ਓਨਟਾਰੀਓ, 18 ਅਕਤੂਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਅਜਿਹੀਆਂ ਏਜੰਸੀਆਂ ਉੱਤੇ ਸਿ਼ਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ ਜਿਹੜੀਆਂ ਟੈਂਪਰੇਰੀ ਵਰਕਰਜ਼ ਦੀ ਸਪਲਾਈ ਦੇ ਨਾਂ ਉੱਤੇ ਉਨ੍ਹਾਂ ਦਾ ਸ਼ੋਸ਼ਣ ਕਰਦੀਆਂ ਹਨ। ਲੇਬਰ ਮੰਤਰੀ ਦਾ ਕਹਿਣਾ ਹੈ ਕਿ ਅਜਿਹੀਆਂ ਏਜੰਸੀਆਂ ਅਜਿਹੇ ਵਰਕਰਜ਼ ਤੋਂ ਆਧੁਨਿਕ ਜ਼ਮਾਨੇ ਦੀ ਗੁਲਾਮੀ ਕਰਵਾਉਂਦੀਆਂ ਹਨ।
ਇਸ ਸਬੰਧ ਵਿੱਚ ਨਵਾਂ ਬਿੱਲ ਸੋਮਵਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਰਾਹੀਂ ਟੈਂਪਰੇਰੀ ਵਰਕਰਜ਼ ਨੂੰ ਹੋਰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਦੱਸਿਆ ਕਿ ਇਸ ਸੈਕਟਰ ਵਿੱਚ ਸ਼ੋਸ਼ਣ ਕਿਸੇ ਵੀ ਹੱਦ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਆਖਿਆ ਕਿ ਇਸ ਦਾ ਹੁਣ ਅੰਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਇਸ ਕਾਨੂੰਨ ਤਹਿਤ ਏਜੰਸੀਆਂ ਤੇ ਰਕਰੂਟਰਜ਼ ਦੀ ਪ੍ਰੋਵਿੰਸ ਪੱਧਰ ਉਤੇ ਜਾਂਚ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਸਕਿਊਰਿਟੀ ਪੇਅਮੈਂਟ ਵੀ ਮੁਹੱਈਆ ਕਰਵਾਉਣੀ ਹੋਵੇਗੀ। ਜੇ ਕੋਈ ਅਜਿਹੀ ਏਜੰਸੀ ਵੇਜ ਚੋਰੀ ਕਰਦੀ ਹੈ ਜਾਂ ਗੈਰਕਾਨੂੰਨੀ ਰਕਰੂਟਮੈਂਟ ਫੀਸ ਲੈਂਦੀ ਹੈ ਤਾਂ ਅਗਾਊਂ ਜਮ੍ਹਾਂ ਕਰਵਾਈ ਗਈ ਇਸ ਫੀਸ ਦੀ ਵਰਤੋਂ ਵਰਕਰ ਦਾ ਪੈਸਾ ਵਾਪਿਸ ਹਾਸਲ ਕਰਨ ਲਈ ਕੀਤੀ ਜਾਵੇਗੀ।