-ਕੈਂਪਾਂ ਵਿੱਚ ਆਈ.ਆਈ.ਟੀ.-ਜੇ.ਈ.ਈ. ਅਤੇ ਐਨ.ਈ.ਈ.ਟੀ. ਦੀ ਮੁਕੰਮਲ ਸਿਖਲਾਈ ਦੇ ਕੇ ਵਿਦਿਆਰਥੀਆਂ ਨੂੰ ਬਣਾਇਆ ਜਾ ਰਿਹਾ ਹੈ ਸਮਰੱਥ
-ਵਿਦਿਆਰਥੀ ਦੀ ਸਫ਼ਲਤਾ ਲਈ ਮਾਪੇ ਅਤੇ ਸਿੱਖਿਅਕ ਹੋਏ ਇਕਜੁੱਟ
ਚੰਡੀਗੜ੍ਹ, 17 ਦਸੰਬਰ (ਪੋਸਟ ਬਿਊਰੋ): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਅਕਾਦਮਿਕ ਕੋਚਿੰਗ ਫ਼ਾਰ ਐਕਸੀਲੈਂਸ (ਪੇਸ) ਤਹਿਤ ਮੋਹਾਲੀ, ਜਲੰਧਰ ਅਤੇ ਬਠਿੰਡਾ ਦੇ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲਾਂ ਵਿੱਚ ਇੱਕ ਅਹਿਮ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਦੀ ਸ਼ੁਰੂਆਤ ਕੀਤੀ ਹੈ। ਇਹ ਕੈਂਪ 11ਵੀਂ ਅਤੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ’ਤੇ ਕੇਂਦ੍ਰਿਤ ਹੈ ਜੋ ਆਈ.ਆਈ.ਟੀ.-ਜੇ.ਈ.ਈ. ਅਤੇ ਐਨ.ਈ.ਈ.ਟੀ. ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ ਚਾਹਵਾਨ ਹਨ। ਸਕੂਲਜ਼ ਆਫ਼ ਐਮੀਨੈਂਸ (ਐਸਓਈ) ਦੇ ਕੁੱਲ 1200 ਵਿਦਿਆਰਥੀਆਂ ਨੂੰ ਇਨ੍ਹਾਂ ਕੈਂਪਾਂ ਰਾਹੀਂ ਕੋਚਿੰਗ ਅਤੇ ਸਹਾਇਤਾ ਪ੍ਰਦਾਨ ਕਰਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਪੇਸ਼ੇਵਰ ਮੁਕਾਬਲਾ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੇ ਸਫ਼ਲ ਹੋਣ ਦੀ ਸੰਭਾਵਨਾ ਹੋਰ ਵਧੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਰੈਜ਼ੀਡੈਂਸ਼ੀਅਲ ਸਕੂਲ ਫ਼ਾਰ ਮੈਰੀਟੋਰੀਅਸ ਸਟੂਡੈਂਟਸ (ਆਰ.ਐੱਸ.ਐੱਮ.ਐੱਸ.) ਮੋਹਾਲੀ, ਜਲੰਧਰ ਅਤੇ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਮਹੀਨਾ ਭਰ ਚੱਲਣ ਵਾਲਾ ਸਰਦ ਰੁੱਤ ਕੈਂਪ ਨਿਯਮਤ ਪੇਸ ਕਲਾਸਾਂ ਤੋਂ ਇਲਾਵਾ ਕੋਚਿੰਗ ਅਤੇ ਸਰੋਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਪਹਿਲਕਦਮੀ ਅਕਾਦਮਿਕ ਉੱਤਮਤਾ ਅਤੇ ਅਜੋਕੇ ਮੁਕਾਬਲੇ ਦੇ ਦੌਰ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਪੰਜਾਬ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ ਕਿ ਕੈਂਪ ਦੀ ਗੁਣਵੱਤਾ ਭਰੋਸੇਯੋਗਤਾ ਅਤੇ ਭਾਈਚਾਰਕ ਸ਼ਮੂਲੀਅਤ ਦੇ ਹਿੱਸੇ ਵਜੋਂ, ਸਾਰੇ ਜ਼ਿਲ੍ਹਿਆਂ ਦੇ ਉੱਘੇ ਸਕੂਲਾਂ ਦੀਆਂ ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਦੇ ਮੈਂਬਰਾਂ ਅਤੇ ਮਾਪਿਆਂ ਨੂੰ ਕੈਂਪ ਦੀਆਂ ਸਹੂਲਤਾਂ ਅਤੇ ਸੰਚਾਲਨ ਦਾ ਨਿਰੀਖਣ ਕਰਨ ਲਈ ਸੱਦਾ ਦਿੱਤਾ ਗਿਆ ਸੀ। ਕੈਂਪ ਦਾ ਨਿਰੀਖਣ ਕਰਨ ਲਈ ਪਰਮਜੀਤ ਸਿੰਘ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਬਲਵਿੰਦਰ ਕੌਰ, ਸਹਾਇਕ ਡਾਇਰੈਕਟਰ ਐਸ.ਓ.ਈ ਨੇ ਦੌਰਾ ਕੀਤਾ ਅਤੇ ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਅਤੇ ਆਰ.ਐਸ.ਐਮ.ਐਸ ਸਕੂਲ ਦੀ ਪ੍ਰਿੰਸੀਪਲ ਰੀਤੂ ਸ਼ਰਮਾ ਨੇ ਮਾਪਿਆਂ ਨੂੰ ਸੰਬੋਧਨ ਕੀਤਾ, ਉਨ੍ਹਾਂ ਨੂੰ ਸਕੂਲ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਫੇਰੀ ਵਿੱਚ ਤਿੰਨ ਮੁੱਖ ਗਤੀਵਿਧੀਆਂ ਵਿੱਚ ਕਲਾਸਰੂਮ ਨਿਰੀਖਣ, ਸਕੂਲ ਦੇ ਦੌਰੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਸ਼ਾਮਲ ਹਨ। ਕਲਾਸਰੂਮ ਨਿਰੀਖਣ ਦੇ ਦੌਰਾਨ, ਮਾਪਿਆਂ ਨੇ ਕਲਾਸਰੂਮ ਦੇ ਅਧਿਆਪਨ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਬੜੀ ਗਹੁ ਨਾਲ ਵੇਖਿਆ। ਇਸ ਦੌਰਾਨ ਐਸ.ਐਮ.ਸੀ. ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਅਤੇ ਕਈਆਂ ਨੇ ਇਸ ਮਹੱਤਵਪੂਰਨ ਦਿਨ ’ਤੇ ਅਧਿਆਪਕਾਂ ਦੇ ਨਾਲ ਖਲੋ ਕੇ ਵੱਖ-ਵੱਖ ਢੰਗਾਂ ਨਾਲ ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਸਕੂਲ ਦੀ ਫੇਰੀ ਦੌਰਾਨ, ਐਸਐਮਸੀ ਮੈਂਬਰਾਂ ਨੇ ਖਾਣੇ ਤਿਆਰ ਕਰਨ ਵਾਲੇ ਖੇਤਰ ਦੀ ਸਫਾਈ ਅਤੇ ਬੰਦੋਬਸਤ, ਹੋਸਟਲ ਦੀਆਂ ਸਥਿਤੀਆਂ ਅਤੇ ਸੁਰੱਖਿਆ ਪ੍ਰੋਟੋਕੋਲ ਸਮੇਤ ਵੱਖ-ਵੱਖ ਪ੍ਰਬੰਧਾਂ ਨੂੰ ਦੇਖਿਆ। ਉਨ੍ਹਾਂ ਨੇ ਵਾਰਡਨਾਂ ਤੋਂ ਵਿਦਿਆਰਥੀਆਂ ਦੇ ਰੁਟੀਨ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹੋਸਟਲ ਦੀਆਂ ਸਹੂਲਤਾਂ ਦੀ ਸਮੁੱਚੀ ਸਫਾਈ ਅਤੇ ਰੱਖ-ਰਖਾਅ ਦਾ ਜਾਇਜ਼ਾ ਲਿਆ। ਮਾਪਿਆਂ ਨੇ ਡਿਊਟੀ ’ਤੇ ਮੌਜੂਦ ਮੈਡੀਕਲ ਟੀਮ ਨਾਲ ਗੱਲਬਾਤ ਕਰਨ ਲਈ ਮੈਡੀਕਲ ਰੂਮ ਦਾ ਦੌਰਾ ਵੀ ਕੀਤਾ।
ਮਾਪਿਆਂ ਨੂੰ ਬਰੇਕ ਦੌਰਾਨ ਵਿਦਿਆਰਥੀਆਂ ਨਾਲ ਹਮ-ਕਲਾਮ ਹੋਣ ਦਾ ਮੌਕਾ ਵੀ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੀ ਤੰਦਰੁਸਤੀ ਦਾ ਪਤਾ ਲੈ ਸਕਣ ਅਤੇ ਉਨ੍ਹਾਂ ਦੇ ਨਿਸ਼ਚਿਤ ਟੀਚਿਆਂ ਬਾਰੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਹ ਗੱਲਬਾਤ ਵਿਦਿਆਰਥੀਆਂ ਦੇ ਤਜ਼ਰਬਿਆਂ ਅਤੇ ਕੈਂਪ ਦੇ ਉਨ੍ਹਾਂ ਦੇ ਅਕਾਦਮਿਕ ਅਤੇ ਨਿੱਜੀ ਵਿਕਾਸ ’ਤੇ ਪ੍ਰਭਾਵ ਬਾਰੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਦੀ ਹੈ।
ਕੈਂਪ ਦਾ ਦੌਰਾ ਕਰਨ ਵਾਲੇ ਫੇਜ਼-3ਬੀ1 ਦੇ ਮਿਉਂਸਪਲ ਕੌਂਸਲਰ ਸ੍ਰੀ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ, “ਮੈਂ ਫਿਜ਼ਿਕਸ ਵਾਲਾ’’ ਵਰਗੀਆਂ ਨਾਮਵਰ ਸੰਸਥਾਵਾਂ ਤੋਂ ਦਾਖਲਾ ਪ੍ਰੀਖਿਆਵਾਂ ਲਈ ਮਿਆਰੀ ਕੋਚਿੰਗ ਪ੍ਰਦਾਨ ਕਰਕੇ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸੂਬਾ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਾ ਹਾਂ। ਅਜਿਹੀਆਂ ਪਹਿਲਕਦਮੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਨੂੰ ਯਕੀਲੀ ਬਣਾਇਆ ਜਾ ਸਕੇ।
ਇੱਕ ਮਾਪੇ ਨੇ ਕਿਹਾ, ‘‘ਕੈਂਪ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਤਿਆਰ ਕਰਨ ਦਾ ਇੱਕ ਵਧੀਆ ਮੌਕਾ ਹੈ। ਅਧਿਆਪਕ ਉਹਨਾਂ ਦੇ ਸ਼ੰਕਿਆਂ ਨੂੰ ਦੂਰ ਕਰਦੇ ਹਨ ਅਤੇ ਉਹਨਾਂ ਨੂੰ ਪ੍ਰਸ਼ਨ ਪੁੱਛਣ ਦੇ ਤਰੀਕੇ ਬਾਰੇ ਸੁਝਾਅ ਦਿੰਦੇ ਹਨ। ਸਕੂਲ ਕੈਂਪਸ ਵੀ ਬਹੁਤ ਸੁਰੱਖਿਅਤ ਅਤੇ ਸਾਰੀਆਂ ਸਹੂਲਤਾਂ ਨਾਲ ਸਾਫ਼-ਸੁਥਰਾ ਹੈ।’’
ਪੇਸ ਰੈਜ਼ੀਡੈਂਸ਼ੀਅਲ ਬੂਟ ਕੈਂਪਾਂ ਦੇ ਨਿਰੰਤਰ ਸੁਧਾਰ ਲਈ ਮਾਪਿਆਂ ਅਤੇ ਐਸ.ਐਮ.ਸੀ. ਮੈਂਬਰਾਂ ਦਾ ਫੀਡਬੈਕ ਵੀ ਮਹੱਤਵਪੂਰਨ ਹੁੰਦਾ ਹੈ। ਇਹ ਜਾਣਕਾਰੀ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦਾ ਹੈ ਕਿ ਹਰੇਕ ਵਿਦਿਆਰਥੀ ਕੋਲ ਆਪਣੇ ਅਕਾਦਮਿਕ ਕੰਮਾਂ ਵਿੱਚ ਉੱਤਮ ਹੋਣ ਲਈ ਸਭ ਤੋਂ ਵਧੀਆ ਤੇ ਸੰਭਵ ਮਾਹੌਲ ਹੋਵੇ। ਪੇਸ ਰੈਜ਼ੀਡੈਂਸ਼ੀਅਲ ਬੂਟ ਕੈਂਪ ਵਿੱਦਿਅਕ ਉੱਤਮਤਾ ਲਈ ਲੋਕਾਂ ਦੁਆਰਾ ਸੰਚਾਲਿਤ ਪਹੁੰਚ ਦੀ ਉਦਾਹਰਣ ਪੇਸ਼ ਕਰਦੇ ਹਨ। ਮੁਲਾਂਕਣ ਪ੍ਰਕਿਰਿਆ ਵਿੱਚ ਮਾਪਿਆਂ ਅਤੇ ਐਸ.ਐਮ.ਸੀ. ਮੈਂਬਰਾਂ ਨੂੰ ਸ਼ਾਮਲ ਕਰਕੇ, ਇਹ ਪ੍ਰੋਗਰਾਮ ਨਾ ਸਿਰਫ਼ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਾ ਹੈ ਸਗੋਂ ਨਿਰੰਤਰ ਸੁਧਾਰ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਸਮੂਹਿਕ ਸੂਝ ਦਾ ਵੀ ਰਾਹ ਪੱਧਰਾ ਕਰਦਾ ਹੈ।