ਨਵੀਂ ਦਿੱਲੀ, 7 ਅਕਤੂਬਰ (ਪੋਸਟ ਬਿਊਰੋ)- ਲੰਡਨ ਤੋਂ ਕੋਚੀ ਲਈ ਆ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਓਦੋਂ ਕਿਲਕਾਰੀਆਂ ਗੂੰਜੀਆਂ, ਜਦ ਇੱਕ ਗਰਭਵਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਚਾਲਕ ਦਲ ਦੇ ਮੈਂਬਰਾਂ ਨੇ ਮਾਂ ਤੇ ਬੱਚੇ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਲਈ ਜਹਾਜ਼ ਨੂੰ ਫ੍ਰੈਂਕਫਰਟ ਵੱਲ ਮੋੜਨ ਦਾ ਫੈਸਲਾ ਕਰ ਲਿਆ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਬੱਚੇ ਦਾ ਜਨਮ ਪੰਜ ਅਕਤੂਬਰ ਨੂੰ ਹੋਇਆ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੀ ਨੀਤੀ ਅਨੁਸਾਰ 32 ਹਫਤੇ ਦੀ ਗਰਭਵਤੀ ਯਾਤਰੀ ਕਿਸੇ ਡਾਕਟਰ ਦੇ ‘ਫਿੱਟ ਟੂ ਫਲਾਈ ਸਰਟੀਫਿਕੇਟ’ ਤੋਂ ਬਿਨਾਂ ਯਾਤਰਾ ਕਰ ਸਕਦੀ ਹੈ, ਜਦ ਕਿ 32-35 ਹਫਤੇ ਦੌਰਾਨ ਗਰਭਵਤੀ ਯਾਤਰੀਆਂ ਲਈ ਉਡਾਣ ਲਈ ਡਾਕਟਰ ਦੀ ਮਨਜ਼ੂਰੀ ਜ਼ਰੂਰੀ ਹੈ। ਇਸ ਕੇਸ ਵਿੱਚ ਲਗਭਗ 29 ਹਫਤੇ ਦੀ ਗਰਭਵਤੀ ਔਰਤ ਨੇ ਚੈਕ ਇਨ ਕਾਊਂਟਰ ਉੱਤੇ ਆਪਣੇ ਡਾਕਟਰ ਦਾ ਸਰਟੀਫਿਕੇਟ ਦਿਖਾਇਆ ਸੀ ਤੇ ਉਸ ਨੂੰ ਹਵਾਈ ਯਾਤਰਾ ਲਈ ਫਿੱਟ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, ‘‘ਸਾਡੇ ਲਈ ਯਾਤਰੀ ਸਹੂਲਤ ਤੇ ਉਨ੍ਹਾਂ ਦੀ ਭਲਾਈ ਸਭ ਤੋਂ ਵਧ ਕੇ ਹੈ। ਸਾਨੂੰ ਖੁਸ਼ੀ ਹੈ ਕਿ ਮਾਂ ਅਤੇ ਨਵਜਾਤ ਬੱਚਾ ਸੁਰੱਖਿਅਤ ਹਨ।''