ਮਾਂਟਰੀਅਲ, 7 ਅਕਤੂਬਰ (ਪੋਸਟ ਬਿਊਰੋ) : ਕਿਊਬਿਕ ਪੁਲਿਸ ਵੱਲੋਂ ਐਂਬਰ ਐਲਰਟ ਜਾਰੀ ਕਰਦਿਆਂ ਹੋਇਆਂ ਡਰਾਈਵਰਾਂ ਨੂੰ ਕਾਲੇ ਰੰਗ ਦੀ 2011 ਮਾਡਲ ਦੀ ਸ਼ੈਵਰਲੇ ਟਰੈਵਰਸ, ਜਿਸ ਦੀ ਲਾਇਸੰਸ ਪਲੇਟ ਈ 35 ਐਸਐਸਡਬਲਿਊ ਹੈ, ਦਾ ਧਿਆਨ ਰੱਖਣ ਲਈ ਆਖਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਇਹ ਗੱਡੀ ਈਸਟਰਨ ਟਾਊਨਸਿ਼ੱਪਜ਼ ਵੱਲ ਵੱਧ ਰਹੀ ਹੋ ਸਕਦੀ ਹੈ।
ਦੋ ਬੱਚਿਆਂ, ਤਿੰਨ ਸਾਲਾ ਚੇਜ਼ ਸੈ਼ਂਪਨੀ ਤੇ ਇੱਕ ਸਾਲਾ ਮੇਅਡਨ ਸੈ਼ਂਪਨੀ, ਨੂੰ ਆਖਰੀ ਵਾਰੀ ਸਟਨ ਟਾਊਨ ਵਿੱਚ ਵੇਖਿਆ ਗਿਆ ਤੇ ਫਿਰ ਉਨ੍ਹਾਂ ਦੀ ਮਾਂ ਬੁੱਧਵਾਰ ਨੂੰ ਦੁਪਹਿਰੇ 4:00 ਵਜੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਇਹ ਜਾਣਕਾਰੀ ਪੁਲਿਸ ਦੀ ਤਰਜ਼ਮਾਨ ਵੱਲੋਂ ਦਿੱਤੀ ਗਈ। ਮਾਂ ਦਾ ਨਾਂ ਮੈਰੀਸ ਡੈਸਮਾਰਾਇਸ ਦੱਸਿਆ ਜਾਂਦਾ ਹੈ ਤੇ ਉਸ ਦੀ ਉਮਰ 33 ਸਾਲ ਹੈ।
ਪੁਲਿਸ ਨੇ ਆਖਿਆ ਕਿ ਇਹ ਐਲਰਟ ਹਾਲ ਦੀ ਘੜੀ ਸਿਰਫ ਕਿਊਬਿਕ ਲਈ ਹੀ ਹੈ। ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਹੈ ਕਿ ਉਹ ਪ੍ਰੋਵਿੰਸ਼ੀਅਲ ਸਰਹੱਦ ਪਾਰ ਕਰ ਗਈ ਹੈ ਜਾਂ ਨਹੀਂ। ਪੁਲਿਸ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਜੇ ਕੋਈ ਇਸ ਗੱਡੀ ਨੂੰ ਰਸਤੇ ਵਿੱਚ ਜਾਂ ਕਿਤੇ ਵੀ ਵੇਖਦਾ ਹੈ ਜਾਂ ਬੱਚਿਆਂ ਤੇ ਡੈਸਮਾਇਰਸ ਕਿਸੇ ਨੂੰ ਨਜ਼ਰ ਆਉਂਦੇ ਹਨ ਤਾਂ ਫਰਨ 911 ਉੱਤੇ ਕਾਲ ਕਰੋ।