Welcome to Canadian Punjabi Post
Follow us on

29

September 2021
 
ਸੰਪਾਦਕੀ

ਥਰੋਨ ਸਪੀਚ: ਇੱਕ ਖੂਬਸੂਰਤ ਸੁਫਨਾ

September 28, 2020 06:14 AM

ਜਗਦੀਸ਼ ਗਰੇਵਾਲ

ਸੁਫਨਿਆਂ ਬਾਰੇ ਇੱਕ ਚੰਗੀ ਗੱਲ ਇਹ ਹੁੰਦੀ ਹੈ ਕਿ ਵੇਖਣ ਵਾਲੇ ਦਾ ਉਹਨਾਂ ਉੱਤੇ ਕੋਈ ਕਾਬੂ ਨਹੀਂ ਹੁੰਦਾ ਬੱਸ ਉਹ ਚੰਗਾ ਮੰਦਾ ਸੁਨੇਹਾ ਦੇ ਕੇ ਅੱਗੇ ਹੋ ਜਾਂਦੇ ਹਨ। ਗਵਰਨਰ ਜਨਰਲ ਜੂਲੀ ਪੇਅ-ਐਟ ਦੇ ਮੂੰਹੋਂ ਬੁਲਵਾਈ ਗਈ ਥਰੋਨ ਸਪੀਚ ਨੂੰ ਜੇ ਕਰ ਗੌਰ ਨਾਲ ਘੋਖਿਆ ਜਾਵੇ ਤਾਂ ਉਸ ਵਿੱਚ ਹਰ ਵਰਗ ਦੇ ਕੈਨੇਡੀਅਨ ਨੂੰ ਕੁੱਝ ਨਾ ਕੁੱਝ ਦੇਣ ਦਾ ਸੁਫ਼ਨਾ ਵਿਖਾਇਆ ਗਿਆ ਹੈ। ਸੱਭ ਤੋਂ ਪਹਿਲਾਂ ਇਹ ਗੱਲ ਕਬੂਲਣ ਵਾਲੀ ਹੈ ਕਿ COVID 19 ਦੀ ਦੂਜੀ ਲਹਿਰ ਸਾਡੀਆਂ ਬਰੂਹਾਂ ਉੱਤੇ ਹੈ ਜਿਸਦਾ ਮੁਕਾਬਲਾ ਕਰਨ ਲਈ ਇਹ ਅਤੀਅੰਤ ਜਰੂਰੀ ਹੈ ਕਿ ਕੈਨੇਡੀਅਨਾਂ ਨੂੰ ਬਣਦੀ ਮਦਦ ਦਿੱਤੀ ਜਾਵੇ। ਕਿਸੇ ਕੈਨੇਡੀਅਨ ਦਾ ਥਰੋਨ ਸਪੀਚ ਵਿੱਚ ਤੋਂ ਬਾਅਦ ਕੈਨੇਡਾ ਐਮਰਜੰਸੀ ਵੇਜ ਸਬਸਿਡੀ ਨੂੰ ਅਗਲੇ ਸਾਲ ਗਰਮੀ ਦੀ ਰੁੱਤ ਤੱਕ ਵਧਾਉਣ ਜਾਂ ਕੈਨੇਡਾ ਐਮਰਜੰਸੀ ਰੀਸਪਾਂਸ ਬੈਨੇਫਿਟ ਦੀ ਤਰਜ਼ ਉੱਤੇ ਇੰਪਲਾਇਮੈਂਟ ਇਸ਼ੰਰੈਂਸ ਦੀ ਰਾਸ਼ੀ ਨੂੰ 500 ਡਾਲਰ ਪ੍ਰਤੀ ਹਫ਼ਤਾ ਕਰਨ ਬਾਬਤ ਵਿਰੋਧ ਵਿੱਚ ਨਹੀਂ ਹੋ ਸਕਦਾ। ਇਹ ਸਹਾਇਤਾ COVID 19 ਦੇ ਇਸ ਅਣਕਿਆਸੇ ਸਮੇਂ ਵਿੱਚ ਦਿੱਤੀ ਜਾਣੀ ਬਹੁਤ ਲਾਜ਼ਮੀ ਹੈ।

ਥਰੋਨ ਸਪੀਚ ਅਤੇ ਪ੍ਰਧਾਨ ਮੰਤਰੀ ਦੇ ਅਸਮਾਨੀਂ ਛੂੰਹਦੇ ਬਿਆਨਾਂ ਬਾਰੇ ਸੁਆਲ ਸਿਰਫ਼ ਇਹ ਹੈ ਕਿ ਕੀ ਮਦਦ ਦੇਣ ਵਾਲੇ ਵਿਅਕਤੀ ਨੂੰ ਪਤਾ ਨਹੀਂ ਹੋਣਾ ਚਾਹੀਦਾ ਹੈ ਕਿ ਉਸ ਦੀ ਜੇਬ ਵਿੱਚ ਕਿੰਨਾ ਕੁ ਧਨ ਹੈ ਤਾਂ ਜੋ ਉਹ ਆਪਣੇ ਹੋਰ ਖਰਚਿਆਂ ਨੂੰ ਕਾਬੂ ਕਰਨ ਕਾਬਲ ਹੋਵੇ? 6800 ਸ਼ਬਦਾਂ ਵਾਲੀ ਥਰੋਨ ਸਪੀਚ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ, ਉਸ ਵਿੱਚ ਅਜਿਹੇ ਸਿਧਾਂਤ ਅਤੇ ਫਲਸਫੇ ਭਰੇ ਗਏ ਹਨ ਕਿ ਪੜ ਕੇ ਇੰਝ ਜਾਪਦਾ ਹੈ ਕਿ ਸਾਡੇ ਦੇਸ਼ ਕੋਲ ਹਰ ਸਮੱਸਿਆ ਨੂੰ ਦੂਰ ਕਰਨ ਦਾ ਸਟੀਕ ਫਾਰਮੂਲਾ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਇਸ ਫਾਰਮੂਲੇ ਨੂੰ ਪੂਰਾ ਕਰਨ ਲਈ ਧਨ ਸੰਪਤੀ ਕਿੱਥੋਂ ਆਵੇਗੀ। ਹੋਰ ਤਾਂ ਹੋਰ ਲਿਬਰਲ ਸਰਕਾਰ ਦੀ ਚਹੇਤੀ ‘ਸੀ ਬੀ ਸੀ’ ਵੱਲੋਂ ਵੀ ਥਰੋਨ ਸਪੀਚ ਨੂੰ ‘ਸ਼ਬਦਾਵਲੀ ਵਿੱਚ ਜੀ ਟੀ ਰੋਡ ਜਿੰਨੀ ਲੰਬੀ ਪਰ ਵਿਆਖਿਆ ਵਿੱਚ ਢਿੱਲੀ’ (A throne speech long on language and ambition, short on specifics ਕਰਾਰ ਦਿੱਤਾ ਗਿਆ ਹੈ। ਮਿਸਾਲ ਵਜੋਂ ਜਦੋਂ ਪਰਸੋਂ ਵਿੱਤ ਮੰਤਰੀ ਫਰੀਲੈਂਡ ਨੂੰ ਪੁੱਛਿਆ ਗਿਆ ਕਿ ਕੀ ਅਜਿਹਾ ਹੋ ਸਕਦਾ ਹੈ ਕਿ ਆਉਣ ਵਾਲੇ ਭੱਵਿਖ ਵਿੱਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਦੇਸ਼ ਕੋਲ ਸ੍ਰੋਤ ਰਹਿਣ ਹੀ ਨਾ ਤਾਂ ਉਹਨਾਂ ਦਾ ਜਵਾਬ ਸੀ ਕਿ ਜਦੋਂ ਤੱਕ ਵਿਆਜ਼ ਦਰਾਂ ਘੱਟ ਹਨ, ਕਿਸੇ ਨੂੰ ਬਹੁਤਾ ਫਿ਼ਕਰ ਕਰਨ ਦੀ ਲੋੜ ਨਹੀਂ ਹੈ। ਹਰ ਕਿਸਮ ਦੇ ਵਾਅਦੇ ਕਰਨ ਤੋਂ ਬਾਅਦ ਥਰੋਨ ਸਪੀਚ ਵਿੱਚ ਵੀ ਵਿਆਜ਼ ਘੱਟ ਹੋਣ ਨੂੰ ਹਰ ਬੀਮਾਰੀ ਦਾ ਹੱਲ ਦੱਸਿਆ ਗਿਆ ਹੈ।

ਥਰੋਨ ਸਪੀਚ ਦਾ ਮੁੱਖ ਧੁਰਾ ਹਰ ਹਾਲ ਵਿੱਚ ਐਨ ਡੀ ਪੀ ਨੂੰ ਖੁਸ਼ ਕਰਨਾ ਰਿਹਾ ਹੈ ਤਾਂ ਜੋ ਸਰਕਾਰ ਡਿੱਗ ਨਾ ਪਵੇ। ਇੰਝ ਜਾਪਦਾ ਹੈ ਕਿ ਐਨ ਡੀ ਪੀ ਨੂੰ ਖੁਸ਼ ਕਰਨ ਦੀ ਪ੍ਰਕਿਰਿਆ ਵਿੱਚ ਲਿਬਰਲ ਕਿਸੇ ਹੱਦ ਤੱਕ ਐਨ ਡੀ ਪੀ ਨਾਲੋਂ ਵੀ ਅੱਗੇ ਨਿਕਲ ਗਏ ਹਨ। ਮਿਸਾਲ ਵਜੋਂ ਯੂਨੀਵਰਸਲ ਫਰਮਾਕੇਅਰ ਲਾਗੂ ਕਰਨ ਦਾ ਵਾਆਦਾ ਕੀਤਾ ਗਿਆ ਹੈ, ਔਰਤਾਂ ਨੂੰ ਆਰਥਕਤਾ ਵਿੱਚ ਸਹੀ ਰੋਲ ਦਿਲਵਾਉਣ ਲਈ ਲੰਬੇ ਸਮੇਂ ਲਈ ਨਿਵੇਸ਼ ਕਰਨ ਦੀ ਗੱਲ ਆਖੀ ਗਈ ਹੈ, ਬਲੈਕ ਕਮਿਉਨਿਟੀ ਨੂੰ ਵਿਸ਼ੇਸ਼ ਕਰਕੇ ਵਧੇਰੇ ਜੌਬਾਂ ਦੇਣ ਲਈ ਕਿਹਾ ਗਿਆ ਹੈ। ਯੂਥ ਨੂੰ ਨਵੀਂਆਂ ਜੌਬਾਂ ਦੇਣਾ ਅਤੇ ਸਮੂਹ ਕੈਨੇਡੀਅਨਾਂ ਲਈ 10 ਲੱਖ ਜੌਬਾਂ ਪੈਦਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਸ ਸੱਭ ਕੁੱਝ ਉੱਤੇ ਕਿੰਨਾ ਖਰਚ ਆਵੇਗਾ, ਇਸਦਾ ਅੰਦਾਜ਼ਾ ਅਗਲੇ ਦਿਨਾਂ ਵਿੱਚ ਲੱਗੇਗਾ ਜਦੋਂ ਖਰਚਿਆਂ ਦਾ ਲੇਖਾ ਜੋਖਾ ਕੀਤਾ ਜਾਵੇਗਾ।

ਇਸ ਸਾਲ ਦੀ ਸਪੀਚ ਵਿੱਚ ਕੁੱਝ ਵੀ ਅਜਿਹਾ ਨਹੀਂ ਜਿਸਤੋਂ ਪਤਾ ਲਾਇਆ ਜਾ ਸਕੇ ਕਿ ਸਰਕਾਰ ਸ਼ਬਦਾਂ ਦੇ ਜਾਲ ਤੋਂ ਅੱਗੇ ਕਿਸ ਪਾਸੇ ਤੁਰੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਹੀ ਖਾਮੀ ਜਾਂ ਖੂਬੀ ਆਖੀ ਜਾ ਸਕਦੀ ਹੈ ਕਿ ਉਹ ਲਿਫਾਫੇਬਾਜ਼ੀ ਤੋਂ ਅੱਗੇ ਗੱਲ ਕਰਨਾ ਪਸੰਦ ਨਹੀਂ ਕਰਦੇ। ਮੁਸ਼ਕਲ ਉਸ ਵੇਲੇ ਹੋਵੇਗੀ ਜਦੋਂ ਉਹਨਾਂ ਦੇ ਸ਼ਬਦਾਂ ਦੀ ਕੀਮਤ ਕੈਨੇਡੀਅਨਾਂ ਨੂੰ ਟੈਕਸ ਡਾਲਰਾਂ ਰਾਹੀਂ ਉਤਾਰਨੀ ਹੋਵੇਗੀ। 6800 ਸ਼ਬਦਾਂ ਦੀ ਥਰੋਨ ਸਪੀਚ ਵਿੱਚ ਕੁੱਝ ਵੀ ਅਜਿਹਾ ਨਹੀਂ ਜਿਸਤੋਂ ਤਰਕ ਬਣ ਸਕੇ ਕਿ ਇਸਨੂੰ ਪੇਸ਼ ਕਰਨ ਲਈ ਜਸਟਿਨ ਟਰੂਡੋ ਹੋਰਾਂ ਨੇ ਪਾਰਲੀਮੈਂਟ ਨੂੰ ਅਸਥਾਈ ਰੂਪ ਵਿੱਚ ਭੰਗ (prorogue) ਕਿਉਂ ਕੀਤਾ ਸੀ?

 
Have something to say? Post your comment