-ਹਰ ਵੋਟ ਪਟਿਆਲਾ ਦੇ ਸੁਨਹਿਰੀ ਭਵਿੱਖ ਨੂੰ ਸਮਰਪਿਤ ਕਰਨ ਦੀ ਅਪੀਲ
ਪਟਿਆਲਾ, 29 ਮਈ (ਗਿਆਨ ਸਿੰਘ): ਭਾਰਤੀ ਜਨਤਾ ਪਾਰਟੀ ਦੀ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ ਪ੍ਰਨੀਤ ਕੌਰ ਨੇ ਬੁੱਧਵਾਰ ਨੂੰ ਹਲਕਾ ਸ਼ੁਤਰਾਣਾ ਦੇ ਪਾਤੜਾਂ ਅਤੇ ਘੱਗਾ ਅਧੀਨ ਪੈਂਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਸ਼ੁਤਰਾਣਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਾ ਸਰਬਪੱਖੀ ਵਿਕਾਸ ਭਾਜਪਾ ਦੀ ਜਿੱਤ ’ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਫਤਿਹ ਰੈਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਦੇ ਨਾਲ-ਨਾਲ ਪੰਜਾਬ ਦਾ ਵਿਕਾਸ ਕਰਨ ਦਾ ਜੋ ਸੰਕਲਪ ਲਿਆ ਹੈ, ਉਸ ਵਿੱਚ ਪਟਿਆਲਾ ਦੇ ਹਰ ਵੋਟਰ ਦਾ ਯੋਗਦਾਨ ਪਾਉਣਾ ਜ਼ਰੂਰੀ ਹੈ।
ਪਟਿਆਲਾ ਦੇ ਸੁਨਹਿਰੀ ਭਵਿੱਖ ਲਈ ਕਮਲ ਦੇ ਫੁੱਲ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਮੇਰਾ ਪਟਿਆਲਾ ਜ਼ਿਲ੍ਹੇ ਨਾਲ 25 ਸਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਉਹਨਾਂ ਨੇ ਪਟਿਆਲਾ ਦੇ ਲੋਕਾਂ ਨਾਲ ਜੋ ਭਰੋਸਾ ਕਾਇਮ ਕੀਤਾ ਹੈ, ਉਸ ਦੇ ਆਧਾਰ 'ਤੇ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਉਹ ਕੇਂਦਰ ਸਰਕਾਰ ਅਤੇ ਪਟਿਆਲਾ ਵਿਚਕਾਰ ਬ੍ਰਿਜ ਦਾ ਕੰਮ ਕਰਨਗੇ। ਉਹਨਾਂ ਕਿਹਾ ਕਿ ਪਟਿਆਲਾ ਜਿਲੇ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਤੋਂ ਵਿਕਾਸ ਲਈ ਵੱਡੇ ਪੈਕੇਜ ਲਿਆਉਂਗੇ। ਭਾਜਪਾ ਆਗੂ ਪ੍ਰਨੀਤ ਕੌਰ ਨੇ ਮੋਦੀ ਦੀ ਗਾਰੰਟੀ ਪਟਿਆਲਾ ਵਾਸੀਆਂ ਦੇ ਭਰੋਸੇ ਨਾਲ ਅਗਲੇ ਪੰਜ ਸਾਲਾ ਵਿੱਚ ਬੀਤੇ 25 ਸਾਲਾਂ ਤੋਂ ਵੀ ਜਿਆਦਾ ਕੰਮ ਕਰਨ ਦੀ ਗਾਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਹਰ ਵੋਟਰ ਜਾਣਦਾ ਹੈ ਕਿ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ।
ਭਾਜਪਾ ਆਗੂ ਪ੍ਰਨੀਤ ਕੌਰ ਨੇ ਪਿੰਡ ਕੁਲਾਰਾਂ, ਕਕਰਾਲਾ, ਪਿੰਡ ਮਰੋੜੀ, ਪਿੰਡ ਬਾਦਸ਼ਾਹਪੁਰ, ਨਵੀਂ ਅਨਾਜਮੰਡੀ ਸ਼ੁਤਰਾਣਾ, ਪਿੰਡ ਅਤਲਾਣਾ ਅਤੇ ਪਾਤਡਾ ਦੀਆਂ ਚੋਣ ਜਨਸਭਾਵਾਂ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ। ਕੇਂਦਰ ਦੀ ਮੋਦੀ ਸਰਕਾਰ ਪਟਿਆਲਾ ਜਿ਼ਲ੍ਹੇ ਦੇ ਸਰਬਪੱਖੀ ਵਿਕਾਸ ਲਈ ਤਤਪਰ ਹੈ, ਪਰ ਉਸ ਲਈ ਇਨ੍ਹਾਂ ਨੂੰ ਵੋਟਾਂ ਦੀ ਤਾਕਤ ਨਾਲ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪ੍ਰਨੀਤ ਕੌਰ ਨੇ ਈ.ਵੀ.ਐਮ ਦੇ ਚਾਰ ਨੰਬਰ 'ਤੇ ਕਮਲ ਦੇ ਫੁੱਲ ਵਾਲੇ ਬਟਣ ਨੂੰ ਦੱਬਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 1 ਜੂਨ ਨੂੰ ਵੋਟ ਪਾਉਣ ਸਮੇਂ ਪਟਿਆਲਾ ਅਤੇ ਸਾਡੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਭਾਜਪਾ ਦੇ ਹੱਕ ਵਿੱਚ ਵੋਟ ਜਰੂਰਤ ਪਾਈ ਜਾਵੇ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਂਦਰ ਵਿਚ ਕਾਂਗਰਸ ਜਾਂ ਝਾੜੂ ਪਾਰਟੀ ਆਪਣੇ ਦਮ ਤੇ ਸਰਕਾਰ ਨਹੀਂ ਬਣਾ ਸਕਦੀ। ਅੱਜ ਸਾਰਾ ਦੇਸ਼ ਜਾਣਦਾ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਕਸਤ ਲੋਕ, ਵਿਕਸਤ ਜਿ਼ਲ੍ਹੇ ਅਤੇ ਵਿਕਸਤ ਰਾਜ ਹੀ ਵਿਕਸਤ ਭਾਰਤ ਦਾ ਆਧਾਰ ਹਨ। ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਾਰਟੀ ਬਦਲੀ ਹੈ, ਪਰ ਉਹ ਖ਼ੁਦ ਕਦੇ ਨਹੀਂ ਬਦਲੇ ਅਤੇ ਨਾ ਹੀ ਕਦੇ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਦੀ ਪੰਜਵੀਂ ਵੱਡੀ ਤਾਕਤ ਬਣਾਉਣ ਵਾਲੇ ਨਰਿੰਦਰ ਮੋਦੀ ਨੇ ਪਿਛਲੇ ਦਸ ਸਾਲਾਂ ਵਿੱਚ ਪਟਿਆਲਾ ਜਿ਼ਲ੍ਹੇ ਵਿੱਚ ਕਰੀਬ 2 ਲੱਖ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ। ਜਿਸ ਵਿੱਚ 1 ਹਜ਼ਾਰ 641 ਕਿਲੋਮੀਟਰ ਦੇ ਅਤਿ-ਆਧੁਨਿਕ ਹਾਈਵੇਅ ਸ਼ਾਮਲ ਹਨ। ਪਾਤੜਾਂ ਤੋਂ ਲੰਘਣ ਵਾਲੀ ਦਿੱਲੀ-ਕਟੜਾ ਐਕਸਪ੍ਰੈਸ-ਹਾਈਵੇ ਪੂਰੇ ਇਲਾਕੇ ਦੀ ਨੁਹਾਰ ਬਦਲ ਦੇਵੇਗਾ। ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਐਕਸਪ੍ਰੇਸ ਹਾਈਵੇ ਦੀ ਉਸਾਰੀ ਜਿੱਥੇ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗੀ, ਉੱਥੇ ਕਈ ਵੱਡੀਆਂ ਕੰਪਨੀਆਂ ਖੇਤਰ ਵਿੱਚ ਨਵੇਂ ਕਾਰੋਬਾਰ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਉਣਗੀਆਂ। ਇਸ ਮੌਕੇ ਭਾਜਪਾ ਦੇ ਮੰਡਲ ਇੰਚਾਰਜ, ਮੰਡਲ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।