ਢਾਕਾ, 19 ਅਕਤੂਬਰ (ਪੋਸਟ ਬਿਊਰੋ)- ਬੰਗਲਾਦੇਸ਼ ਵਿੱਚ ਹਿੰਦੂਆਂ ਉਤੇ ਫਿਰ ਹਮਲੇ ਕੀਤੇ ਗਏ ਹਨ। ਇਸ ਹਿੰਸਾ ਦੇ ਦੋਸ਼ੀਆਂ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਚਿਤਾਵਨੀ ਨੂੰ ਟਿੱਚ ਜਾਣਦੇ ਹੋਏ ਹਮਲਾਵਰਾਂ ਦੇ ਗੈਂਗ ਨੇ ਕੱਲ੍ਹ ਰਾਤ ਰੰਗਪੁਰ ਜ਼ਿਲ੍ਹੇ ਦੇ ਪੀਰਗੰਜ ਸਬ ਜ਼ਿਲ੍ਹੇ ਦੇ ਪਿੰਡ ਮਾਝੀਪਾਰਾ ਵਿੱਚ ਹਿੰਦੂ ਭਾਈਚਾਰੇ ਦੇ 29 ਘਰਾਂ ਨੂੰ ਅੱਗ ਲਾ ਦਿੱਤੀ ਤੇ 66 ਘਰਾਂ ਨੂੰ ਨੁਕਸਾਨ ਪੁਚਾਇਆ। ਮਾਝੀਪਾਰਾ ਰਾਜਧਾਨੀ ਢਾਕਾ ਤੋਂ 255 ਕਿਲੋਮੀਟਰ ਦੂਰ ਹੈ।
ਜ਼ਿਲ੍ਹੇ ਦੇ ਪੁਲਸ ਅਧਿਕਾਰੀ ਮੁਹੰਮਦ ਕਮਰੁੱਜਮਾਂ ਨੇ ਦੱਸਿਆ ਕਿ ਪੁਲਸ ਮਾਝੀਪਾਰਾ ਪਿੰਡ ਦੇ ਇੱਕ ਹਿੰਦੂ ਨੌਜਵਾਨ ਦੇ ਘਰ ਇੱਕ ਫੇਸਬੁੱਕ ਪੋਸਟ ਬਾਰੇ ਪਹੁੰਚੀ ਸੀ। ਜਦੋਂ ਪੁਲਸ ਉਥੇ ਪੁੱਜੀ ਸ਼ਰਾਰਤੀ ਅਨਸਰਾਂ ਨੇ ਆਸ-ਪਾਸ ਦੇ ਘਰਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਲੱਗਭਗ 52 ਸ਼ੱਕੀਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਮਿਲ ਕੇ ਸ਼ੱਕੀਆਂ ਦੀ ਗ਼੍ਰਿਫ਼ਤਾਰੀ ਲਈ ਤੇਜ਼ ਮੁਹਿੰਮ ਚਲਾਈ ਜਾ ਰਹੀ ਹੈ। ਖ਼ਬਰਦੇ ਮੁਤਾਬਕ ਹਮਲਿਆਂ ਤੇ ਸੋਸ਼ਲ ਮੀਡੀਆ ਉੱਤੇ ਫਿਰਕੂ ਨਫ਼ਰਤ ਫੈਲਾਉਣ ਕਾਰਨ ਕਈ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ। ਅੱਗ ਬੁਝਾਊ ਸੇਵਾ ਕੰਟਰੋਲ ਰੂਮ ਨੇ ਕਿਹਾ ਕਿ ਕੱਲ੍ਹ ਰਾਤ ਪੌਣੇ 9 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਉਸ ਨੂੰ ਸਵੇਰੇ ਚਾਰ ਵੱਜ ਕੇ 10 ਮਿੰਟ ਉੱਤੇ ਬੁਝਾ ਦਿੱਤਾ ਗਿਆ।ਘਟਨਾ ਵਾਲੀ ਥਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮਾਝੀਪਾਰਾ ਵਿੱਚ 29 ਰਿਹਾਇਸ਼ੀ ਮਕਾਨਾਂ, ਦੋ ਰਸੋਈਆਂ, 20 ਘਾਹ ਦੇ ਢੇਰਾਂ ਨੂੰ ਅੱਗ ਲਾਈ ਗਈ। ਕੱਲ੍ਹ 400 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ।ਓਧਰ, ਬੰਗਲਾਦੇਸ਼ ਹਿੰਦੂ ਬੋਧੀ ਈਸਾਈ ਏਕਤਾ ਪ੍ਰੀਸ਼ਦ ਦਾ ਦੋਸ਼ ਹੈ ਕਿ ਬੀਤੇ ਦਿਨੀਂ ਚਾਂਦਪੁਰ ਤੇ ਨੋਆਖਲੀ ਵਿੱਚ ਹੋਏ ਹਮਲਿਆਂ ਵਿੱਚ ਚਾਰ ਹਿੰਦੂ ਭਗਤਾਂ ਦੀ ਮੌਤ ਹੋਈ।