- ਆਦਰਸ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤੇ ਕੋਈ ਅਧਿਕਾਰੀ ਅਣਗਹਿਲੀ ਨਾ ਵਰਤੇ : ਮੁਹੰਮਦ ਤਾਇਬ ਆਈ.ਏ.ਐੱਸ.
ਮੋਗਾ, 13 ਅਕਤੂਬਰ (ਗਿਆਨ ਸਿੰਘ): ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਮੋਗਾ ਲਈ ਤਾਇਨਾਤ ਕੀਤੇ ਚੋਣ ਆਬਜ਼ਰਵਰ ਸੀਨੀਅਰ ਆਈ.ਏ.ਐਸ. ਅਧਿਕਾਰੀ ਮੁਹੰਮਦ ਤਾਇਬ ਨੇ ਅੱਜ ਗ੍ਰਾਮ ਪੰਚਾਇਤ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਵਿਸ਼ੇਸ਼ ਸਾਰੰਗਲ, ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ, ਵਧੀਕ ਡਿਪਟੀ ਕਮਿਸ਼ਨਰ (ਵ) ਕਮ ਵਧੀਕ ਜ਼ਿਲ੍ਹਾ ਚੋਣ ਅਫਸਰ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਸਮੂਹ ਐੱਸ ਡੀ ਐੱਮਜ, ਸਮੂਹ ਡੀ ਐੱਸ ਪੀਜ ਅਤੇ ਹੋਰ ਚੋਣ ਅਧਿਕਾਰੀਆਂ ਨਾਲ ਬੈਠਕ ਕੀਤੀ।
ਉਹਨਾਂ ਨੇ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਚੋਣਾਂ ਦੇ ਮੱਦੇਨਜ਼ਰ ਸਮੁੱਚਾ ਚੋਣ ਅਮਲ ਪੂਰੀ ਨਿਰਪੱਖਤਾ, ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਾਂਝੀਆਂ ਕੀਤੀਆਂ। ਚੋਣ ਆਬਜ਼ਰਵਰ ਨੇ ਕਿਹਾ ਕਿ ਸਮੁੱਚੇ ਅਧਿਕਾਰੀ ਇਹ ਚੋਣਾਂ ਆਜ਼ਾਦਾਨਾ ਤੇ ਨਿਰਪੱਖਤਾ ਨਾਲ ਕਰਵਾਉਣ ਤਾਂ ਕਿ ਲੋਕਾਂ ਦਾ ਚੋਣ ਪ੍ਰਕਿ੍ਰਆ ਤੇ ਲੋਕਤੰਤਰ ‘ਚ ਵਿਸ਼ਵਾਸ਼ ਬਹਾਲ ਰਹੇ। ਚੋਣ ਆਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਸ਼ਿਕਾਇਤ ਉਪਰ ਤੁਰੰਤ ਕਾਰਵਾਈ ਕਰਕੇ ਰਿਪੋਰਟ ਦਿੱਤੀ ਜਾਵੇ ਤੇ ਚੋਣ ਅਮਲ ‘ਚ ਕੋਈ ਅਣਗਹਿਲੀ ਨਾ ਵਰਤੀ ਜਾਵੇ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਵਿਸ਼ਸ਼ ਸਾਰੰਗਲ ਨੇ ਦੱਸਿਆ ਕਿ ਚੋਣ ਜਾਬਤੇ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਤੇ ਚੋਣ ਅਮਲ ਨਿਰਵਿਘਨਤਾ ਸਹਿਤ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ ਸਮੇਤ ਵੋਟਾਂ ਪੁਆਉਣ ਦੇ ਸਮੁੱਚੇ ਪ੍ਰਬੰਧ ਮੁਕੰਮਲ ਹਨ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 340 ਪੰਚਾਇਤਾਂ ਲਈ ਕੁੱਲ 5 ਲੱਖ 62 ਹਜਾਰ 867 ਵੋਟਰ ਹਨ, ਜਿੰਨਾ ਵਿੱਚ 3 ਲੱਖ 1 ਹਜਾਰ 975 ਮਰਦ, 2 ਲੱਖ 69 ਹਜਾਰ 887 ਔਰਤ ਅਤੇ 5 ਤੀਜੇ ਲਿੰਗ ਨਾਲ ਸਬੰਧਤ ਵੋਟਰ ਸਾਮਲ ਹਨ। ਜ਼ਿਲ੍ਹਾ ਮੋਗਾ ਵਿੱਚ 340 ਸਰਪੰਚਾਂ ਦੇ ਨਾਲ ਨਾਲ ਕੁੱਲ 2486 ਪੰਚਾਂ ਦੀ ਵੀ ਚੋਣ ਕੀਤੀ ਜਾਣੀ ਹੈ। ਚੋਣਾਂ ਨੂੰ ਵਧੀਆ ਤਰੀਕੇ ਨਾਲ ਕਰਵਾਉਣ ਲਈ ਕੁੱਲ 383 ਪੋਲਿੰਗ ਸਟੇਸ਼ਨ ਅਤੇ 662 ਪੋਲਿੰਗ ਬੂਥ ਤਿਆਰ ਕੀਤੇ ਗਏ ਹਨ। ਬੈਲਟ ਬਕਸੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਉਹਨਾਂ ਦੀ ਮੰਗ ਅਨੁਸਾਰ ਭੇਜੇ ਜਾ ਚੁੱਕੇ ਹਨ। ਚੋਣ ਅਮਲੇ ਦੀਆਂ ਦੋ ਦੋ ਰਿਹਰਸਲਾਂ ਹੋ ਚੁੱਕੀਆਂ ਹਨ, ਇਕ ਇਕ ਰਿਹਰਸਲ 14 ਅਕਤੂਬਰ ਨੂੰ ਪੋਲਿੰਗ ਪਾਰਟੀਆਂ ਰਵਾਨਾ ਕਰਨ ਮੌਕੇ ਹੋਵੇਗੀ।
ਇਸ ਮੌਕੇ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਵੇਰਵਾ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਪੁਲਿਸ ਪਸ਼ਾਸ਼ਨ ਵੱਲੋਂ ਸਿਵਲ ਪ੍ਰਸ਼ਾਸ਼ਨ ਦੇ ਨਾਲ ਮਿਲ ਕੇ ਕੀਤੀ ਗਈ ਘੋਖ ਪੜਤਾਲ ਉਪਰੰਤ 35 ਅਤਿ ਸੰਵੇਦਨਸ਼ੀਲ, 79 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਐਲਾਨੇ ਹਨ ਜਦਕਿ 147 ਸਾਧਾਰਨ ਪੋਲਿੰਗ ਸਟੇਸ਼ਨ ਹਨ। ਚੋਣਾਂ ਦੌਰਾਨ ਮਾਹੌਲ ਨੂੰ ਖਰਾਬ ਕਰਨ ਦੇ ਸੱਕੀ 114 ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ 1059 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਡਿਊਟੀ ਉੱਤੇ ਤਾਇਨਾਤ ਰਹਿਣਗੇ।