-ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਕਰਨ ਇਸਤੇਮਾਲ
-ਪੰਜਾਬ ਅਤੇ ਪਿੰਡਾਂ ਦੇ ਵਿਕਾਸ ਲਈ ਚੰਗੇ ਲੋਕਾਂ ਦਾ ਅੱਗੇ ਆਉਣਾ ਜ਼ਰੂਰੀ
ਮੋਹਾਲੀ, 13 ਅਕਤੂਬਰ (ਗਿਆਨ ਸਿੰਘ): ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨਿਰਪੱਖ ਹੋਣਗੀਆਂ। ਇਸਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਦਬਾਵ ਨਹੀਂ ਹੋਵੇਗਾ। ਲੋਕ ਆਪਣੀ ਪਸੰਦ ਅਤੇ ਪਿੰਡ ਦੇ ਵਿਕਾਸ ਲਈ ਆਪਣੀ ਪੰਚਾਇਤ ਦੀ ਚੋਣ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕ ਰਾਜ ਦੀ ਨੀਂਹ ਹਨ ਅਤੇ ਕਿਸੇ ਵੀ ਚੰਗੇ ਕੰਮ ਨੂੰ ਪੂਰਾ ਕਰਨ ਲਈ ਨੀਂਹ ਮਜਬੂਤ ਹੋਣੀ ਜ਼ਰੂਰੀ ਹੈ। ਇਸ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਪਿੰਡਾਂ ਦੇ ਵਿਕਾਸ ਨੂੰ ਮੁੱਖ ਰੱਖਦੇ ਹੋਏ ਆਪਣੀ ਪੰਚਾਇਤ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਰਾਜ ਦਾ ਵਿਕਾਸ ਮੁਮਕਿਨ ਹੈ।
ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਹਰ ਪੰਜ ਸਾਲ ਬਾਅਦ ਪੰਚਾਇਤੀ ਚੋਣਾ ਆਉਂਦਿਆਂ ਹਨ, ਜੋ ਕਿ ਪੰਜਾਬ ਦੇ ਲੋਕਾਂ ਦੀ ਅਵਾਜ਼ ਅਤੇ ਅਧਿਕਾਰਾਂ ਦੀ ਚੋਣ ਹੈ। ਜੇਕਰ ਪੰਚਾਇਤ ਚੰਗੀ ਹੈ ਤਾਂ ਪਿੰਡ ਦੀ ਤਰੱਕੀ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਹੀ ਅੱਗੇ ਲਿਆਉਣਾ ਚਾਹੀਦਾ ਹੈ, ਜੋ ਨਸ਼ਿਆਂ ਦੇ ਖਿਲਾਫ਼, ਪਿੰਡ ਦੇ ਵਿਕਾਸ ਲਈ, ਲੋਕਾਂ ਦੀ ਭਲਾਈ ਲਈ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਅਤੇ ਇੱਕ ਚੰਗੇ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਚੰਗੇ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਇਸਤੇਮਾਲ ਕਰਨ ਅਤੇ ਆਪਣੀ ਪੰਚਾਇਤ ਦੀ ਚੋਣ ਕਰਨ।
ਬਰਸਟ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਜਿਸ ਲਈ ਸੂਝਵਾਨ ਅਤੇ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ। ਪਰ ਇਨ੍ਹਾਂ ਚੋਣਾ ਵਿੱਚ ਰਵਾਇਤੀ ਪਾਰਟੀਆਂ ਵੱਲੋਂ ਮਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹੈ, ਜਿਨ੍ਹਾਂ ਵੱਲੋਂ ਥਾਂ-ਥਾਂ ਤੇ ਹਿੰਸਕ ਝੜਪਾ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਲੋਕ ਰਾਜ ਦੀ ਮਜਬੂਤੀ ਲਈ ਕੰਮ ਕਰ ਰਹੀ ਹੈ। ਇਹ ਤਾਂ ਮੁਮਕਿਨ ਹੋ ਸਕੇਗਾ, ਜਦੋਂ ਲੋਕ ਵੱਧ-ਚੜ੍ਹ ਕਰਕੇ ਚੋਣਾਂ ਦੌਰਾਨ ਵੋਟ ਪਾ ਕੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਨਗੇ। ਕਿਉਂਕਿ ਪਿੰਡ ਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ, ਸਗੋਂ ਪਿੰਡ ਦਾ ਹੁੰਦਾ ਹੈ, ਜੋਂ ਹਮੇਸ਼ਾ ਹੀ ਪਿੰਡ ਦੀ ਤਰੱਕੀ ਦੀ ਗੱਲ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਦੀ ਤਰੱਕੀ ਲਈ ਚੰਗੇ ਲੋਕਾਂ ਨੂੰ ਅੱਗੇ ਲਿਆਉਂਦਾ ਜਾਵੇ।