋਕਥਾਮ ਬਾਰੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਅਤੇ ਨੇਤਰ ਮਾਹਿਰਾਂ ਨੇ ਵਾਕ ਦੀ ਅਗਵਾਈ ਕਰਦੇ ਹੋਏ ਵਾਕਥਾਨ ਦੌਰਾਨ ਗਲੌਕੋਮਾ ਦੇ ਖ਼ਤਰਿਆਂ, ਲੱਛਣਾਂ ਅਤੇ ਨਿਯਮਿਤ ਅੱਖਾਂ ਦੀ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਗਲੌਕੋਮਾ ਦੁਨੀਆ ਭਰ ਵਿਚ ਅੰਨ੍ਹੇਪਨ ਦੇ ਮੁੱਖ ਕਾਰਨਾਂ ਵਿਚੋਂ ਇੱਕ ਹੈ, ਪਰ ਲੱਖਾਂ ਲੋਕ ਇਸ ਤੋਂ ਅਣਜਾਣ ਹਨ ਕਿਉਂਕਿ ਇਸ ਦੇ ਸ਼ੁਰੂਆਤੀ ਲੱਛਣ ਸਪਸ਼ਟ ਨਹੀਂ ਹੁੰਦੇ। ਇਹ ਈਵੈਂਟ ਲੋਕਾਂ ਲਈ ਇੱਕ ਜਾਗਰੂਕਤਾ ਦਾ ਸੰਦੇਸ਼ ਸੀ, ਜਿਸ ਵਿਚ ਉਨ੍ਹਾਂ ਨੂੰ ਆਪਣੀ ਦਿ੍ਰਸ਼ਟੀ ਸਿਹਤ ਨੂੰ ਤਰਜੀਹ ਦੇਣ ਅਤੇ ਆਪਣੇ ਪਰਿਵਾਰ ਨੂੰ ਨਿਯਮਿਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ’ਤੇ ਸੋਹਾਣਾ ਹਸਪਤਾਲ ਦੀ ਸੀਨੀਅਰ ਕੈਟਰੈਕਟ ਅਤੇ ਰਿਫ੍ਰੈਕਟਿਵ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਗਲੌਕੋਮਾ ਅਤੇ ਇਸ ਦੀ ਰੋਕਥਾਮ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਭ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਹਣਾ ਕਰਦੇ ਹੋਏ ਕਿਹਾ ਕਿ ਇਸ ਉਪਰਾਲੇ ਨੇ ਨਾਗਰਿਕਾਂ ਨੂੰ ਆਪਣੀ ਦਿ੍ਰਸ਼ਟੀ ਦੀ ਸਿਹਤ ਬਾਰੇ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਆਪਣੇ ਸਮੁਦਾਇ ਵਿਚ ਜਾਗਰੂਕਤਾ ਫੈਲਾਉਣ ਦਾ ਵਾਅਦਾ ਕੀਤਾ।