ਟੋਰਾਂਟੋ, 17 ਅਪਰੈਲ (ਪੋਸਟ ਬਿਊਰੋ) : ਸ਼ਹਿਰ ਦੇ ਪੱਛਮੀ ਸਿਰੇ ਉੱਤੇ ਰੇਲ ਲਾਈਨ ਨੂੰ ਬਲਾਕ ਕਰਨ ਵਾਲੇ ਫਲਸਤੀਨ ਪੱਖੀ ਮੁਜ਼ਾਹਰਾਕਾਰੀਆਂ ਦੇ ਗਰੁੱਪ ਵਿੱਚੋਂ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।
ਟੋਰਾਂਟੋ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੰਗਲਵਾਰ ਨੂੰ ਸ਼ਾਮੀਂ 5:00 ਵਜੇ ਦੇ ਨੇੜੇ ਤੇੜੇ ਡੂਪੋਟ ਸਟਰੀਟ ਤੇ ਡੰਡਾਸ ਸਟਰੀਟ ਵੈਸਟ ਨੇੜੇ ਪੇਲਹਾਮ ਐਵਨਿਊ ਤੇ ਓਸਲਰ ਸਟਰੀਟ ਦੇ ਟਰੈਕਸ ਨੂੰ 100 ਤੋਂ 120 ਮੁਜ਼ਾਹਰਾਕਾਰੀਆਂ ਵੱਲੋਂ ਬਲਾਕ ਕੀਤਾ ਗਿਆ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਪੁਲਿਸ ਨੇ ਇਸ ਬਿਆਨ ਨੂੰ ਦਰੁਸਤ ਕਰਦਿਆਂ ਦੱਸਿਆ ਕਿ ਸਿਰਫ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਦੋ ਮਹਿਲਾਵਾਂ, ਜੋ ਕਿ ਆਪਣੇ 30ਵਿਆਂ ਵਿੱਚ ਸਨ ਤੇ ਦੋ ਪੁਰਸ਼, ਜੋ ਕਿ ਆਪਣੇ 20ਵਿਆਂ ਵਿੱਚ ਸਨ, ਨੂੰ ਗੈਰਕਾਨੂੰਨੀ ਢੰਗ ਨਾਲ ਇੱਕਠੇ ਹੋਣ ਤੇ ਸ਼ਰਾਰਤ ਕਰਨ ਅਤੇ 5,000 ਡਾਲਰ ਤੋਂ ਵੱਧ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਚਾਰਜ ਕੀਤਾ ਗਿਆ ਹੈ। ਇਨ੍ਹਾਂ ਖਿਲਾਫ ਰੇਲਵੇ ਸੇਫਟੀ ਐਕਟ ਤਹਿਤ ਵੀ ਚਾਰਜਿਜ਼ ਲਾਏ ਜਾਣਗੇ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।