-ਓਮ ਪ੍ਰਕਾਸ਼ ਖੇਮਕਰਨੀ
ਕਿਸਾਨ ਦੀ ਸਲਤਨਤ (ਰਾਜਧਾਨੀ) ਤਾਂ ਉਸ ਦਾ ਖੇਤ ਹੀ ਹੈ, ਜਿਸ ਵਿੱਚ ਉਹ ਆਪਣੀ ਪਸੰਦ ਦੀ ਫਸਲ ਬੀਜਦਾ ਹੈ। ਫਸਲ ਦੀ ਰਾਖੀ ਲਈ ਵਾੜ ਲਾਉਂਦਾ ਹੈ। ਜਦ ਅਸੀਂ ਖੇਤ ਦੀ ਗੱਲ ਕਰਦੇ ਹਾਂ ਤਾਂ ਖੇਤ ਦਾ ਖੇਵਟ, ਖਤੌਨੀ ਤੇ ਖਸਰਾ ਨੰਬਰ ਆਦਿ ਦਾ ਜ਼ਿਕਰ ਵੀ ਆਵੇਗਾ, ਕਿਉਂਕਿ ਹਰ ਖੇਤ ਦੀ ਨਿਸ਼ਾਨਦੇਹੀ ਉਸੇ ਦੇ ਖਾਸ-ਖਾਸ ਨੰਬਰਾਂ ਨਾਲ ਹੁੰਦੀ ਹੈ।
ਦੇਸ਼ ਵਿੱਚ ਖੇਤੀਬਾੜੀ ਦੀ ਜ਼ਮੀਨ ਦਾ ਅੱਜ ਵੀ ਪੁਰਾਣਾ ਰਿਕਾਰਡ ਰਾਜਾ ਟੋਡਰਮੱਲ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਨੇ ਪਹਿਲੀ ਵਾਰ ਇਸ ਦਾ ਮਾਲਗੁਜ਼ਾਰੀ (ਰੈਵੀਨਿਊ) ਦੇ ਪੱਖ ਤੋਂ ਰਿਕਾਰਡ ਬਣਾਇਆ। ਇਹ ਰਾਜਾ ਟੋਡਰਮੱਲ ਦਾ ਕਿਸਾਨਾਂ ਨੂੰ ਇੱਕ ਅਮਰ ਤੋਹਫਾ ਹੈ, ਜਿਸ ਨਾਲ ਖੇਤੀ ਦੀ ਜ਼ਮੀਨ ਦੀ ਪਛਾਣ ਅਤੇ ਮੁਲਾਂਕਣ ਹੁੰਦਾ ਹੈ। ਰਾਜਾ ਟੋਡਰਮੱਲ ਬਾਦਸ਼ਾਹ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਸਨ।
ਹਰਿਆਣਾ ਦੇ ਸਰ ਛੋਟੂ ਰਾਮ ਇੱਕੋ-ਇੱਕ ਅਜਿਹੇ ਕਿਸਾਨ ਨੇਤਾ ਸਨ, ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਪੰਜੇ ਤੋਂ ਮੁਕਤੀ ਦਿਵਾਈ ਅਤੇ ਕਿਸਾਨਾਂ ਦੇ ਹਿੱਤ ਵਿੱਚ ਖੇਤੀਬਾੜੀ ਦੇ ਕਾਨੂੰਨ ਸਰਕਾਰ ਤੋਂ ਤਿਆਰ ਕਰਵਾਏ। ਇਸ ਲਈ ਸਰ ਛੋਟੂ ਰਾਮ ਕਿਸਾਨਾਂ ਦੇ ਸੱਚੇ ਮੁਕਤੀਦਾਤਾ (ਮਸੀਹਾ) ਕਹੇ ਜਾਂਦੇ ਹਨ।
ਈਸ਼ਵਰ ਸਾਰੇ ਪ੍ਰਾਣੀਆਂ ਦੇ ਪ੍ਰਾਣਦਾਤਾ ਹਨ, ਕਿਸਾਨ ਸਭ ਦਾ ਅੰਨਦਾਤਾ ਹੈ। ਕਿਸਾਨ ਦੀ ਇਸ ਮਹਾਨ ਭੂਮਿਕਾ ਨੂੰ ਸਮੇਂ-ਸਮੇਂ ਉੱਤੇ ਸਾਹਿਤ ਵਿੱਚ ਬੜੇ ਆਦਰ ਨਾਲ ਪੇਸ਼ ਕੀਤਾ ਗਿਆ ਹੈ। ਕ੍ਰਾਂਤੀਕਾਰੀ ਨੇਤਾ ਅਤੇ ਉਰਦੂ ਦੇ ਮਹਾਨ ਕਵੀ ਫੈਜ਼ ਅਹਿਮਦ ਫੈਜ਼ ਨੇ ਪੰਜਾਬੀ ਵਿੱਚ ਦਿਲ ਦੀਆਂ ਭਾਵਨਾਵਾਂ ਅਤੇ ਸੰਘਰਸ਼ ਦੇ ਸੋਮੇ ਕਿਸਾਨ ਸਬੰਧੀ ਇਹ ਲਿਖਿਆ ਹੈ-
ਉਠ ਉਤਾਂਹ ਨੂੰ ਜੱਟਾ, ਮਰਦਾ ਕਿਉਂ ਜਾਏਂ,
ਭੋਲਿਆ! ਤੂੰ ਜੱਗ ਦਾ ਅੰਨਦਾਤਾ,
ਤੇਰੀ ਬਾਂਦੀ ਧਰਤੀ ਮਾਤਾ
ਤੂੰ ਜੱਗ ਦਾ ਪਾਲਣਹਾਰ,
ਤੇ ਮਰਦਾ ਕਿਉਂ ਜਾਏਂ
ਜਨਰਲ, ਕਰਨਲ, ਸੂਬੇਦਾਰ ਡਿਪਟੀ, ਡੀ ਸੀ, ਥਾਣੇਦਾਰ
ਸਾਰੇ ਤੇਰਾ ਦਿੱਤਾ ਖਾਵਣ,
ਤੂੰ ਜੇ ਨਾਂ ਬੀਜੇਂ, ਜੇ ਨਾ ਗਾਹਵੇਂ,
ਭੁੱਖੇ ਭਾਣੇ ਸਭ ਮਰ ਜਾਵਣ,
ਇਹ ਚਾਕਰ, ਤੂੰ ਸਰਕਾਰ
ਫੈਜ਼ ਅਹਿਮਦ ਫੈਜ਼ ਨੇ ਪੰਜਾਬੀ ਦੀ ਆਪਣੀ ਇਸ ਅਮਰ ਕਵਿਤਾ ਵਿੱਚ ਕਿਸਾਨ ਦੀ ਮਹਾਨਤਾ ਦਾ ਪ੍ਰਗਟਾਵਾ ਜਿਸ ਤਰ੍ਹਾਂ ਕੀਤਾ ਹੈ, ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਫੈਜ਼ ਨੇ ਕਿਸਾਨ ਨੂੰ ਮਨਫੀ ਸੋਚ ਛੱਡ ਕੇ ਹਾਂ-ਪੱਖੀ ਸੋਚ ਧਾਰਨ ਕਰਨ ਅਤੇ ਸੰਘਰਸ਼ ਕਰਨ ਦੀ ਪ੍ਰੇਰਣਾ ਇਸ਼ਾਰਿਆਂ-ਇਸ਼ਾਰਿਆਂ ਵਿੱਚ ਹੀ ਦਿੱਤੀ ਹੈ।
ਉਥੇ ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਨੇ ਕਿਸਾਨ ਦੇ ਜਜ਼ਬੇ ਅਤੇ ਉਮੰਗੰ ਨੂੰ ਕੁਝ ਇਸ ਤਰ੍ਹਾਂ ਰੂਪ ਦਿੱਤਾ ਹੈ-
ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਇਨ੍ਹਾਂ ਸਤਰਾਂ ਵਿੱਚ ਕਿਸਾਨ ਆਪਣੀ ਫਸਲ ਨੂੰ ਵੇਚ ਕੇ, ਸਰਕਾਰੀ ਅਦਾਇਗੀ ਅਤੇ ਸ਼ਾਹੂਕਾਰਾਂ ਨਾਲ ਲੈਣ-ਦੇਣ ਮੁਕਾ ਕੇ ਖ਼ੁਸ਼ੀ ਵਿੱਚ ਝੂਮਦਾ ਹੋਇਆ ਮੇਲਾ ਵੇਖਣ ਆ ਜਾਂਦਾ ਹੈ।
ਖੇਤੀਬਾੜੀ ਦੇ ਸਬੰਧ ਵਿੱਚ ਦੇਸ਼ ਵਿੱਚ ਪ੍ਰਚੱਲਿਤ ਇੱਕ ਅਖਾਣ ਇਹ ਵੀ ਹੈ:
ਉਤਮ ਖੇਤੀ, ਮੱਧਮ ਵਪਾਰ
ਨਖਿਧ ਚਾਕਰੀ, ਭੀਖ ਦਵਾਰ।
ਇਸ ਵਿਚਾਰਧਾਰਾ ਵਿੱਚ ਖੇਤੀ ਨੂੰ ਉਚਾ ਅਤੇ ਵਧੀਆ ਕਿੱਤਾ ਦੱਸਿਆ ਗਿਆ ਹੈ।
ਅੱਜ ਤੋਂ ਲੱਗਭਗ 115 ਸਾਲ ਪਹਿਲਾਂ ਜੱਟਾਂ ਬਾਰੇ ਇੱਕ ਗੀਤ ਬਾਂਕੇ ਦਿਆਲ ਨੇ ਲਿਖਿਆ ਸੀ, ਜਿਸ ਦੇ ਬੋਲ ਸਨ:
ਪੱਗੜੀ ਸੰਭਾਲ ਓ ਜੱਟਾ,
ਪੱਗੜੀ ਸੰਭਾਲ ਓਏ।
ਬਾਂਕੇ ਦਿਆਲ ‘ਝੰਗ ਸਿਆਲ' ਦੇ ਐਡੀਟਰ ਸਨ ਅਤੇ ਨਾਲ ਕਵੀ ਵੀ। ਅੰਗਰੇਜ਼ਾਂ ਦੀ ਹਕੂਮਤ ਵੇਲੇ 22 ਮਾਰਚ 1907 ਨੂੰ ਲਾਇਲਪੁਰ (ਜਿਹੜਾ ਪਾਕਿਸਤਾਨ ਵਿੱਚ ਹੈ ਅਤੇ ਜਿਸ ਨੂੰ ਅੱਜਕੱਲ੍ਹ ਫੈਸਲਾਬਾਦ ਕਿਹਾ ਜਾਂਦਾ ਹੈ) ਵਿੱਚ ਕਿਸਾਨਾਂ ਦੀ ਵੱਡੀ ਰੈਲੀ ਵਿੱਚ ਇਹ ਗੀਤ ਗਾਇਆ ਸੀ ਤਾਂ ਕਿਸਾਨਾਂ ਨੇ ਇਸ ਉੱਤੇ ਜ਼ੋਰਦਾਰ ਤਾੜੀਆਂ ਵਜਾਈਆਂ। ਇਸ ਤਰ੍ਹਾਂ ਪੱਗੜੀ ਸੰਭਾਲ ਜੱਟਾ ਦਾ ਗੀਤ ਕਿਸਾਨਾਂ ਦੀਆਂ ਭਾਵਨਾਵਾਂ ਦਾ ਵਧੀਆ ਪ੍ਰਗਟਾਵਾ ਕਰਨ ਵਾਲਾ ਮੰਨਿਆ ਗਿਆ। ਇਸ ਗੀਤ ਨੂੰ ਸੁਣਦਿਆਂ ਹੀ ਕਿਸਾਨਾਂ ਨੇ ਬਾਂਕੇ ਦਿਆਲ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਸੀ।
ਇੱਥੇ ਪੱਗੜੀ ਸੰਭਾਲ ਦਾ ਮਤਲਬ ਇਹ ਸੀ ਕਿ ਕਿਸਾਨ ਆਪਣੇ ਵੱਕਾਰ, ਮਾਣ ਅਤੇ ਸ਼ਾਨ ਨੂੰ ਸੰਭਾਲੇ। ਅੰਗਰੇਜ਼ੀ ਹਕੂਮਤ ਸਮੇਂ ਲਾਇਲਪੁਰ ਵਿੱਚ ਹੋਈ ਇਸ ਰੈਲੀ ਦਾ ਪ੍ਰਬੰਧ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਅਤੇ ਚਾਚਾ ਅਜੀਤ ਸਿੰਘ ਨੇ ਕੀਤਾ ਸੀ। ਖੇਤੀਬਾੜੀ-ਕਿਸਾਨੀ ਦਾ ਧੰਦਾ ਕਰਨ ਵਾਲੇ ਵਰਗ ਨੂੰ ਆਮ ਤੌਰ ਉੱਤੇ ਜੱਟ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਜੱਟ ਸ਼ਬਦ ਕਿਸਾਨ ਦਾ ਸਮਾਨ-ਅਰਥਕ ਹੈ।
ਦਿੱਲੀ ਵਿੱਚ ਕਿਸੇ ਸਮੇਂ ਜੱਟ ਨੇਤਾ ਚੌਧਰੀ ਸੂਰਜਮਲ ਦੀ ਹਕੂਮਤ ਰਹੀ ਹੈ ਅਤੇ ਉਸ ਦਾ ਬੁੱਤ ਦਿੱਲੀ ਵਿੱਚ ਇੱਕ ਥਾਂ ਉੱਤੇ ਲੱਗਾ ਹੋਇਆ ਹੈ। ਹਰਿਆਣਾ ਵਿੱਚ ਕਿਸਾਨਾਂ ਨੂੰ ਜਾਟ ਅਤੇ ਪੰਜਾਬ ਵਿੱਚ ਜੱਟ ਕਿਹਾ ਜਾਂਦਾ ਹੈ।
ਜਦੋਂ ਪੰਜਾਬ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀ ਤਾਂ ਅਕਾਲੀ ਦਲ ਦੇ ਉਸ ਸਮੇਂ ਦੇ ਬਹੁਤ ਵੱਡੇ ਨੇਤਾ ਸਨ ਮਾਸਟਰ ਤਾਰਾ ਸਿੰਘ। ਹੋਇਆ ਇੰਝ ਕਿ ਪ੍ਰਤਾਪ ਸਿੰਘ ਕੈਰੋਂ ਦੇ ਹੁਕਮ ਉੱਤੇ ਚੋਣ ਜ਼ਾਬਤੇ ਦੀ ਆੜ ਹੇਠ ਇੱਕ ਵਾਰੀ ਮਾਸਟਰ ਤਾਰਾ ਸਿੰਘ ਦੀ ਨਿੱਜੀ ਜੀਪ ਸਰਕਾਰੀ ਅਧਿਕਾਰੀ ਨੇ ਜ਼ਬਤ ਕਰ ਲਈ ਅਤੇ ਮਾਸਟਰ ਜੀ ਨੂੰ ਜੀਪ ਤੋਂ ਥੱਲੇ ਲਾਹ ਦਿੱਤਾ। ਫਿਰ ਮਾਸਟਰ ਜੀ ਨੂੰ ਕਈ ਵਾਰੀ ਰੋਸ ਰੈਲੀਆਂ ਕਰਨ ਤੋਂ ਵੀ ਰੋਕ ਦਿੱਤਾ। ਅਖੀਰ ਮਾਸਟਰ ਜੀ ਨੇ ਹਰਿਆਣਾ ਦੇ ਜਾਟ ਲੀਡਰ ਚੌਧਰੀ ਦੇਵੀ ਲਾਲ ਨੂੰ ਆਪਣੀ ਮਦਦ ਲਈ ਸੱਦਿਆ। ਤਰਨ ਤਾਰਨ ਵਿੱਚ ਸਰਕਾਰੀ ਬੰਦਿਸ਼ਾਂ ਨੂੰ ਤੋੜ ਕੇ ਬਹੁਤ ਭਾਰੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਚੌਧਰੀ ਦੇਵੀ ਲਾਲ ਨੇ ਆਪਣੇ ਖਾਸ ਅੰਦਾਜ਼ ਵਿੱਚ ਕਿਹਾ-‘ਸ. ਪ੍ਰਤਾਪ ਸਿੰਘ, ਤੁਸੀਂ ਜੱਟ ਹੋ ਤੇ ਮੈਂ ਜਾਟ ਹੂੰ। ਤੁਹਾਡੇ ਤੋਂ ਇੱਕ ਡੰਡਾ (ਅ ਦੀ ਮਾਤਰਾ) ਮੇਰਾ ਜ਼ਿਆਦਾ ਹੈ।’ ਇੰਨਾ ਕਹਿ ਕੇ ਉਨ੍ਹਾਂ ਇੱਕ ਡਾਂਗ ਹਵਾ ਵਿੱਚ ਲਹਿਰਾਈ। ਚੌਧਰੀ ਦੇਵੀ ਲਾਲ ਨੇ ਆਪਣੇ ਖਾਸ ਅੰਦਾਜ਼ ਵਿੱਚ ਇਸ ਤਰ੍ਹਾਂ ਕੈਰੋਂ ਨੂੰ ਸੰਦੇਸ਼ ਦਿੱਤਾ ਸੀ। ਮਾਝੇ ਦੇ ਪ੍ਰਮੁੱਖ ਵਿੱਦਿਆ ਸ਼ਾਸਤਰੀ ਮੰਗਲ ਸਿੰਘ ਕਿਸ਼ਨਪੁਰੀ ਨੇ ਕਿਸਾਨ ਦੇ ਯੋਗਦਾਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਇੰਝ ਬਿਆਨ ਕੀਤਾ ਹੈ, ‘ਕੇਵਲ ਖੇਤੀਬਾੜੀ ਤੱਕ ਹੀ ਸੀਮਤ ਨਹੀਂ ਹੈ ਕਿਸਾਨ। ਕਿਸਾਨ ਤਾਂ ਦੇਸ਼ ਦੀ ਆਰਥਿਕਤਾ ਅਤੇ ਰਾਜਨੀਤੀ ਦੀ ਵੀ ਧੁਰੀ ਹੈ।