ਮੋਗਾ, 9 ਸਤੰਬਰ (ਗਿਆਨ ਸਿੰਘ): ਲਿਖਾਰੀ ਸਭਾ ਮੋਗਾ ਦੀ ਵਿਸ਼ੇਸ਼ ਇਕੱਤਰਤਾ ਪ੍ਰੋ. ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ। ਜਨਰਲ ਸਕੱਤਰ ਪਰਮਜੀਤ ਸਿੰਘ ਚੂਹੜਚੱਕ ਅਤੇ ਸਹਾਇਕ ਸਕੱਤਰ ਮੀਤ ਗੁਰਮੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕੱਤਰਤਾ ਦੌਰਾਨ ਜੋਧ ਸਿੰਘ ਮੋਗਾ ਦੀ ਪੁਸਤਕ “ ਆਓ ਕਵਿਤਾ ਲਿਖੀਏ “ ਅਤੇ ਭੁਪਿੰਦਰ ਸਿੰਘ ਜੋਗੇਵਾਲਾ ਦੀ ਪਲੇਠੀ ਕਾਵਿ ਪੁਸਤਕ “ ਸੁਰਖ਼ਾਬ “ ਲੋਕ ਅਰਪਣ ਕੀਤੀਆਂ ਗਈਆਂ”। ਇਸ ਸਮੇੰ ਪ੍ਰੋਫੈਸਰ ਕਾਉੰਕੇ ਨੇ ਬੋਲਦਿਆਂ ਕਿਹਾ ਕਿ ਜੋਧ ਸਿੰਘ ਮੋਗਾ ਕੋਲ ਅਧਿਆਪਨ ਅਤੇ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ ਜਿਸਨੂੰ ਉਹਨਾਂ ਨੇ ਬੱਚਿਆਂ ਦੀ ਮਾਨਸਿਕਤਾ ਅਨੁਸਾਰ ਸਰਲ ਭਾਸ਼ਾ ਵਿਚ ਸਿਰਜਿਆ ਹੈ। ਭੁਪਿੰਦਰ ਸਿੰਘ ਜੋਗੇਵਾਲਾ ਦੀ ਪੁਸਤਕ “ ਸੁਰਖ਼ਾਬ” ਬਾਰੇ ਡਾਕਟਰ ਅਮਰਜੀਤ ਕੌੰਕੇ ਨੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਭੁਪਿੰਦਰ ਜੋਗੇਵਾਲਾ ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਅਤੇ ਸਥਿਤੀਆਂ / ਪ੍ਰਸਥਿਤੀਆਂ ਬਾਰੇ ਆਪਣਾ ਦ੍ਰਿਸ਼ਟੀਕੋਣ ਸੰਵੇਦਨਾ ਭਰਪੂਰ ਸ਼ੈਲੀ ਵਿਚ ਪੇਸ਼ ਕਰਦਾ ਹੈ। ਇਸ ਮੌਕੇ ਜੋਧ ਸਿੰਘ ਮੋਗਾ ਅਤੇ ਭੁਪਿੰਦਰ ਜੋਗੇਵਾਲਾ ਨੇ ਵੀ ਆਪਣੇ ਵਿਚਾਰ ਰੱਖੇ । ਸਮਾਗਮ ਦੌਰਾਨ ਪਰਮਜੀਤ ਚੂਹੜਚੱਕ ਅਤੇ ਨਾਮਵਰ ਲੇਖਕ ਡਾ. ਅਮਰਜੀਤ ਕੌੰਕੇ ਨੂੰ ਉਹਨਾਂ ਵੱਲੋੰ ਸਾਹਿਤ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ । ਇਸ ਮੌਕੇ ਜੋਧ ਸਿੰਘ ਮੋਗਾ ਅਤੇ ਭੁਪਿੰਦਰ ਜੋਗੇਵਾਲਾ ਨੇ ਸਤਿਕਾਰ ਵਜੋਂ ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਨੂੰ ਆਪਣੀਆਂ ਪੁਸਤਕਾਂ ਭੇਟ ਕੀਤੀਆਂ।