Welcome to Canadian Punjabi Post
Follow us on

25

September 2021
 
ਸੰਪਾਦਕੀ

ਜਸਟਿਨ ਟਰੂਡੋ - ਨਾਮ ਵੱਡੇ ਦਰਸ਼ਨ ਛੋਟੇ!

July 31, 2020 09:37 AM

ਪੰਜਾਬੀ ਪੋਸਟ ਸੰਪਾਦਕੀ

 ਸਾਈਕਾਲੋਜੀ ਟੂਡੇ ਅਨੁਸਾਰ ਮਨੋਵਿਗਿਆਨਕ ਆਪੋ ਆਪਣੀਆਂ ਖੋਜਾਂ ਰਾਹੀਂ ਝੂਠ ਬੋਲਣ ਬਾਰੇ ਕੁੱਝ ਦਿਲਚਸਪ ਤੱਥਾਂ ਉੱਤੇ ਸਹਿਮਤ ਹੋਏ ਜਾਪਦੇ ਹਨ। ਉਹਨਾਂ ਮੁਤਾਬਕ ਮੋਟੇ ਤੌਰ ਉੱਤੇ ਝੂਠ ਦੋ ਕਿਸਮ ਦੇ ਹੁੰਦੇ ਹਨ  ਇੱਕ ਖੁਦਗਰਜ਼ੀ ਨਾਲ ਲਬਰੇਜ਼ ਝੂਠ ਅਤੇ ਦੂਜਾ ਦਯਾ-ਭਾਵਨਾ ਨਾਲ ਬੋਲਿਆ ਗਿਆ ਝੂਠ। ਕਿਸੇ ਗਰੀਬ ਨਿਤਾਣੇ ਨੂੰ ਖਤਰੇ ਤੋਂ ਬਚਾਉਣ ਲਈ ਬੋਲਿਆ ਝੂਠ ਦਿਆ ਭਾਵਨਾ ਤਹਿਤ ਆਉਂਦਾ ਹੈ। ਸੁਆਲ ਹੈ ਕਿ WE charity ਵਿਵਾਦ ਨੂੰ ਲੈ ਕੇ ਹੋ ਰਹੀਆਂ ਗੱਲਾਂ ਨੂੰ ਕਿਸ ਸ਼੍ਰੈਣੀ ਦੇ ਝੂਠ ਵਿੱਚ ਰੱਖਿਆ ਜਾ ਸਕਦਾ ਹੈ? ਪਰ ਪ੍ਰਧਾਨ ਮੰਤਰੀ ਟਰੂਡੋ ਹੋਰਾਂ ਵੱਲੋਂ ਪਬਲਿਕ ਨੂੰ ਯਕੀਨ ਦੁਆਇਆ ਜਾ ਰਿਹਾ ਹੈ ਕਿ ਉਸ ਵੱਲੋਂ ਕੀਤੀਆਂ ਗਲਤੀਆਂ ਖੁਦਗਰਜ਼ੀ ਵਾਲੇ ਝੂਠ ਨਹੀਂ ਸਗੋਂ ਦਯਾ ਭਾਵਨਾ ਕੀਤੀਆਂ ਊਣਤਾਈਆਂ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਨੌਜਵਾਨਾਂ ਨੂੰ ਵਾਲੰਟੀਅਰ ਅਨੁਭਵ ਪ੍ਰਦਾਨ ਕਰਨਾ, ਉਹਨਾਂ ਦੇ ਜੀਵਨ ਨੂੰ ਸੇਧ ਦੇਣ ਲਈ ਹੌਸਲਾ ਅਫ਼ਜਾਊ ਤਕਰੀਰਾਂ ਦੇਣ ਵਾਲੇ ਕੰਮ ਦਯਾ ਭਾਵਨਾ ਵਾਲੇ ਨਾ ਹੋਣ। ਬੇਸ਼ੱਕ ਇਹ ਵਾਸਤੇ ਪ੍ਰਧਾਨ ਮੰਤਰੀ ਦੀ ਮਾਤਾ, ਭਰਾ, ਪਤਨੀ ਅਤੇ ਉਸਦੀ ਵਜ਼ਾਰਤ ਵਿੱਚ ਵਿੱਤ ਮੰਤਰੀ ਨੂੰ ਲੱਖਾਂ ਡਾਲਰ (6 ਲੱਖ ਤੋਂ ਵੱਧ) ਕਿਉਂ ਨਾ ਮਿਲਦੇ ਹੋਣ।  

 

 ਆਪਣੇ ਹਿਰਦੇ ਵਿੱਚ ਘਰ ਕਰ ਚੁੱਕੀ ਦਯਾ ਭਾਵਨਾ ਨੂੰ ਪ੍ਰਤੱਖ ਕਰਨ ਲਈ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ ਦੀ ਵਿੱਤ ਕਮੈਟੀ ਸਨਮੁਖ ਪੇਸ਼ ਹੋਏ। ਉਹਨਾਂ ਕਿਹਾ ਕਿ ਤਕਰੀਬਨ 1 ਬਿਲੀਅਨ ਡਾਲਰ ਘੁਟਾਲੇ ਵਾਲੇ WE charity ਕਿੱਸੇ ਵਿੱਚ ਉਹਨਾਂ ਵੱਲੋਂ ਵਾਰ ਵਾਰ ਮੁਆਫੀ ਇਸ ਲਈ ਨਹੀਂ ਮੰਗੀ ਜਾ ਰਹੀ ਕਿ ਉਸਦਾ ਕੋਈ ਕਸੂਰ ਹੈ ਸਗੋਂ ਉਹ ਤਾਂ ਇਹ ਚਾਹੁੰਦੇ ਹਨ ਕਿ ਕਿਸੇ (ਭੱਦਰ ਪੁਰਸ਼) ਨੂੰ ਇਹ ਨਾ ਜਾਪੇ ਕਿ ਪ੍ਰਧਾਨ ਮੰਤਰੀ ਨੇ ਜਾਣ ਬੁੱਝ ਕੇ ਕੋਈ ਲਾਭ ਲੈਣ ਦੀ ਕੋਸਿ਼ਸ਼ ਕੀਤੀ ਹੈ ਜਿਸਨੂੰ ਅੰਗਰੇਜ਼ੀ ਵਿੱਚ Conflict of interest ਆਖਿਆ ਜਾਂਦਾ ਹੈ। ਟਰੂਡੋ ਹੋਰਾਂ ਮੁਤਾਬਕ ਯੂਵਕਾਂ ਦੀ ਬਿਹਤਰੀ ਲਈ ਕੰਮ ਕਰਨਾ ਤਾਂ ਉਸਦਾ ਜੀਵਨ ਭਰ ਨਿਸ਼ਾਨਾ ਰਿਹਾ ਹੈ। ਮੰਨਿਆ ਜਾ ਸਕਦਾ ਹੈ ਕਿ ਭੰਗ ਨੂੰ ਕਾਨੂੰਨੀ ਬਣਾਉਣਾ ਵੀ ਸ਼ਾਇਦ ਯੂਵਕਾਂ ਦੀ ਬਿਹਤਰੀ ਭਰੀ ਇੱਛਾ ਦਾ ਹੀ ਹਿੱਸਾ ਰਿਹਾ ਹੋਵੇਗਾ। 

 

ਜਸਟਿਨ ਟਰੂਡੋ ਸੱਤਾ ਜਦੋਂ 2015 ਵਿੱਚ ਵਿੱਚ ਆਏ ਸਨ ਤਾਂ ਉਹਨਾਂ ਦਾ ਚਿਹਰਾ ਭੋਲਾ ਭਾਲਾ ਅਤੇ ਦਿਲਕਸ਼ ਸੀ ਅਤੇ ਪੰਜ ਸਾਲਾਂ ਬਾਅਦ ਉਹਨਾਂ ਦੇ ਚਿਹਰੇ ਦੀਆਂ ਉਲਝਣਾਂ ਨੂੰ ਕੈਮਰਾ ਵੀ ਲੁਕਾ ਨਹੀਂ ਪਾ ਰਿਹਾ। ਮਾਰਚ 2019 ਵਿੱਚ Jen Gerson ਨਾਮਕ ਲੇਖਕ ਨੇ ਨਿਊਯਾਰਕ ਟਾਈਮਜ਼ ਵਿੱਚ ਲਿਖਿਆਸੀ  ਕਿ ਕੈਨੇਡੀਅਨਾਂ ਨੂੰ ਆਪਣੀ ਸ਼ਾਲੀਨਤਾ, ਇੱਕਲਤਾ ਅਤੇ ਭੋਲੇਪਣ ਉੱਤੇ ਸੱਚਾ ਸੁੱਚਾ ਮਾਣ ਹੈ। ਆਰਟੀਕਲ ਮੁਤਾਬਕ ਕੈਨਡੀਅਨਾਂ ਦਾ ਖਿਆਲ ਹੈ ਕਿ ਇਹ ਰੱਬੀ ਗੁਣ ਹਨ ਜੋ ਉਹਨਾਂ ਨੂੰ ਵੱਡੀ ਜਨਸੰਖਿਆ ਵਾਲੇ ਮੁਲਕਾਂ ਨਾਲੋਂ ਵੱਖਰਾ ਕਰਦੇ ਹਨ ਪਰ ਹਕੀਕਤ ਇਹ ਹੈ ਕਿ ਦੋ ਭਾਸ਼ਾਵਾਂ ਦੇ ਗਿਆਤਾ (ਅੰਗਰੇਜ਼ੀ ਅਤੇ ਫਰੈਂਚ), ਮਲਟੀਕਲਚਰਿਜ਼ਮ ਦੇ ਰਖਵਾਲੇ, ਯੂਵਕਾਂ ਦੀ ਭਲਾਈ ਦੇ ਸ਼ੈਦਾਈ ਅਤੇ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੇ ਜਸਟਿਨ ਟਰੂਡੋ ਨੇ ਇਹ ਖਿਆਲ ਨੂੰ ਧੱਕਾ ਮਾਰਿਆ ਹੈ ਕਿ ਕੈਨੇਡੀਅਨ ਸਾਊ ਹੁੰਦੇ ਹਨ। ਮਾਰਚ 2019 ਵਿੱਚ ਲਿਖੇ ਗਏ ਇਸ ਆਰਟੀਕਲ ਤੋਂ ਬਾਅਦ ਦੇ ਡੇਢ ਸਾਲ ਵਿੱਚ ਕਿੰਨਾ ਹੀ ਪਾਣੀ ਪੁਲਾਂ ਥੱਲਿਉਂ ਗੁਜ਼ਰ ਚੁੱਕਿਆ ਹੈ।

 

 ਵਰਤਮਾਨ ਦਿਨ ਮਹਿਜ਼ ਇੱਕ ਚੈਰਟੀ ਸੰਸਥਾ WE ਵੱਲੋਂ ਵਿਸ਼ਵ ਭਰ ਵਿੱਚ ਆਪਣਾ ਰਾਮਰਾਜ ਫੈ਼ਲਾਉਣ ਦੀ ਲਾਲਸਾ ਦੇ ਉਜਾਗਰ ਹੋਣ ਦੇ ਤਾਂ ਹਨ ਹੀ ਨਾਲ ਹੀ ਇਹ ਇਤਿਹਾਸ ਸਿਰਜੇ ਜਾਣ ਦੇ ਵੀ ਦਿਨ ਹਨ ਕਿ ਕੱਲ ਨੂੰ ਕੈਨੇਡੀਅਨ ਸਿਆਸਤ, ਸਮਾਜ ਅਤੇ ਪਰਿਵਾਰ ਨੂੰ ਕਿਵੇਂ ਬਿਆਨਿਆ ਜਾਵੇਗਾ। ਇਸ ਦਿਸ਼ਾ ਵਿੱਚ ਇੱਕ ਮੀਲ ਪੱਥਰ ਪ੍ਰਧਾਨ ਮੰਤਰੀ ਨੇ ਕੱਲ ਕੰਜ਼ਰਵੇਟਿਵ ਐਮ ਪੀ ਪੀਅਰੇ ਪੋਲੀਵਰੇ ਦੇ ਸੁਆਲ ਦੇ ਜਵਾਬ ਦੇਣ ਵਜੋਂ ਕਾਇਮ ਕੀਤਾ। ਪੋਲੀਵਰੇ ਵੱਲੋਂ ਵਾਰ ਵਾਰ ਪੁੱਛਣ ਉੱਤੇ ਕਿ WE charity ਨੇ ਉਸਦੇ ਪਰਿਵਾਰ ਨੂੰ ਕਿੰਨੇ ਡਾਲਰ ਅਦਾ ਕੀਤੇ ਤਾਂ ਟਰੂਡੋ ਹੋਰਾਂ ਨੇ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ ਕਾਨੂੰਨ ਮੁਤਾਬਕ ਪਤਨੀ ਅਤੇ ਬੱਚਿਆਂ ਤੋਂ ਇਲਾਵਾ ਹੋਰ ਰਿਸ਼ਤੇਦਾਰ ਪਰਿਵਾਰ ਦਾ ਹਿੱਸਾ ਨਹੀਂ ਮੰਨੇ ਜਾਂਦੇ। ਉਹਨਾਂ ਦਾ ਭਾਵ ਸੀ ਕਿ ਮੇਰੀ ਮਾਤਾ ਅਤੇ ਭਰਾ ਵੱਲੋਂ ਲਏ ਗਏ ਲੱਖਾਂ ਡਾਲਰਾਂ ਦਾ ਉਸਦੀ ਸਰਕਾਰ ਅਤੇ WE charity ਦੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਔਖੀ ਸਥਿਤੀ ਤੋਂ ਬਚਣ ਲਈ ਟਰੂਡੋ ਕਾਨੂੰਨੀ ਘੁਣਤਰਾਂ ਦਾ ਸਹਾਰਾ ਲੈ ਕੇ ਟਰੂਡੋ ਦੋਸ਼ ਮੁਕਤ ਹੋਣ ਦੀ ਕੋਸਿ਼ਸ਼ ਕਰ ਸਕਦੇ ਹਨ ਪਰ ਕੀ ਇਸ ਨਾਲ ਕੈਨੇਡੀਅਨ ਪਰਿਵਾਰਕ ਸੰਗਠਨ ਨੂੰ ਧੱਕਾ ਮਾਰਨ ਦੇ ਦੋਸੀ ਨਹੀਂ ਬਣ ਰਹੇ?

 

2012 ਵਿੱਚ ਇੱਕ ਫੈਡਰਲ ਮੰਤਰੀ ਬੈਵ ਓਡਾ ਨੂੰ ਇਸ ਲਈ ਅਸਤੀਫਾ ਦੇਣਾ ਪਿਆ ਸੀ ਕਿਉਂਕਿ ਉਸਨੇ ਇੰਗਲੈਂਡ ਦੌਰੇ ਦੌਰਾਨ ਉਸਨੇ ਸੰਤਰੇ ਦੇ ਜੂਸ ਦਾ ਇੱਕ ਗਲਾਸ ਦੇ 16 ਡਾਲਰ ਦਾ ਖਰਚਾ ਸਰਕਾਰੀ ਖਾਤੇ ਵਿੱਚ ਪਾ ਦਿੱਤਾ ਸੀ। ਉਸਦੇ ਅਸਤੀਫੇ ਦੀ ਮੰਗ ਕਿਸੇ ਹੋਰ ਨਹੀਂ ਸਗੋਂ ਜਸਟਿਨ ਟਰੂਡੋ ਹੋਰਾਂ ਨੇ ਇਹ ਆਖ ਕੇ ਕੀਤੀ ਸੀ ਕਿ ਲੋਕਤੰਤਰ ਦੇ ਜਿੰਦਾ ਰੱਖਣ ਵਾਸਤੇ ਬੈਵ ਓਡਾ ਦਾ ਅਸਤੀਫਾ ਜਰੂਰੀ ਹੈ। ਪੁੱਛਿਆ ਜਾ ਸਕਦਾ ਹੈ ਕਿ ਕੀ ਆਗਾ ਖਾਨ ਨਾਲ ਪਰਿਵਾਰ ਸਮੇਤ ਮੁਫ਼ਤ ਝੂਟੇ ਲੈਣ ਤੋਂ SNC ਤੋਂ WE charit ਤੱਕ ਦੀ ਯਾਤਰਾ ਲੋਕਤੰਤਰ ਨੂੰ ਮਜਬੂਤ ਕਰਨ ਦੀ ਯਾਤਰਾ ਹੈ ਜਾਂ ਨਾਮ ਵੱਡੇ ਦਰਸ਼ਨ ਛੋਟੇ’ ਅਖਾਵਤ ਸੱਚੀ ਹੋ ਰਹੀ ਹੈ। 

 

 
Have something to say? Post your comment