Welcome to Canadian Punjabi Post
Follow us on

25

September 2021
 
ਸੰਪਾਦਕੀ

‘ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ।।

April 30, 2021 09:56 AM

ਪੰਜਾਬੀ ਪੋਸਟ ਸੰਪਾਦਕੀ
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਸਾਲਾ ਆਗਮਨ ਦਿਵਸ ਸੋਧੇ ਬਿਕਰਮੀ ਕੈਲੰਡਰ ਅਨੁਸਾਰ 1 ਮਈ ਨੂੰ ਮਨਾਇਆ ਜਾ ਰਿਹਾ ਹੈ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਇਹ ਪਾਵਨ ਦਿਹਾੜਾ 1 ਮਈ ਨੂੰ ਆ ਰਿਹਾ ਹੈ ਜਾਂ ਪੁਰਾਣੇ ਨਾਨਕਸ਼ਾਹੀ ਕੈਲੰਡਰ ਮੁਤਾਬਕ 18 ਅਪਰੈਲ ਨੂੰ ਮਨਾਇਆ ਜਾਣਾ ਚਾਹੀਦਾ ਸੀ। ਮਿਤੀਆਂ ਤਿੱਥਾਂ ਬਾਰੇ ਬਹਿਸ ਕਾਲ ਦੇ ਦਾਇਰੇ ਤੱਕ ਸੀਮਤ ਹੋ ਕੇ ਕੀਤੀ ਜਾਂਦੀ ਹੈ। ਅਜਿਹੀ ਬਹਿਸ ਕਾਲਾਤੀਤ ਅਕਾਲ ਪੁਰਖ ਦੇ ਪਰਥਾਏ ਜਗਤ ਜਲੰਤੇ ਨੂੰ ਨੇਕ ਰਾਹ ਤੋਰਨ ਆਏ ਗੁਰੂ ਸਾਹਿਬਾਨਾਂ ਦੀਆਂ ਅਦੁੱਤੀ ਘਾਲਣਾਵਾਂ ਬਾਬਤ ਨਹੀਂ ਹੋ ਸਕਦੀ। ਹਾਂ, ਕਾਲ ਦੀ ਸੀਮਾ ਸਾਨੂੰ ਇਹ ਸੋਚਣ ਲਈ ਮਜਬੂਰ ਜਰੂਰ ਕਰਦੀ ਹੈ ਕਿ ਅਕਾਲ ਦੇ ਰਹਿਬਰਾਂ ਦੀ ਯਾਦ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਜਾਣੇ ਅਨਜਾਣੇ ਅਸੀਂ ਕਿਸ ਰਸਤੇ ਤੁਰਨ ਤੋਂ ਬਚਾਅ ਕਰਨ ਵਿੱਚ ਸਾਡੀ ਭਲਾਈ ਹੈ। ਜੇ ਅਸੀਂ ਗੁਰੂ ਸਾਹਿਬਾਨਾਂ ਦੀ ਯਾਦ ਨਮਿੱਤ ਦਿਹਾੜਿਆਂ ਤੋਂ ਕੋਈ ਸਾਰਥਕ ਸਬਕ ਸਿੱਖ ਕੇ ਅਮਲਾਂ ਵਿੱਚ ਨਾ ਉਤਾਰੀਏ ਤਾਂ ਹੋਰ ਕੁੱਝ ਵੀ ਕੀਤਾ ਕਰਮ ਕਾਂਡ ਬਰਾਬਰ ਹੀ ਹੋਵੇਗਾ। ਕਰਮ ਕਾਂਡਾਂ ਨਾਲ ਸਾਡੇ ਮਨ, ਬੁੱਧੀ, ਚਿੱਤ, ਹੰਕਾਰ ਵਰਗੇ ਅਵਗੁਣ ਤਾਂ ਬੇਸ਼ੱਕ ਸਿਰ ਚੜ ਬੋਲਣ ਪਰ ਗੁਰੂ ਦੀ ਸ਼ਰਨ ਤਿਲ ਮਾਤਰ ਵੀ ਭੇਟਾ ਕਬੂਲ ਨਹੀਂ ਹੋ ਸਕੇਗੀ।

ਅੱਜ ਜਦੋਂ ਸਿੱਖ ਭਾਈਚਾਰਾ ਸਮੁੱਚੇ ਵਿਸ਼ਵ ਵਿੱਚ ਫੈਲ ਚੁੱਕਾ ਹੈ ਅਤੇ ਵਿਸ਼ਵ ਭਰ ਵਿੱਚ ਕੋਵਿਡ-19 ਦੀ ਮਹਾਮਾਰੀ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਤਾਂ ਸਿੱਖ ਭਾਈਚਾਰੇ ਵੱਲੋਂ ਭਾਰਤ ਵਿੱਚ ਵੱਖ ਵੱਖ ਥਾਵਾਂ ਉੱਤੇ ਲਾਏ ਗਏ ਆਕਸੀਜਨ ਦੇ ਮੁਫ਼ਤ ਲੰਗਰਦਾਨ ਨੂੰ ਗੁਰੂ ਸਾਹਿਬ ਦੀ ਕ੍ਰਿਆ ਦਾ ਹੀ ਪਸਾਰਾ ਆਖਿਆ ਜਾ ਸਕਦਾ ਹੈ। ਇਹ ਪਸਾਰਾ ਉਸ ਸ਼ਕਤੀ-ਕ੍ਰਿਆ ਦਾ ਹੈ ਜਿਸਦੇ ਰੱਬੀ ਆਦੇਸ਼ ਤਹਿਤ ਗੁਰੂ ਸਾਹਿਬ ਨੇ ਮਨੁੱਖਤਾ ਦੇ ਭਲੇ ਲਈ ਧਰਮ, ਨਸਲ ਅਤੇ ਜਾਤ ਦੇ ਵਿਤਕਰੇ ਨੂੰ ਨਕਾਰ ਕੇ ਪ੍ਰਭੂ-ਅਸੀਮਤਾ ਨਾਲ ਲੈਸ ਆਪਣਾ ਅਸੀਮ ਸੀਸ ਵਾਰ ਦਿੱਤਾ ਸੀ। ਦੁੱਖ ਇਸ ਗੱਲ ਦਾ ਹੈ ਕਿ ਅੱਜ ਸਿੱਖ ਭਾਈਚਾਰਾ ਖੁਦ ਹੀ ਜਾਤਾਂ ਪਾਤਾਂ ਦੇ ਸੌੜੇ ਜਾਲ ਵਿੱਚ ਉਲਝਿਆ ਹੋਇਆ ਹੈ। ਗੱਲ ਗੱਲ ਉੱਤੇ ਇੱਕ ਦੂਜੇ ਨੂੰ ਜਾਤਾਂ, ਧਰਮਾਂ, ਮਾਵਾਂ ਭੈਣਾਂ ਦੇ ਨਾਮ ਤਾਅਨੇ ਮਿਹਣੇ ਮਾਰਦੇ ਸਾਡੇ ਭੁੱਲੜਾਂ ਦਾ ਗੁਰੂ ਸਾਹਿਬਾਨਾਂ ਦੇ ਆਗਮਨ ਦਿਵਸ ਕਿਸੇ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਕਿੰਨਾ ਕੁ ਸਾਰਥਕ ਹੋ ਸਕਦਾ ਹੈ?

ਵਿਸ਼ਵ ਪੱਧਰ ਉੱਤੇ ਸੰਖਿਆਤਮਕ ਰੂਪ ਵਿੱਚ ਫੈਲਦੀ ਸਿੱਖੀ ਨੂੰ ਚੁਣੌਤੀ ਇਹ ਵੀ ਹੈ ਕਿ ਉਹ ਗੁਰੂ ਤੇਗ ਬਹਾਦੁਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਲੋਕਾਈ ਸਾਹਵੇਂ ਕਿਸ ਢੰਗ ਪੇਸ਼ ਕਰਨ ਅਤੇ ਕਿਸ ਢੰਗ ਕੂੜ ਪ੍ਰਚਾਰ ਤੋਂ ਲਾਭੇਂ ਰੱਖਣ। ਮਿਸਾਲ ਵਜੋਂ ਆਪਣੀ ਠੋਕਵੀਂ ਅਤੇ ਪਰਪੱਕ ਪੱਤਰਕਾਰੀ ਲਈ ਮਸ਼ਹੂਰ ਇੰਗਲੈਂਡ ਦੀ ਨਿਊਜ਼ ਏਜੰਸੀ ‘ਬੀ.ਬੀ.ਸੀ’ ਦੇ Though of the Day ਰੇਡੀਓ ਫੀਚਰ ਨਾਲ ਲਾਰਡ ਇੰਦਰਜੀਤ ਸਿੰਘ (Lord Inderjit Singh) 35 ਸਾਲ ਤੱਕ ਜੁੜੇ ਰਹੇ ਸਨ। ਅਕਤੂਬਰ 2019 ਵਿੱਚ ਉਹਨਾਂ ਨੂੰ ਬੀਬੀਸੀ ਤੋਂ ਅਲਹਿਦਾ ਹੋਣ ਦਾ ਫੈਸਲਾ ਕਰਨਾ ਪਿਆ ਸੀ। ਕਾਰਣ ਕਿ ‘ਬੀ.ਬੀ.ਸੀ’ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਕਿ ‘ਬੀ.ਬੀ.ਸੀ’ ਰੇਡੀਓ ਤੋਂ ਲਾਰਡ ਇੰਦਰਜੀਤ ਸਿੰਘ ਇਹ ਸੱਚ ਬੋਲਣ ਕਿ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਭਾਰਤ ਦੇ ਤਤਕਾਲੀ ਸਾਸ਼ਕਾਂ ਦੀ ਧਾਰਮਿਕ ਕੱਟੜਵਾਦ ਸੋਚ ਅਤੇ ਨੀਤੀ ਦੇ ਵਿਰੁੱਧ ਸੀ। ‘ਬੀ.ਬੀ.ਸੀ’ ਦਾ ਤਰਕ ਸੀ ਕਿ ਇਸ ਪੁਰਾਣੇ ਸੱਚ ਬਾਰੇ ਅੱਜ ਦੇ ਪਰੀਪੇਖ ਵਿੱਚ ਗੱਲ ਕਰਨ ਨਾਲ ਇੰਗਲੈਂਡ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਧਾਰਮਿਕ ਵੱਖਰੇਵਾਂ ਫੈਲੇਗਾ। ਵੈਸ਼ਵਿਕ ਸੰਦਰਭ ਵਿੱਚ ਸਿੱਖੀ ਅਧਿਆਤਮਵਾਦ ਨੂੰ ਸਮਝਣ ਅਤੇ ਪਰੇਮ ਕਰਨ ਵਾਲਿਆਂ ਲਈ ‘ਬੀ.ਬੀ.ਸੀ’ ਵਰਗੇ ਅਦਾਰਿਆਂ ਦੀ ਪਹੁੰਚ ਕਈ ਸੁਆਲ ਖੜ੍ਹੇ ਕਰਦੀ ਹੈ। ਮੂਲ ਸੁਆਲ ਹੈ ਕਿ ਜਿਹਨਾਂ ਗੁਰੂ ਸਾਹਿਬਾਨਾਂ ਨੇ ਧਰਮ, ਜਾਤ ਅਤੇ ਨਸਲ ਦੇ ਵਿਤਕਰੇ ਨੂੰ ਮੂਲੋਂ ਨਕਾਰਿਆ, ਉਹਨਾਂ ਦੀ ਸ਼ਹਾਦਤ ਅਤੇ ਅਮਲ ਨੂੰ ਅਜੋਕੇ ਧਾਰਮਿਕ ਕੱਟੜਵਾਦ ਦੀ ਨੁਕਤਾਚੀਨੀ ਦੇ ਸਾਹਵੇਂ ਜੱਗ ਜਾਹਰ ਕਿਵੇਂ ਕੀਤਾ ਜਾਵੇ!

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵੱਲੋਂ ਮਜ਼ਬੂਤ ਕੀਤੀ ਗਈ ਨਿਰੱਪਖ ਅਤੇ ਨਿਰਲੇਪ ਅਧਿਆਤਮਕ ਧਰੋਹਰ ਨੂੰ ਸਮਝਣ ਲਈ ਇਹ ਕੇਹੀ ਖੂਬਸੂਰਤ ਮਿਸਾਲ ਹੈ ਕਿ ਉਹਨਾਂ ਨਾਲ ਦਿੱਲੀ ਵਿੱਚ ਸ਼ਹੀਦ ਹੋਣ ਵਾਲੇ ਤਿੰਨ ਸ਼ਰਧਾਲੂ ਭਾਈ ਮਤੀ ਦਾਸ, ਭਾਈ ਸਤੀ ਦਾਸ (ਦੋਵੇਂ ਬ੍ਰਾਹਮਣ ਅਤੇ ਸੱਕੇ ਭਰਾ) ਅਤੇ ਭਾਈ ਦਿਆਲਾ (ਆਰਥਿਕ ਪੱਖੋਂ ਬਹੁਤ ਗਰੀਬ/ਮਸਕੀਨ) ਮਹਾਨ ਆਤਮਾਵਾਂ ਧਰਮ ਦੇ ਲਿਹਾਜ ਨਾਲ ਹਿੰਦੂ ਸਨ। ਗੁਰੂ ਸਾਹਿਬ ਦੇ ਸ਼ੀਸ਼ ਨੂੰ ਲੈ ਕੇ ਜਿਸ ਵਕਤ ਭਾਈ ਰੰਘਰੇਟਾ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਏ ਤਾਂ ਹਰਿਆਣੇ ਦੇ ਸੋਨੀਪਤ ਜਿਲ੍ਹੇ ਦੇ ਹਿੰਦੂ ਜਾਟ ਖੁ਼ਸ਼ਾਲ ਸਿੰਘ ਦਹੀਆ ਨੇ ਪੇਸ਼ਕਸ਼ ਕੀਤੀ ਸੀ ਕਿ ਉਸਦਾ ਸਿਰ ਕੱਟ ਕੇ ਗੁਰੂ ਸਾਹਿਬ ਜੀ ਦੇ ਸੀਸ ਦੀ ਥਾਂ ਰੱਖ ਦਿੱਤਾ ਜਾਵੇ। ਖੁਸ਼ਾਲ ਸਿੰਘ ਦਹੀਆ ਨੇ ਆਪਣੀ ਇਸ ਸ਼ਰਧਾ ਅਤੇ ਹਿੰਮਤ ਦੀ ਕੀਮਤ ਸਮੇਂ ਦੀ ਜਾਬਰ ਔਰੰਗਜੇਬ ਸਰਕਾਰ ਦੇ ਹੁਕਮਾਂ ਉੱਤੇ ਸ਼ਹੀਦ ਹੋ ਕੇ ਚੁਕਾਈ ਸੀ। ਇਹ ਮਿਸਾਲਾਂ ਧਰਮਾਂ ਦੇ ਵੱਖਰੇਵੇਂ ਨੂੰ ਨਹੀਂ ਸਗੋਂ ਧਰਮ ਦੀ ਭਾਵਨਾ ਉੱਤੇ ਕੁਰਬਾਨ ਹੋਣ ਦੀ ਤਾਂਘ ਦੀਆਂ ਲਖਾਇਕ ਹਨ।

ਅੱਜ ਜਿੱਥੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਇਸ ਧਰੋਹਰ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਉੱਤੇ ਤੁਰਨ ਦੇ ਲੋੜ ਹੈ, ਉੱਥੇ ਬਾਬਾ ਤਿਆਗ ਮੱਲ ਤੋਂ ਗੁਰੂ ਤੇਗ ਬਹਾਦੁਰ ਦਾ ਰੂਪ ਧਰਨ ਵਾਲੇ ਗੁਰੂ ਸਾਹਿਬ ਦੇ ਸੁਨੇਹੇ ਨੂੰ ਹਰ ਵਰਗ ਨਾਲ ਬਿਨਾ ਡਰ ਭੈਅ ਤੋਂ ਸਾਂਝਾ ਕੀਤੇ ਜਾਣ ਦੀ ਲੋੜ ਵੀ ਹੈ। ਆਖਰ ਗੁਰੂ ਤੇਗ ਬਹਾਦੁਰ ਸਾਹਿਬ ਨੇ ਹੀ ਤਾਂ ਫੁਰਮਾਨ ਕੀਤਾ ਸੀ:

ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ।।

ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨਿ।।

 
Have something to say? Post your comment