ਅੰਮ੍ਰਿਤਸਰ, 3 ਅਗਸਤ, (ਪੋਸਟ ਬਿਊਰੋ)- ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ 5 ਅਗਸਤ ਨੂੰ ਇਸ ਦਾ ਨੀਂਹ ਪੱਥਰ ਰੱਖਣ ਦੀ ਰਸਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉੱਤੇ ਹਨ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਥੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਣ ਭਾਗਵਤ ਇਸ ਸਮਾਗਮ ਦੇ ਮੁੱਖ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਰਸਮ ਮੌਕੇ ਅਯੁੱਧਿਆ ਪੁੱਜਣ ਲਈ ਅੱਜ 4 ਅਗਸਤ ਨੂੰ ਰਾਸ਼ਟਰੀ ਸਿੱਖ ਸੰਗਤ ਨੇਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਭੇਜ ਦਿੱਤਾ ਹੈ। ਵਰਨਣ ਯੋਗ ਹੈ ਕਿ ਰਾਸ਼ਟਰੀ ਸਿੱਖ ਸੰਗਤ ਅਸਲ ਵਿੱਚ ਆਰ ਐੱਸ ਐੱਸ ਨਾਲ ਜੁੜਿਆ ਸਿੱਖ ਸੰਗਠਨ ਹੈ।
ਰਾਮ ਮੰਦਰ ਦੀ ਉਸਾਰੀ ਦੇ ਨੀਂਹ ਪੱਥਰ ਦੀ ਰਸਮ ਮੌਕੇ ਓਥੇ ਪਹੁੰਚਣ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਹ ਸੱਦਾ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਰਘਬੀਰ ਸਿੰਘ, ਡਾ. ਸੰਦੀਪ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਤੇ ਪੰਜਾਬ ਦੇਪ੍ਰਚਾਰਕ, ਬਿਕਰਮਜੀਤ ਸਿੰਘ ਪ੍ਰਧਾਨ ਆਰ ਐੱਸ ਐੱਸ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਆਰ ਐੱਸ ਐੱਸਦੇ ਯੂਥ ਵਿੰਗ ਦੇ ਮੁਖੀ ਸੁਰਜੀਤ ਸਿੰਘ ਨੇ ਪੁਚਾਇਆ ਹੈ। ਉਹ ਅਕਾਲ ਤਖਤ ਦੇ ਜਥੇਦਾਰ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਕੱਲ੍ਹਾ ਨੂੰ ਮਿਲੇ ਅਤੇ ਇਹ ਪੱਤਰ ਸੌਂਪਿਆ ਹੈ।
ਇਸ ਮੌਕੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਮੂਹਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਸੰਦੀਪ ਸਿੰਘ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਬਾਰੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਦੇਣ ਆਏ ਹਾਂ। ਉਨ੍ਹਾਂ ਕਿਹਾ ਕਿ ਮੰਦਰ ਉਸਾਰੀ ਲਈ ਅਯੁੱਧਿਆ ਵਿਚਲੇ ਗੁਰਦੁਆਰਾ ਬ੍ਰਹਮ ਕੁੰਡ ਵਿਖੇ ਰੱਖੇ ਗਏ ਅਖੰਡਪਾਠ ਸਾਹਿਬ ਦਾ ਭੋਗ 5 ਤਾਰੀਖ ਨੂੰ ਸਵੇਰੇ 7 ਵਜੇ ਪਾਇਆ ਜਾਵੇਗਾ ਤੇ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਬਚਨ ਸਿੰਘ ਗਿੱਲ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਮੌਕੇ ਅਰਦਾਸ ਵਿਚ ਸ਼ਾਮਲ ਹੋਣ ਤੇ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਇਲਾਵਾ ਰਾਮ ਮੰਦਰ ਦੇ ਭੂਮੀ ਪੂਜਨ ਲਈ ਪੰਜਾਂ ਸਰੋਵਰਾਂ ਦਾ ਜਲ ਵੀ ਅਯੁੱਧਿਆ ਲੈ ਕੇ ਜਾਵਾਂਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖਾਂ ਦੀਆਂ ਕੁਝ ਹੋਰ ਪ੍ਰਮੁੱਖ ਧਾਰਮਿਕ ਹਸਤੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੰਦਰ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਅਤੇ ਰਾਸ਼ਟਰੀ ਸਿੱਖ ਸੰਗਤ ਪਹਿਲੇ ਦਿਨ ਤੋਂ ਹੀ ਇਸ ਮੰਦਿਰ ਦੇ ਕਾਰਜ ਵਿੱਚ ਯੋਗਦਾਨ ਦੇ ਰਹੀ ਹੈ।
ਦੂਸਰੇ ਪਾਸੇ ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਪੰਜ ਅਗਸਤ ਨੂੰ ਹੋ ਰਹੇ ਨੀਂਹ ਪੱਥਰ ਸਮਾਗਮ ਵਿੱਚ ਜਾਣ ਤੋਂ ਸਿੱਖਾਂ ਦੀਆਂ ਧਾਰਮਿਕ ਤੇ ਕੌਮੀ ਸੰਸਥਾਵਾਂ ਦੇ ਆਗੂਆਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਇੱਕ ਮਾਨਤਾ ਪ੍ਰਾਪਤ ਧਰਮ ਹੈ ਅਤੇ ਕਿਸੇ ਇਕ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰ ਕੇ ਦੂਜੇ ਧਰਮ ਦੀਆਂ ਖੁਸ਼ੀਆਂ ਮੌਕੇਉਨ੍ਹਾਂ ਦਾ ਸ਼ਾਮਲ ਹੋਣਾ ਘਾਤਕ ਹੀ ਨਹੀਂ, ਗ਼ੈਰ-ਸਿਧਾਂਤਕ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਹਿੰਦੂ ਤੇ ਮੁਸਲਿਮਦੋਵਾਂ ਧਰਮਾਂ ਨਾਲ ਰਿਸ਼ਤਾ ਬਰਾਬਰਰੱਖਣਾ ਅਤੇ ਨਿਭਾਉਣਾ ਹੀ ਕੌਮੀ ਹਿਤ ਵਿੱਚ ਹੈ ਅਤੇ ਦੋਵਾਂ ਧਰਮਾਂ ਵਿਚਾਲੇ ਵਿਵਾਦ ਵਿੱਚ ਧਿਰ ਬਣਨਾ ਬੇਸਮਝੀ ਤੇ ਬੇਲੋੜਾ ਹੋਵੇਗਾ। ਟਾਂਡਾ ਨੇ ਕਿਹਾ ਕਿ ਰਾਮ ਮੰਦਿਰ ਦੇ ਹੱਕ ਵਿੱਚ ਅਦਾਲਤ ਦਾ ਇਕਪਾਸੜ ਫੈਸਲਾ ਰਾਜਨੀਤੀ ਤੋਂ ਪ੍ਰੇਰਤ ਸੀ ਅਤੇ ਮੰਦਰ ਦਾ ਇਹ ਸਮਾਰੋਹ ਵੀ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਜਬਰੀ ਖੋਹਣ ਦੀ ਪਹਿਲੀ ਵਰ੍ਹੇਗੰਢ ਮੌਕੇ ਰੱਖਣਾ ਇੱਕ ਸੰਜੋਗਨਹੀਂ। ਉਨ੍ਹਾਂ ਕਿਹਾ ਕਿ ਹਿੰਦੁਤਵ ਤਾਕਤਾਂ ਅਤੇ ਕੇਂਦਰ ਸਰਕਾਰ ਨੇ 5 ਅਗਸਤ ਦੀ ਤਾਰੀਕ ਸੋਚ ਸਮਝ ਕੇ ਰੱਖੀ ਹੈ ਤਾਂ ਜੋ ਮੁਸਲਮਾਨ ਭਾਈਚਾਰੇ ਤੇ ਕਸ਼ਮੀਰੀ ਲੋਕਾਂ ਦੇ ਜ਼ਖ਼ਮਾਂ ਉੱਤੇ ਲੂਣ ਮਲ਼ਿਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਜਥੇਦਾਰ ਅਕਾਲ ਤਖਤ ਇਹ ਯਕੀਨੀ ਕਰਨ ਕਿ ਕੋਈ ਵੀ ਸਿੱਖ, ਖ਼ਾਲਸਾ ਪੰਥ ਦੇ ਨੁਮਾਇੰਦੇ ਵਜੋਂ ਉਸ ਦਿਨ ਅਯੁੱਧਿਆਜਸ਼ਨਾਂ ਵਿਚ ਨਾ ਜਾਵੇ।