-ਦੁਸ਼ਹਿਰੇ ਦਾ ਤਿਉਹਾਰ ਨੇਕੀ ਦੀ ਬਦੀ 'ਤੇ ਜਿੱਤ ਦਾ ਪ੍ਰਤੀਕ ਅਤੇ ਪਰਿਵਾਰਿਕ ਰਿਸ਼ਤਿਆਂ ਦੇ ਸਤਿਕਾਰ ਪ੍ਰਤੀ ਮਿਲਦਾ ਹੈ ਗਿਆਨ- ਬਾਵਾ
ਲੁਧਿਆਣਾ, 13 ਅਕਤੂਬਰ (ਗਿਆਨ ਸਿੰਘ): ਕੁੱਲ ਹਿੰਦ ਬੈਰਾਗੀ (ਵੈਸ਼ਨਵ) ਸੁਆਮੀ ਮਹਾਂਮੰਡਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੁਸਹਿਰੇ ਦੇ ਸਮਾਗਮਾਂ ਤੇ ਦਾਖਾ ਅਤੇ ਆਤਮ ਨਗਰ ਹਲਕੇ ਵਿੱਚ ਗਏ। ਇਸ ਸਮੇਂ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਨੇਕੀ ਦੀ ਬਦੀ ਦੇ ਜਿੱਤ ਦਾ ਪ੍ਰਤੀਕ ਹੈ। ਇਸ ਤਿਉਹਾਰ ਤੋਂ ਪਰਿਵਾਰਕ ਰਿਸ਼ਤਿਆਂ ਦੇ ਸਤਿਕਾਰ ਪ੍ਰਤੀ ਗਿਆਨ ਮਿਲਦਾ ਹੈ। ਉਹਨਾਂ ਕਿਹਾ ਕਿ ਸ਼੍ਰੀ ਰਾਮ ਜੀ ਪਿਤਾ ਦਸ਼ਰਥ ਦਾ ਕਹਿਣਾ ਮੰਨ ਕੇ 14 ਸਾਲ ਲਈ ਬਨਵਾਸ ਵਿੱਚ ਚਲੇ ਗਏ ਜਦ ਕਿ ਸ਼੍ਰੀ ਰਾਮ ਜੀ ਅਤੇ ਲਕਸ਼ਮਣ ਦਾ ਪਿਆਰ ਵੀ ਮਿਸਾਲ ਹੈ ਅਤੇ ਭਰਤ ਭਰਾ ਨੇ ਰਾਜ ਮਿਲਣ ਦੇ ਬਾਵਜੂਦ ਸ੍ਰੀ ਰਾਮ ਜੀ ਦੀਆਂ ਖੜਾਵਾਂ ਸਿੰਘਾਸਨ ਤੇ ਰੱਖ ਕੇ ਰਾਜ ਪ੍ਰਬੰਧ ਚਲਾਇਆ।
ਉਨ੍ਹਾਂ ਕਿਹਾ ਕਿ ਉਪਰੋਕਤ ਸਿਖਿਆਵਾਂ ਨੂੰ ਆਪਣੀ ਜੀਵਨ ਅੰਦਰ ਗ੍ਰਹਿਣ ਕਰਨ ਦੀ ਲੋੜ ਹੈ। ਅੱਜ ਔਲਾਦ ਸੋਚੇ ਪਿਤਾ ਦਾ ਕਿੰਨਾ ਕਹਿਣਾ ਮੰਨਿਆ ਜਾਂਦਾ ਹੈ। ਭਰਾਵਾਂ ਅੰਦਰ ਆਪਸੀ ਪਿਆਰ ਸਤਿਕਾਰ ਦੀ ਲੋੜ ਹੈ। ਅੱਜ ਦੇ ਜਮਾਨੇ ਵਿੱਚ ਜਦ ਕਿ ਅਸੀਂ ਪ੍ਰਾਪਰਟੀ ਦੀ ਖਾਤਰ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਾਂ। ਲੋੜ ਹੈ ਭਰਤ ਜੈਸੇ ਛੋਟੇ ਭਰਾ ਦੀ ਜਿਸਨੇ ਰਾਜ ਦੀ ਵੀ ਪਰਵਾਹ ਨਹੀਂ ਕੀਤੀ। ਸਤਿਕਾਰ ਬਰਕਰਾਰ ਰੱਖਿਆ ਜਦਕਿ ਅੱਜ ਦੇ ਨੇਤਾ ਰਾਜ ਦੀ ਖਾਤਰ ਕਿਵੇਂ ਬਦਲ ਰਹੇ ਹਨ ਇਹ ਵੀ ਦੇਖਣ, ਸੋਚਣ, ਸਮਝਣ ਅਤੇ ਵਿਚਾਰਨ ਦੀ ਲੋੜ ਹੈ।