‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਦੇ ਅਭਿਨੇਤਾ ਪ੍ਰਤੀਕ ਗਾਂਧੀ ਦੀ ਸੰਗੀਤਕ ਡਰਾਮਾ ਫਿਲਮ ‘ਭਵਈ’ 22 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹਾਰਦਿਕ ਗੁੱਜਰ ਦੇ ਨਿਰਦੇਸ਼ਨ ਅਤੇ ਪੈਨ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਪਹਿਲਾਂ ਇੱਕ ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। ਮਹਾਰਾਸ਼ਟਰ ਦੀ ਸਰਕਾਰ ਵੱਲੋਂ 22 ਅਕਤੂਬਰ ਤੋਂ ਸਿਨੇਮਾਘਰ ਖੋਲ੍ਹਣ ਦੇ ਫੈਸਲੇ ਮਗਰੋਂ ਫਿਲਮ ਰਿਲੀਜ਼ ਦਾ ਕੰਮ ਅੱਗੇ ਪਾ ਦਿੱਤਾ ਗਿਆ ਹੈ। ‘ਭਵਈ’ ਦੀ ਟੀਮ ਨੇ ਸਿਨੇਮਾਘਰ ਮੁੜ ਖੋਲ੍ਹਣ ਲਈ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ ਹੈ।
ਗੁਜਰਾਤ ਦੇ ਪ੍ਰਸਿੱਧ ਲੋਕ ਰੰਗਮੰਚ ਉਤੇ ਆਧਾਰਤ ਇਸ ਫਿਲਮ ਦਾ ਪਹਿਲਾਂ ਨਾਂਅ ‘ਰਾਵਣ ਲੀਲਾ’ (ਭਵਈ) ਸੀ। ਪਿਛਲੇ ਹਫਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ ਬੀ ਐੱਫ ਸੀ) ਨੇ ਫਿਲਮ ਦੇ ਨਿਰਮਾਤਾਵਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਅਤੇ ਫਿਲਮ ਦੀ ਸਮੱਗਰੀ ਨਾਲ ਛੇੜਛਾੜ ਕਰਨ ਉਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਟਰੇਲਰ ਰਿਲੀਜ਼ ਹੋਣ ਮਗਰੋਂ ਨਿਰਮਾਤਾਵਾਂ ਨੇ ਸੋਧਾਂ ਕਰ ਕੇ ਫਿਲਮ ਦਾ ਨਾਂਅ ਬਦਲ ਕੇ ‘ਭਵਈ’ ਕਰ ਦਿੱਤਾ ਹੈ।