-ਕਿਹਾ, ਸਰਹੱਦੀ ਪਿੰਡਾਂ ਦੇ ਲੋਕ ਸਰਹੱਦਾਂ ਦੇ ਰਖਵਾਲੇ
-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਵੈ-ਰੁਜ਼ਗਾਰ ਲਈ ਕੀਤਾ ਪ੍ਰੇਰਿਤ
ਫਿਰੋਜ਼ਪੁਰ, 8 ਜੂਨ(ਗਿਆਨ ਸਿੰਘ) ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਘੁਸਪੈਠ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਮੌਜੂਦਾ ਸੁਰੱਖਿਆ ਪ੍ਰਬੰਧਾਂ ਦਾ ਮੁਲਾਂਕਣ ਕਰਨਾ, ਉੱਭਰ ਰਹੇ ਖ਼ਤਰੇ ਦੇ ਦ੍ਰਿਸ਼ ਨੂੰ ਸਮਝਣਾ ਅਤੇ ਸਰਹੱਦੀ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਮਨੋਬਲ ਨੂੰ ਵਧਾਉਣਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆਂ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਸਰਹੱਦ ਤੇ ਵੱਸੇ ਲੋਕ ਸਿਰੜੀ ਤੇ ਮਿਹਨਤੀ ਹਨ ਅਤੇ ਦੇਸ਼ ਦੀ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਉਨ੍ਹਾਂ ਦੀ ਅਹਿਮ ਹੈ। ਰਾਜਪਾਲ ਨੇ ਲੋਕਾਂ ਨੂੰ ਗੁਆਂਢੀ ਦੇਸ਼ ਦੀਆਂ ਗਤੀਵਿਧੀਆ ਤੋਂ ਚੌਕਸ ਰਹਿਣ, ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਅਤੇ ਆਪਣੇ ਆਸ-ਪਾਸ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਲਈ ਕਿਹਾ। ਇਸ ਮੌਕੇ ਉਨ੍ਹਾਂ ਸੈਲਫ ਹੈਲਪ ਗਰੁੱਪ ਅਤੇ ਬਾਗਬਾਨੀ ਵਿਭਾਗ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੇਖੀਆਂ ਤੇ ਉਨ੍ਹਾਂ ਦੇ ਇਸ ਉੱਦਮ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪੜ੍ਹਾਈ ਕਰਨ ਅਤੇ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਦੇਣ ਤੇ ਜ਼ੋਰ ਦਿੱਤਾ।
ਇਸ ਮੌਕੇ ਸਰਹੱਦੀ ਖੇਤਰ ਦੇ ਕਿਸਾਨਾਂ ਤੇ ਪੰਚਾਇਤਾਂ ਵੱਲੋਂ ਰਾਜਪਾਲ ਨੂੰ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ, ਕੰਡਿਆਲੀ ਤਾਰ ਤੋਂ ਪਾਰ ਖੇਤੀ ਵਿੱਚ ਮੁਸ਼ਕਲਾਂ ਅਤੇ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ ਪੀ.ਜੀ.ਆਈ. ਨੂੰ ਬਣਾਉਣ ਲਈ ਸੰਸਥਾ ਵੱਲੋਂ ਵੀ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਗਿਆ।
ਰਾਜਪਾਲ ਵੱਲੋਂ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਪਹੁੰਚਣ ਤੇ ਮੁੱਖ ਸਕੱਤਰ ਵੀ.ਕੇ. ਜੰਜੂਆਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਅਹਿਮ ਉਪਰਾਲੇ ਕਰ ਰਹੀ ਹੈ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਵੱਲੋਂ ਰਾਜਪਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਵੱਖ-ਵੱਖ ਸੀਨੀਅਰ ਸਰਕਾਰੀ ਅਧਿਕਾਰੀ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸੁਰੱਖਿਆ ਬਲਾਂ ਦੇ ਅਧਿਕਾਰੀ ਵੀ ਨਾਲ ਸਨ।
ਰਾਜਪਾਲ ਦੇ ਸਰਹੱਦੀ ਜ਼ਿਲ੍ਹੇ ਦੇ ਇਸ ਵਿਆਪਕ ਦੌਰੇ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਵਿਖੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ ਅਤੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਦਾ ਸਵਾਗਤ ਕੀਤਾ ਗਿਆ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੌਜੂਦਾ ਸੁਰੱਖਿਆ ਸਥਿਤੀ 'ਤੇ ਕੀਮਤੀ ਜਾਣਕਾਰੀ ਹਾਸਲ ਕਰਨ ਲਈ ਸੁਰੱਖਿਆ ਕਰਮਚਾਰੀਆਂ, ਸਥਾਨਕ ਅਧਿਕਾਰੀਆਂ ਅਤੇ ਵੱਖ-ਵੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵਿਆਪਕ ਚਰਚਾ ਕੀਤੀ। ਇਸ ਦੌਰਾਨ ਉਸ ਦਾ ਮੁੱਖ ਫੋਕਸ ਸਮਾਜ ਵਿਰੋਧੀ ਅਨਸਰਾਂ ਵੱਲੋਂ ਸਰਹੱਦ ਪਾਰ ਤੋਂ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਡਰੋਨ ਤਕਨੀਕ ਦੀ ਵਰਤੋਂ ਨੂੰ ਸਮਝਣ 'ਤੇ ਰਿਹਾ।
ਇਨ੍ਹਾਂ ਉੱਭਰ ਰਹੇ ਖਤਰਿਆਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰਾਜਪਾਲ ਨੇ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ। ਰਾਜਪਾਲ ਨੇ ਗੁਆਂਢੀ ਦੇਸ਼ ਦੀਆਂ ਨਾਪਾਕ ਗਤੀਵਿਧੀਆਂ ਨਾਲ ਨਿਪਟਣ ਅਤੇ ਖੇਤਰ ਦੀ ਸ਼ਾਂਤੀ ਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸਰਗਰਮ ਉਪਾਵਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਜਾਣਕਾਰੀ ਲਈ ਅੱਗੇ ਆਉਣ ਜੋ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।
ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਮੰਡਲ ਦਲਜੀਤ ਮਾਂਗਟ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ, ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਰਣਜੀਤ ਸਿੰਘ ਢਿੱਲੋਂ, ਐਸ.ਐਸ.ਪੀ. ਭੁਪਿੰਦਰ ਸਿੰਘ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚੰਦ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਕੁਮਾਰ ਸ਼ਰਮਾ, ਐਸ.ਡੀ.ਐਮ. ਫਿਰੋਜ਼ਪੁਰ ਰਣਜੀਤ ਸਿੰਘ, ਐਸ.ਡੀ.ਐਮ. ਜ਼ੀਰਾ ਗਗਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਰਹੱਦੀ ਪਿੰਡਾਂ ਦੇ ਸਰਪੰਚ ਤੇ ਪਤਵੰਤੇ ਹਾਜ਼ਰ ਸਨ।