ਯੂ.ਏ.ਈ., 18 ਅਪ੍ਰੈਲ (ਪੋਸਟ ਬਿਊਰੋ): 15 ਅਪ੍ਰੈਲ ਦੀ ਰਾਤ ਨੂੰ ਯੂ.ਏ.ਈ., ਸਾਊਦੀ ਅਰਬ, ਬਹਿਰੀਨ ਅਤੇ ਓਮਾਨ ਵਿਚ ਭਾਰੀ ਮੀਂਹ ਸ਼ੁਰੂ ਹੋ ਗਿਆ। ਕੁਝ ਹੀ ਸਮੇਂ ਵਿਚ ਇਹ ਤੂਫਾਨ ਵਿਚ ਬਦਲਣ ਲੱਗਾ। ਹਾਲਾਤ ਇਹ ਬਣ ਗਏ ਕਿ ਮੰਗਲਵਾਰ ਤੱਕ ਇਨ੍ਹਾਂ ਦੇਸ਼ਾਂ ਦੇ ਦਰਜਨਾਂ ਸ਼ਹਿਰ ਇਸ ਕਾਰਨ ਹੜ੍ਹ ਦੀ ਲਪੇਟ 'ਚ ਆ ਚੁੱਕੇ ਹਨ।
ਮਾਰੂਥਲ ਦੇ ਵਿਚਕਾਰ ਸਥਿਤ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ 24 ਘੰਟਿਆਂ ਦੌਰਾਨ 6.26 ਇੰਚ ਤੋਂ ਵੱਧ ਮੀਂਹ ਪਿਆ ਹੈ। ਮੌਸਮ ਸੰਬੰਧੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ 'ਦਿ ਵੇਦਰਮੈਨ ਡਾਟ ਕਾਮ' ਮੁਤਾਬਕ ਇੱਥੇ ਦੋ ਸਾਲਾਂ 'ਚ ਇਨਾ ਜਿ਼ਆਦਾ ਮੀਂਹ ਪੈਂਦਾ ਹੈ।
ਕੁਝ ਮਾਹਰ ਖਾੜੀ ਦੇਸ਼ਾਂ ਵਿਚ ਇਸ ਹੜ੍ਹ ਦਾ ਕਾਰਨ ਕਲਾਊਡ ਸੀਡਿੰਗ ਯਾਨੀ ਨਕਲੀ ਮੀਂਹ ਨੂੰ ਜਿ਼ੰਮੇਵਾਰ ਠਹਿਰਾ ਰਹੇ ਹਨ। ਇਕ ਰਿਪੋਰਟ ਅਨੁਸਾਰ ਦੁਬਈ ਪ੍ਰਸ਼ਾਸਨ ਨੇ ਸੋਮਵਾਰ ਨੂੰ ਕਲਾਊਡ ਸੀਡਿੰਗ ਰਾਹੀਂ ਮੀਂਹ ਪਾਉਣ ਲਈ ਇੱਕ ਜਹਾਜ਼ ਉਡਾਇਆ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਖਾੜੀ ਦੇਸ਼ਾਂ ਨੂੰ ਭਾਰੀ ਮੀਂਹ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ।