Welcome to Canadian Punjabi Post
Follow us on

25

September 2021
 
ਸੰਪਾਦਕੀ

ਵਰਤਮਾਨ ਕੈਨੇਡੀਅਨ ‘ਸਿਸਫਸ’ (Sisphus) ਦਾ ਦੁਖਾਂਤ

October 23, 2020 10:25 AM

ਪੰਜਾਬੀ ਪੋਸਟ ਸੰਪਾਦਕੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਆਪਣਾ ਇੱਕ ਨਿੱਜੀ ਅਕਸ ਖੜਾ ਕਰਨ ਦੀ ਹਮੇਸ਼ਾ ਕੋਸਿ਼ਸ਼ ਕੀਤੀ ਹੈ ਕਿ ਇਮਾਨਦਾਰ ਸਿਆਸਤ ਉਸਦਾ ਗਹਿਣਾ ਹੈ (ਬਸ਼ਰਤੇ ਤੁਸੀਂ WE ਚੈਰਟੀ ਦੇ ਕਿੱਸੇ ਨੂੰ ਵੇਖਣਾ ਨਾ ਚਾਹੋ), ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣੇ ਸਿਰਫ਼ ਉਹਨਾਂ ਤੋਂ ਸਿੱਖੇ ਜਾ ਸਕਦੇ ਹਨ (ਬਸ਼ਰਤੇ ਸੱਚ ਬੋਲਣ ਦੀ ਜ਼ੁਰੱਅਤ ਕਰਨ ਵਾਲੀ ਇੱਕ ਮੂਲਵਾਸੀ ਔਰਤ ਜੋਡੀ ਵਿਲਸਨ ਨੂੰ ਮੱਖਣ ਵਿੱਚੋਂ ਵਾਲ ਵਾਗੂੰ ਕੱਢਣ ਨੂੰ ਅਣਵੇਖਿਆ ਕਰਨਾ ਚਾਹੋ), ਸੱਭਨਾਂ ਲੋਕਾਂ ਨੂੰ ਬਰਾਰਬਰ ਮੰਨਣਾ ਚਾਹੀਦਾ ਹੈ (ਬਸ਼ਰਤੇ ਤੁਸੀਂ ਬਲੈਕ ਅਤੇ ਸਾਊਥ ਏਸ਼ੀਅਨਾਂ ਦਾ ਮਜਾਕ ਕਰਨ ਲਈ ਮੂੰਹ ਕਾਲੇ ਰੰਗ ਵਿੱਚ ਰੰਗਣ ਨੂੰ ਸਹੀ ਸਮਝਣਾ ਚਾਹੋ) ਆਦਿ। ਟਰੂਡੋ ਹੋਰਾਂ ਦਾ ਦਾਅਵਾ ਹੈ ਕਿ ਦੇਸ਼ ਦੇ ਸੰਵਿਧਾਨਕ ਮੰਦਰ ਭਾਵ ਪਾਰਲੀਮੈਂਟ ਦੀ ਪਵੱਤਿਰਤਾ ਦਾ ਸਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ (ਬਸ਼ਰਤੇ ਤੁਸੀਂ ਪਾਰਲੀਮੈਂਟ ਨੂੰ ਸਥਗਿਤ (prorogue) ਕਰਨ ਅਤੇ WE ਚੈਰਟੀ ਦਾ ਸੱਚ ਜਾਨਣ ਦੀ ਮੰਗ ਨੂੰ ਦੇਸ਼ ਵਿਰੋਧੀ ਕਰਾਰ ਦੇਣ ਨੂੰ ਅਣਦੇਖਿਆ ਕਰਨਾ ਚਾਹੋ)। ਜੇ ਤੁਸੀਂ ਚਾਹੋ ਤਾਂ ਇਹ ਵੀ ਕਰ ਸਕਦੇ ਹੋ ਕਿ ਦੋਗਲੇ ਵਤੀਰੇ ਨੂੰ ‘ਸਿਸਫਸ (Sisphus) ਵਤੀਰਾ ਸਮਝ ਕੇ ਨੇਤਾਵਾਂ ਦੀ ਕਹਿਣੀ ਅਤੇ ਕਰਨੀ ਵਿੱਚਲੇ ਫਰਕ ਨੂੰ ਸਮਝਣ ਦੀ ਕੋਸਿ਼ਸ਼ ਕਰੋ।

‘ਸਿਸਫਸ (Sisphus) ਗਰੀਕ ਭਾਵ ਯੂਨਾਨੀ ਮਿਥਹਾਸ ਵਿੱਚ ਮਿਲਦਾ ਉਹ ਰਾਜਾ ਹੈ ਜੋ ਸਵੈ ਦੀ ਹਊਮੇ ਪੂਰਤੀ ਲਈ ਲੋੜੋਂ ਵੱਧ ਵੱਡੀਆਂ ਡੀਂਗਾਂ ਮਾਰਦਾ ਹੁੰਦਾ ਸੀ। ਫੋਕੀਆਂ ਡੀਂਗਾਂ ਮਾਰਨ ਸਦਕਾ ਅਗਲੇ ਰਾਜਿਆਂ ਵੱਲੋਂ ਉਸਨੂੰ ਇਹ ਸਜ਼ਾ ਦਿੱਤੀ ਗਈ ਕਿ ਉਹ ਇੱਕ ਪਹਾੜੀ ਤੋਂ ਇੱਕ ਵੱਡ ਅਕਾਰੀ ਪੱਥਰ ਥੱਲੇ ਸੁੱਟੇ ਅਤੇ ਪੱਥਰ ਦੇ ਥੱਲੇ ਪੁੱਜਣ ਉੱਤੇ ਇਸਨੂੰ ਉੱਤੇ ਲਿਜਾ ਕੇ ਫੇਰ ਥੱਲੇ ਧੱਕਾ ਦੇਵੇ। ਭਾਵ ਇੱਕੋ ਹੀ ਕੰਮ ਨੂੰ ਵਾਰ-ਵਾਰ ਦੁਹਰਾਵੇ ਬੇਸ਼ੱਕ ਉਸ ਕੰਮ ਦਾ ਕੋਈ ਅਰਥ ਨਾ ਹੋਵੇ। ਆਧੁਨਿਕ ਸਮਿਆਂ ਵਿੱਚ (1942 ਵਿੱਚ) ਇੱਕ ਨਾਵਲ The Myth of Sisphus ਲਿਖਿਆ ਗਿਆ ਜਿਸਦਾ ਕੇਂਦਰੀ ਨੁਕਤਾ ਸੀ ਕਿ ਮਨੁੱਖ ਇੱਕ ਪਾਸੇ ਜਿੰ਼ਦਗੀ ਨੂੰ ਇੱਕ ਇੱਕ ਖੂਬਸੂਰਤ ਅਰਥਾਂ ਵਿੱਚ ਰੰਗਣ ਦੀ ਕੋਸਿ਼ਸ਼ ਕਰਦਾ ਹੈ ਤਾਂ ਦੂਜੇ ਪਾਸੇ ਉਸਨੂੰ ਸਮੁੱਚੀ ਕਾਇਤਾਨ ਦੀ ਚੁੱਪ ਹਾਸਲ ਹੁੰਦੀ ਹੈ। The Myth of Sisphus ਦਾ ਲੇਖਕ ਦੱਸਣ ਦੀ ਕੋਸਿ਼ਸ਼ ਕਰਦਾ ਹੈ ਕਿ ਅਸੀਂ ਮਨੁੱਖ ਐਂਵੇ ਹੀ ਵਾਰ ਵਾਰ ਝੂਠ ਅਤੇ ਹਊਮੇ ਦੇ ਪੱਥਰਾਂ ਨੂੰ ‘ਥੱਲੇ ਉੱਪਰ’ ਸੁੱਟਦੇ ਚੁੱਕਦੇ ਰਹਿੰਦੇ ਹਾਂ।

‘ਸਿਸਫਸ ਦੁਖਾਂਤ’ ਦੇ ਪਰੀਪੇਖ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਕਸ ਨੂੰ ਵੇਖਣਾ ਦਿਲਚਸਪ ਹੈ। 2015 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਰਿਸ਼ਵਤ ਖਾਸ ਕਰਕੇ ਵਿਦੇਸ਼ੀ ਸ੍ਰੋਤੀ ਵੱਲੋਂ ਕੈਨੇਡਾ ਵਿੱਚ ਪੈਸਾ ਧੱਕਣ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ ਹੈ ਸਿਵਾਏ ਐਸ ਐਨ ਸੀ ਲਾਵਾਲਿਨ ਵਰਗੇ ਮੁੱਦਿਆਂ ਵਿੱਚ ਇਮਾਨਦਾਰਾਂ ਨੂੰ ਸਜ਼ਾ ਦੇਣ ਅਤੇ ਕੁਰੱਪਟਾਂ ਨੂੰ ਬਚਾਉਣ ਤੋਂ। ਪਰ ਗੱਲਾਂ ਖੂਬ ਕੀਤੀਆਂ ਜਾਂਦੀਆਂ ਹਨ। ਬੀਤੇ ਦਿਨੀਂ ਟਰਾਂਸਪੇਰੈਂਟੀ ਇੰਟਰਨੈਸ਼ਨਲ (Transparency Internationalਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ G-20 ਮੁਲਕਾਂ ਵਿੱਚ ਵਿਦੇਸ਼ੀ ਸ੍ਰੋਤਾਂ ਵੱਲੋਂ ਪੈਸਾ ਧੱਕਣ ਨੂੰ ਰੋਕਣ ਵਿੱਚ ਪ੍ਰਤੀਬੱਧਤਾ (Anti money laundering commitments) ਵਿਖਾਉਣ ਵਿੱਚ ਕੈਨੇਡਾ ਦਾ ਨੰਬਰ ਸੱਭ ਤੋਂ ਥੱਲੇ ਹੈ। ਇਵੇਂ ਹੀ ਇੰਗਲੈਂਡ ਆਧਾਰਿਤ ‘ਟੈਕਸ ਜਸਟਿਸ ਨੈੱਟਵਰਕ 2020’ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਕਿ ਵਿਦੇਸ਼ੀ ਸ੍ਰੋਤਾਂ ਵੱਲੋਂ ਟੈਕਸ ਬਚਾਉਣ ਲਈ ਪੈਸੇ ਸੁੱਟਣ ਲਈ ਕੈਨੇਡਾ ਪਹਿਲਾਂ ਹੀ ਬਹਿਸ਼ਤ ਸੀ ਪਰ ਹੁਣ ਵੱਡੀਆਂ ਕਾਰਪੋਰੇਸ਼ਨਾਂ ਰਾਹੀਂ ਦੋ ਨੰਬਰ ਦੇ ਪੈਸੇ ਭੇਜਣ ਲਈ ਵੀ ਇਹ ਮੋਹਰੀ ਬਣ ਰਿਹਾ ਹੈ। 2019 ਵਿੱਚ ਅਮਰੀਕਾ ਦੇ ਸਟੇਟ ਡੀਪਾਰਟਮੈਂਟ ਨੇ ਕੈਨੇਡਾ ਨੂੰ ਅਫਗਾਨਸਤਾਨ, ਚੀਨ, ਮਕਾਊ ਅਤੇ ਕੋਲੰਬੀਆ ਵਰਗੇ ਮੁਲਕਾਂ ਦੇ ਨਾਲ ਆਪਣੀ ਉਸ ਲਿਸਟ ਵਿੱਚ ਸ਼ਾਮਲ ਕੀਤਾ ਸੀ ਜਿਹੜੇ ਵਿਸ਼ਵ ਵਿੱਚ ਪੈਸੇ ਦੇ ‘ਹੇਰ ਫੇਰ’ ਨੂੰ ਰੋਕਣ ਵਿੱਚ ਨਾਕਾਮਯਾਬ ਰਹਿ ਰਹੇ ਹਨ। ਇਸ ਸਾਲ ਟਰੂਡੋ ਸਰਕਾਰ ਨੇ ਇਹ ਸਮੱਸਿਆ ਨੂੰ ਰੋਕਣ ਲਈ ਬੇਸ਼ੱਕ ਬੱਜਟ ਵਿੱਚ 200 ਮਿਲੀਅਨ ਡਾਲਰ ਨਿਰਧਾਰਤ ਕੀਤੇ ਸਨ ਪਰ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ਵਿੱਚ ਡੱਕਾ ਤੱਕ ਨਹੀਂ ਤੋੜਿਆ।

ਜਿਸ ਕਿਸਮ ਦੀ ਸੱਮਸਿਆ ਬਾਰੇ ਅੰਤਰਰਾਸ਼ਟਰੀ ਜੱਥੇਬੰਦੀਆਂ ਕੈਨੇਡਾ ਨੂੰ ਤਾੜਨਾ ਕਰ ਰਹੀਆਂ ਹਨ, ਉਸ ਸੱਮਸਿਆ ਦੀ ਇੱਕ ਮਿਸਾਲ ਨੂੰ ਸਿਆਨਣ ਲਈ ਦੂਰ ਵੇਖਣ ਦੀ ਲੋੜ ਨਹੀਂ। ਕੈਨੇਡਾ ਦੇ ਵੱਡੇ 2 ਸ਼ਹਿਰਾਂ (ਵੈਨਕੂਵਰ, ਟੋਰਾਂਟੋ ਆਦਿ) ਦੇ ਕੌਂਡੋ ਟਾਵਰਾਂ ਵਿੱਚ ਚੀਨ ਤੋਂ ਲੈ ਕੇ ਕਜ਼ਾਕਤਸਤਾਨ ਤੋਂ ਇਰਾਨ ਤੋਂ ਆ ਰਹੇ ਪੈਸੇ ਦਾ ਵੱਡੀ ਪੱਧਰ ਉੱਤੇ ਲੱਗਣਾ ਸੱਭ ਦੇ ਸਾਹਮਣੇ ਹੈ। ਇਸ ਰੁਝਾਨ ਨੇ ਆਮ ਕੈਨੇਡੀਅਨ ਲਈ ਮੌਰਗੇਜ਼ ਲੈਣਾ ਪਹੁੰਚ ਤੋਂ ਬਾਹਰ ਕੀਤਾ ਹੋਇਆ ਹੈ। ਫੇਰ ਲੀਬੀਆ ਦੇ ਕਰਨਲ ਗੱਦਾਫੀ ਤੋਂ ਲੈ ਕੇ ਐਨ ਐਨ ਸੀ ਲਾਵਾਲਿਨ ਵਰਗੀਆਂ ਸੈਂਕੜੇ ਹੋਰ ਮਿਸਾਲਾਂ ਹੋ ਸਕਦੀਆਂ ਹਨ। ਦੁਖਾਂਤ ਇਹ ਨਹੀਂ ਕਿ ਇਹ ਵਰਤਾਰਾ ਕਿਉਂ ਬੰਦ ਨਹੀਂ ਹੋ ਰਿਹਾ। ਦੁਖਾਂਤ ਇਹ ਹੈ ਕਿ ‘ਸਿਸਫਸ ਦੁਖਾਂਤ’ ਦੇ ਚੱਲਦੇ ‘ਰੋਮਨ ਸੜ ਰਿਹਾ ਹੈ ਅਤੇ ਨੀਰੋ ਬੰਸਰੀ’ ਵਜਾ ਰਿਹਾ ਹੈ  (Nero fiddles while Rome burns)

 
Have something to say? Post your comment