ਮਾਲੇ, 7 ਮਈ (ਪੋਸਟ ਬਿਊਰੋ): ਮਾਲਦੀਵ ਅਤੇ ਭਾਰਤ ਵਿਚਾਲੇ ਚੱਲ ਰਹੇ ਅੜਿੱਕੇ ਦਾ ਅਸਰ ਉੱਥੋਂ ਦੇ ਸੈਰ-ਸਪਾਟੇ 'ਤੇ ਪਿਆ ਹੈ। ਜਨਵਰੀ ਤੋਂ ਅਪ੍ਰੈਲ ਤੱਕ ਮਾਲਦੀਵ ਪਹੁੰਚਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿੱਚ 40 ਫੀਸਦੀ ਦੀ ਕਮੀ ਆਈ ਹੈ। ਮਾਲਦੀਵ ਦੇ ਸੈਰ-ਸਪਾਟਾ ਮੰਤਰਾਲੇ ਨੇ ਦੱਸਿਆ ਕਿ ਜਨਵਰੀ ਤੋਂ ਅਪ੍ਰੈਲ ਤੱਕ ਭਾਰਤ ਤੋਂ 43,991 ਸੈਲਾਨੀ ਆਏ। ਇਸ ਦੌਰਾਨ 2023 ਵਿੱਚ ਇਹ ਸੰਖਿਆ 73,785 ਸੀ।
ਸੋਮਵਾਰ (6 ਮਈ) ਨੂੰ ਮਾਲਦੀਵ ਦੇ ਸੈਰ-ਸਪਾਟਾ ਮੰਤਰੀ ਇਬਰਾਹਿਮ ਫੈਸਲ ਨੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਆਰਥਿਕਤਾ ਸੈਰ-ਸਪਾਟੇ 'ਤੇ ਨਿਰਭਰ ਹੈ।
ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਮਾਲਦੀਵ ਹਮੇਸ਼ਾ ਭਾਰਤ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਸਾਡੀ ਸਰਕਾਰ ਭਾਰਤੀਆਂ ਦਾ ਸੁਆਗਤ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਮਾਲਦੀਵ ਵਿੱਚ ਜਿ਼ਆਦਾਤਰ ਸੈਲਾਨੀ ਭਾਰਤ ਤੋਂ ਆਏ ਸਨ। ਹੁਣ ਇਹ ਗਿਣਤੀ ਛੇਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮਾਲਦੀਵ ਨੇ ਕਿਹਾ ਸੀ ਕਿ ਉਹ ਭਾਰਤੀ ਸੈਲਾਨੀਆਂ ਨੂੰ ਲੁਭਾਉਣ ਲਈ ਭਾਰਤ ਦੇ ਕਈ ਸ਼ਹਿਰਾਂ ਵਿੱਚ ਰੋਡ ਸ਼ੋਅ ਆਯੋਜਿਤ ਕਰੇਗਾ। ਹਾਲਾਂਕਿ ਇਹ ਰੋਡ ਸ਼ੋਅ ਕਿਹੜੇ ਸ਼ਹਿਰ ਅਤੇ ਕਦੋਂ ਹੋਵੇਗਾ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਮਾਲਦੀਵਜ਼ ਐਸੋਸੀਏਸ਼ਨ ਆਫ ਟੂਰ ਐਂਡ ਟਰੈਵਲ ਆਪਰੇਟਰਜ਼ (ਮੈਟਾਟੋ) ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ ਅਤੇ ਸੈਰ-ਸਪਾਟਾ ਸਹਿਯੋਗ ਵਧਾਉਣ 'ਤੇ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਨਾਲ ਗੱਲਬਾਤ ਕੀਤੀ ਗਈ ਸੀ।