ਨਵੀਂ ਦਿੱਲੀ, 17 ਅਕਤੂਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਇੱਕ ਕਤਲ ਕੇਸੇ ਵਿੱਚ ਚਾਰ ਜਣਿਆਂ ਉੱਤੇ ਲੱਗੇ ਦੋਸ਼ਾਂ ਨੂੰ ਚੁਣੌਤੀ ਦੇਣ ਵਾਲੀ ਉਨ੍ਹਾਂ ਦੀ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਕੇਵਲ ਪ੍ਰਤੱਖਦਰਸ਼ੀਆਂ ਦੇ ਬਿਆਨ ਦਰਜ ਕਰਨ ਵਿੱਚ ਦੇਰੀ ਕਾਰਨ ਉਨ੍ਹਾਂ ਦੀ ਗਵਾਹੀ ਰੱਦ ਨਹੀਂ ਕੀਤੀ ਜਾ ਸਕਦੀ।
ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਬੇਲਾ ਐਮ ਤਿ੍ਰਵੇਦੀ ਦੀ ਬੈਂਚ ਨੇ ਕਿਹਾ ਕਿ ਮੌਜੂਦ ਸਮੱਗਰੀ ਯਕੀਨੀ ਤੌਰ ਉੱਤੇ ਇਹ ਗੱਲ ਸਾਬਤ ਕਰਦੀ ਹੈ ਕਿ ਦੋਸ਼ੀਆਂ ਨੇ ਡਰ ਪੈਦਾ ਕੀਤਾ ਹੈ। ਬੈਂਚ ਨੇ ਕਿਹਾ ਕਿ ਇਹ ਸੱਚ ਹੈ ਕਿ ਪ੍ਰਤੱਖਦਰਸ਼ੀਆਂ ਦੇ ਬਿਆਨ ਦਰਜ ਕਰਨ ਵਿੱਚ ਦੇਰੀ ਹੋਈ ਹੈ, ਪਰ ਕੇਵਲ ਏਨੀ ਗੱਲ ਉੱਤੇ ਉਨ੍ਹਾਂ ਦੀ ਗਵਾਹੀ ਰੱਦ ਨਹੀਂ ਹੋਸਕਦਾ। ਅਦਾਲਤ ਨੇ ਕਿਹਾ ਕਿ ਜੇ ਗਵਾਹ ਡਰੇ ਹੋਏ ਸਨ ਤੇ ਕੁਝ ਸਮਾਂ ਉਹ ਸਾਹਮਣੇ ਨਹੀਂ ਆਏ ਤਾਂ ਇਸ ਨਾਲ ਉਨ੍ਹਾਂ ਦੇ ਬਿਆਨ ਦਰਜ ਕਰਨ ਵਿੱਚ ਹੋਈ ਦੇਰੀ ਨੂੰ ਸਮਝਿਆ ਜਾ ਸਕਦਾ ਹੈ। ਸੁਪਰੀਮ ਕੋਰਟ ਚਾਰ ਦੋਸ਼ੀਆਂ ਦੀ ਅਪੀਲ ਉੱਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਉਨ੍ਹਾਂ ਕਲਕੱਤਾ ਹਾਈ ਕੋਰਟ ਦੇ ਉਨ੍ਹਾਂ ਦੀਆਂ ਅਪੀਲਾਂ ਨੂੰ ਖਾਰਜ ਕਰਨ ਅਤੇ ਸੈਸ਼ਨ ਅਦਾਲਤ ਵੱਲੋਂ ਸੁਣਾਈ ਸਜ਼ਾ ਦੀ ਪੁਸ਼ਟੀ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।