ਚੰਡੀਗੜ੍ਹ, 16 ਦਸੰਬਰ (ਪੋਸਟ ਬਿਊਰੋ): ਪੰਜਾਬ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ।
ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੋਈ ਵੀ ਉੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਮੈਂ ਸਮਾਜ ਦੇ ਹਰ ਵਰਗ ਅਤੇ ਜਾਤੀ ਖਾਸ ਕਰਕੇ ਔਰਤ ਵਰਗ ਦਾ ਸਨਮਾਨ ਕਰਨ ਵਾਲਾ ਵਿਅਕਤੀ ਹਾਂ। ਮੇਰਾ ਕਿਸੇ ਵੀ ਔਰਤ ਦਾ ਅਪਮਾਨ ਕਰਨ ਜਾਂ ਉਸ ਦੇ ਸਵੈਮਾਣ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ। ਦਰਅਸਲ, ਟੈਲੀਫੋਨ ਰਿਕਾਰਡਿੰਗ ‘ਚ ਮੇਰੇ ਵੱਲੋਂ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ।
ਉਨ੍ਹਾਂ ਕਿਹਾ ਕਿ ਜਦੋਂ ਇੱਕ ਵਿਅਕਤੀ ਨੇ ਮੈਨੂੰ ਬੀਬੀ ਜਗੀਰ ਕੌਰ ਦਾ ਨਾਮ ਲੈ ਕੇ ਬੁਲਾਇਆ ਅਤੇ ਮੇਰੇ `ਤੇ ਗਲਤ ਇਲਜ਼ਾਮ ਲਗਾਏ, ਉਸ ਸਮੇਂ ਮੈਂ ਮਾਨਸਿਕ ਤੌਰ `ਤੇ ਅਸਧਾਰਨ ਸਥਿਤੀ ‘ਚ ਸੀ ਅਤੇ ਅਚੇਤ ਤੌਰ `ਤੇ ਮੇਰੇ ਮੂੰਹੋਂ ਕੁਝ ਅਜਿਹੇ ਗਲਤ ਸ਼ਬਦ ਨਿਕਲੇ, ਜਿਨ੍ਹਾਂ ਲਈ ਮੈਨੂੰ ਇਸ ਦਾ ਅਫ਼ਸੋਸ ਹੈ।
ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਮੀਰ ਦੀ ਅਵਾਜ਼ ਅਤੇ ਆਪਣੇ ਨੈਤਿਕ ਫਰਜ਼ ਨੂੰ ਸਮਝਦੇ ਹੋਏ ਸਿੱਖ ਕੌਮ ਦੇ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਬੀ ਜਗੀਰ ਕੌਰ ਅਤੇ ਸਮੂਹ ਬੀਬੀਆਂ ਤੋਂ ਬਿਨ੍ਹਾਂ ਸ਼ਰਤ ਮੁਆਫ਼ੀ ਦੀ ਅਰਜ਼ੀ ਸੌਂਪੀ। ਇਸ `ਚ ਮੈਂ ਇੱਕ ਸਿੱਖ ਹੋਣ ਦੇ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਿਸੇ ਵੀ ਆਦੇਸ਼ ਪ੍ਰਤੀ ਆਪਣੀ ਸਮਰਪਣ ਦਾ ਪ੍ਰਗਟਾਵਾ ਵੀ ਕੀਤਾ। ਇਸ ਸੰਦਰਭ `ਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਨੋਟਿਸ ਸਬੰਧੀ ਮੇਰੇ ਮੂੰਹੋਂ ਅਣਜਾਣੇ `ਚ ਨਿਕਲੇ ਇਤਰਾਜ਼ਯੋਗ ਸ਼ਬਦਾਂ ਲਈ ਮੈਂ ਬੀਬੀ ਜਗੀਰ ਕੌਰ ਅਤੇ ਸਮੁੱਚੀਆਂ ਔਰਤਾਂ ਤੋਂ ਮੁਆਫ਼ੀ ਮੰਗਦਾ ਹਾਂ।