ਖੰਨਾ, 9 ਅਕਤੂਬਰ (ਪੋਸਟ ਬਿਊਰੋ): ਖੰਨਾ ਦੇ ਲਲਹੇੜੀ ਰੋਡ 'ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਘਰ ਕੋਲ ਇੱਕ ਵੱਡੀ ਘਟਨਾ ਵਾਪਰੀ ਹੈ। ਇੱਥੇ ਇੱਕ ਸਵਿਫਟ ਕਾਰ ਵਿੱਚ ਸਵਾਰ ਦੋ ਸ਼ਰਾਬੀ ਨੌਜਵਾਨ ਇੱਕ ਹੋਰ ਨੌਜਵਾਨ ਨੂੰ ਬੋਨਟ `ਤੇ ਬਿਠਾਕੇ ਭਾਰ ਭਜਾਅ ਲਈ ਅਤੇ ਫਿਰ ਕਾਰ ਕੰਧ ਨਾਲ ਟਕਰਾਅ ਗਈ। ਕਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਗਈ। ਘਟਨਾ ਤੋਂ ਬਾਅਦ ਦੋਵੇਂ ਨੌਜਵਾਨ ਕਾਰ ਛੱਡ ਕੇ ਫਰਾਰ ਹੋ ਗਏ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਵਾਪਰੀ। ਘਰਾਂ ਅੰਦਰ ਸੁੱਤੇ ਲੋਕ ਬਾਹਰ ਆ ਗਏ। ਦੇਖਿਆ ਗਿਆ ਕਿ ਮੰਤਰੀ ਦੇ ਘਰ ਨੇੜੇ ਖੜ੍ਹੇ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਸਵਿਫਟ ਕਾਰ ਆਦਰਸ਼ ਸਿਨੇਮਾ ਦੀ ਕੰਧ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਦੋ ਨੌਜਵਾਨ ਕਾਰ 'ਚੋਂ ਉਤਰ ਕੇ ਭੱਜ ਗਏ। ਬੋਨਟ ਤੋਂ ਹੇਠਾਂ ਡਿੱਗੇ ਨੌਜਵਾਨ ਦਾ ਖੂਨ ਵਹਿ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਈਸ਼ਵਰ ਚੰਦ ਨੇ ਦੱਸਿਆ ਕਿ ਉਸ ਦਾ ਲੜਕਾ ਸੰਦੀਪ ਕੁਮਾਰ ਜ਼ਖ਼ਮੀ ਹੋ ਗਿਆ। ਉਸ ਦੇ ਪੁੱਤਰ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ।
ਖੰਨਾ ਦੇ ਡੀਐੱਸਪੀ ਅੰਮ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰ ਨੰਬਰ ਤੋਂ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ।