ਫਿਰੋਜ਼ਪੁਰ, 13 ਅਕਤੂਬਰ (ਗਿਆਨ ਸਿੰਘ): ਪੰਜਾਬ ਰਾਜ ਵਿਚ ਗ੍ਰਾਮ ਪੰਚਾਇਤ ਚੋਣਾਂ-2024 ਮਿਤੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਪੰਜਾਬ ਸਟੇਟ ਇਲੈਕਸ਼ਨ ਐਕਟ-1994 ਦੇ ਸੈਕਸ਼ਨ-110 ਤੇ ਪੰਜਾਬ ਪੰਚਾਇਤ ਇਲੈਕਸ਼ਨ ਰੂਲਜ 1994 ਦੇ ਰੂਲ 48 ਵਿਚ ਕੀਤੀ ਗਈ ਵਿਵਸਥਾ ਅਨੁਸਾਰ ਚੋਣਾਂ ਸਮਾਪਤ ਹੋਣ ਤੋਂ 48 ਘੰਟੇ ਪਹਿਲਾਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੇ ਜਾਵੇਗੀ। ਚੋਣਾਂ ਨੂੰ ਅਮਨ ਅਮਾਨ ਅਤੇ ਪਾਰਦਰਸ਼ਤਾ ਨਾਲ ਕਰਵਾਉਣ ਲਈ ਬਾਹਰੋਂ ਆਏ ਵਿਅਕਤੀ ਚੋਣ ਪ੍ਰਕਿਰਿਆ ਵਿਚ ਵਿਘਨ ਨਾ ਪਾਉਣ ਲਈ ਢੁੱਕਵੇਂ ਕਦਮ ਚੁੱਕਣੇ ਜ਼ਰੂਰੀ ਹਨ। ਬਾਹਰੋਂ ਆਏ ਵਿਅਕਤੀ ਅਣ-ਅਧਿਕਾਰਿਤ ਤੌਰ ਤੇ ਪੋਲਿੰਗ ਸਟੇਸ਼ਨ ਦੇ ਨਜ਼ਦੀਕ/ਆਲੇ-ਦੁਆਲੇ ਨਾ ਜਾਣ।
ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐੱਸ. ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ-2023 ਦੀ ਧਾਰਾ-163 ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਗ੍ਰਾਮ ਪੰਚਾਇਤ ਚੋਣਾਂ-2024 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀ, ਰਿਸ਼ਤੇਦਾਰ ਅਤੇ ਸਮਰੱਥਕਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ 13 ਅਕਤੂਬਰ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਚਲੇ ਜਾਣ ਅਤੇ ਪੋਲਿੰਗ ਸਮਾਪਤ ਹੋਣ ਤਕ ਗ੍ਰਾਮ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਦਾਖਲ ਨਾ ਹੋਣ। ਇਹ ਹੁਕਮ ਸਿਵਲ ਪ੍ਰਸੋਨਲ, ਪੈਰਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਿਸ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ ਫਿਰੋਜ਼ੁਪਰ ਆਪਣੇ ਪੁਲਿਸ ਥਾਣਿਆਂ ਦੇ ਮੁੱਖੀਆਂ ਰਾਹੀਂ ਕਮਿਊਨਿਟੀ ਹਾਲ, ਰੈਸਟੋਰੈਂਟ ਆਦਿ ਦੀ ਚੈਕਿੰਗ ਕਰਵਾ ਕੇ ਵੇਖਣ ਕਿ ਕੀ ਇਨ੍ਹਾਂ ਵਿਚ ਬਾਹਰਲੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ ਅਤੇ ਬਾਹਰਲੇ ਵਿਅਕਤੀ ਜੋ ਇਨ੍ਹਾਂ ਪਿੰਡਾਂ ਦੇ ਵੋਟਰ ਨਹੀਂ ਹਨ, ਦੀ ਸ਼ਨਾਖਤ ਕਰ ਕੇ ਉਨ੍ਹਾਂ ਦੀਆਂ ਸੂਚੀਆਂ ਬਣਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਅਤਿ-ਮਹੱਤਵਪੂਰਨ ਕੰਮ ਵਿਚ ਉਕਤ ਹੁਕਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।