-ਸ਼੍ਰੀ ਰਾਮ ਜੀ ਨੇ ਰਾਮਲੀਲਾ ਰਾਹੀਂ ਪਰਿਵਾਰਿਕ, ਸਮਾਜਿਕ ਰਿਸ਼ਤਿਆਂ ਦੇ ਸਤਿਕਾਰ ਦਾ ਗਿਆਨ ਦਿੱਤਾ ਹੈ, ਰਾਮ ਜੀ ਸਭ ਦੇ ਹਨ, ਕਿਸੇ ਇੱਕ ਵਰਗ ਦੇ ਨਹੀਂ- ਬਾਵਾ
ਲੁਧਿਆਣਾ, 17 ਅਪ੍ਰੈਲ (ਗਿਆਨ ਸਿੰਘ): ਅੱਜ ਰਾਮ ਨੌਵੀ ਦੇ ਪਵਿੱਤਰ ਦਿਹਾੜੇ ‘ਤੇ ਵਿਚਾਰ ਪੇਸ਼ ਕਰਦਿਆਂ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਸੁਆਮੀ ਸਮਾਜ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅੱਜ ਦਾ ਦਿਨ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ। ਉਹਨਾਂ ਕਿਹਾ ਕਿ ਮਹਾਨ ਗੁਰੂਆਂ, ਪੀਰਾਂ, ਫਕੀਰਾਂ, ਸੰਤਾਂ , ਮਹਾਂਪੁਰਸ਼ਾਂ ਨੇ ਇਸ ਦੁਨੀਆ ‘ਤੇ ਅਵਤਾਰ ਧਾਰ ਕੇ ਕੁਰਾਹੇ ਪਏ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਪ੍ਰਭੂ ਦਾ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ।
ਬਾਵਾ ਨੇ ਕਿਹਾ ਕਿ ਸ਼੍ਰੀ ਰਾਮ ਜੀ ਨੇ ਰਾਮਲੀਲਾ ਰਾਹੀਂ ਪਰਿਵਾਰਿਕ ਸਮਾਜਿਕ ਰਿਸ਼ਤਿਆਂ ਦਾ ਸਤਿਕਾਰ ਦਾ ਗਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਰਾਮ ਜੀ ਸਭ ਦੇ ਹਨ, ਕਿਸੇ ਇੱਕ ਵਰਗ ਦੇ ਨਹੀਂ ਹਨ। ਅਜਿਹੇ ਭੁਲੇਖੇ ਪਾਉਣ ਵਾਲੇ ਲੋਕ ਭਾਰਤ ਦੇ ਖੂਬਸੂਰਤ ਸਮਾਜ ਦੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਵਾ ਨੇ ਕਿਹਾ ਕਿ ਸਾਡੇ ਦੇਸ਼ ਦੇ ਗੁਲਦਸਤੇ ਦੇ ਫੁੱਲਾਂ ਦੀ ਮਹਿਕ ਤਰ੍ਹਾਂ ਤਰ੍ਹਾਂ ਦੀ ਹੈ ਪਰ ਇਹਨਾਂ ਦੀ ਬਨਾਵਟ, ਸਜਾਵਟ, ਖੂਬਸੂਰਤੀ ਪੂਰੇ ਦੇਸ਼ ਨੂੰ ਇੱਕ ਲੜੀ ਵਿੱਚ ਪਰੌਂਦੀ ਹੈ ਜੋ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਖੂਬਸੂਰਤ ਤਸਵੀਰ ਪੇਸ਼ ਕਰਦੀ ਹੈ।ਭਾਰਤ ਅਨੇਕਾਂ ਧਰਮਾਂ, ਜਾਤੀਆਂ, ਭਾਸ਼ਾਵਾਂ, ਪਹਿਰਾਵਿਆਂ ਦਾ ਸਮੂਹ ਹੈ। ਇਹ ਹੀ ਭਾਰਤ ਦੀ ਦੁਨੀਆਂ ਦੇ ਵਿੱਚ ਵੱਖਰੀ ਪਹਿਚਾਣ ਹੈ।