Welcome to Canadian Punjabi Post
Follow us on

06

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਮਨੋਰੰਜਨ

ਕਹਾਣੀ : ਬੇਜ਼ੁਬਾਨ ਦੀ ਮਮਤਾ

September 29, 2021 02:54 AM

-ਲਖਵੰਤ ਸਿੰਘ ਵੜੈਚ
ਵਰਿਆਮ ਸਿੰਘ ਦੀ ਛੋਟੀ ਜਿਹੀ ਕੁਝ ਵਿਘਿਆਂ ਦੀ ਕਿਰਸਾਨੀ ਸੀ। ਉਸ ਦੇ ਪਸ਼ੂਆਂ ਦੇ ਵਾੜੇ ਵਿੱਚ ਇੱਕ ਬੁੱਢੀ ਗਾਂ ਸੀ, ਜੋ ਕਾਫੀ ਕਮਜ਼ੋਰ ਸੀ। ਵੱਖਲ ਅੰਦਰ ਧਸੇ ਹੋਏ ਸਨ। ਵਾਹ ਲੱਗੀ ਰਹਿਣ ਕਰ ਕੇ ਉਸ ਦੀਆਂ ਪਿਛਲੀਆਂ ਲੱਤਾਂ ਪੈਰਾਂ ਤੱਕ ਲਿੱਬੜੀਆਂ ਰਹਿੰਦੀਆਂ। ਇਸ ਗਾਂ ਨੂੰ ਆਸਰਾ ਦੇ ਕੇ ਉਠਾਉਂਦੇ ਸਨ। ਵਰਿਆਮ ਸਿੰਘ ਦੇ ਦੋ ਬਲਦਾਂ (ਚਿੱਟਾ ਤੇ ਨੀਲਾ) ਦੀ ਜੋਗ ਇਸੇ ਗਾਂ ਦੇ ਵੱਛਿਆਂ ਤੋਂ ਸੀ। ਦੋਵੇਂ ਬਲਦ ਉੱਚੀ-ਲੰਮੀ ਬੇਲ ਦੇ ਹੋਣ ਕਰ ਕੇ ਵਿਹੜੇ ਦਾ ਸ਼ਿੰਗਰਾ ਸਨ।
ਵਰਿਆਮ ਸਿੰਘ ਦੀਆਂ ਕੁਦਰਤੀ ਆਫਤਾਂ ਕਾਰਨ ਉੱਤੋਂ-ਥਲੀ ਦੋ ਫਸਲਾਂ ਬਰਬਾਦ ਹੋ ਗਈਆਂ। ਹੱਥ-ਤੰਗੀ ਆ ਜਾਣ ਕਰ ਕੇ ਉਹ ਜ਼ਮੀਨ ਦਾ ਮਾਮਲਾ ਤਾਰਨ ਤੋਂ ਔਖਾ ਹੋ ਗਿਆ। ਘਰ ਨੰਬਰਦਾਰ ਅਕਸਰ ਗੇੜੇ ਮਾਰਦਾ ਰਹਿੰਦਾ ਸੀ। ਅੱਜ ਵੀ ਨੰਬਰਦਾਰ ਉਸ ਨਾਲ ਮਾਮਲੇ ਪ੍ਰਤੀ ਤਲਖ ਹੋ ਕੇ ਗਿਆ। ਵਰਿਆਮ ਸਿੰਘ ਪਸ਼ੂਆਂ ਦੇ ਵਾੜੇ ਦੇ ਗੇਟ ਅੱਗੇ ਮੰਜਾ ਡਾਹ ਕੇ ਸੋਚਾਂ ਵਿੱਚ ਡੁੱਬਿਆ ਬੈਠਾ ਸੀ ਕਿ ਉਸ ਪਾਸ ਨੇੜਲੇ ਪਿੰਡ ਦੇ ਚੌਧਰੀ ਆਏ, ਜੋ ਵਾੜੇ ਵਿੱਚ ਬੱਝੇ ਦੋਵਾਂ ਬਲਦਾਂ ਵੱਲ ਦੇਖ ਕੇ ਬੋਲੇ, ‘‘ਸਰਦਾਰ ਜੀ, ਨੀਲਾ ਬਲਦ ਵੇਚਣਾ ਹੈ?”
ਵਰਿਆਮ ਸਿੰਘ ਦੇ ਨਾਂਹ ਕਹਿੰਦੇੇ-ਕਹਿੰਦੇ ਦੇ ਮੂੰਹੋਂ ਹਾਂ ਨਿਕਲ ਗਈ ਤੇ ਸਿਰ ਚੁੱਕ ਕੇ ਕਹਿਣ ਲੱਗਾ, ‘‘ਹਾਂ ਚੌਧਰੀ ਵੇਚ ਦਿਆਂਗਾ, ਪਰ ਰੁਪਿਆ ਪੂਰਾ 5000 ਲਵਾਂਗਾ।” ਚੌਧਰੀ ਦੇ ਮਨ ਬਲਦ ਲੱਗਾ ਹੋਇਆ ਸੀ, ਜੋ ਰਕਮ ਦੇ ਕੇ ਬਲਦ ਖੋਲ੍ਹ ਕੇ ਲੈ ਤੁਰੇ। ਜਦੋਂ ਉਹ ਬਲਦ ਖੋਲ੍ਹ ਕੇ ਲਿਜਾ ਰਹੇ ਸਨ ਤਾਂ ਚਿੱਟੇ ਨੇ ਬਹੁਤ ਖੌਰੂ ਪਾਇਆ। ਕੋਲ ਬੈਠੀ ਗਾਂ ਵੀ ਰੰਭਦੀ ਰਹੀ, ਪਰ ਉਠ ਨਾ ਸਕੀ। ਰਾਤ ਨੂੰ ਚਿੱਟੇ ਬਲਦ ਤੇ ਗਾਂ ਨੇ ਚਾਰਾ ਮੂੰਹ ਨਾ ਲਾਇਆ।
ਨੀਲਾ ਬਲਦ ਚੌਧਰੀ ਪਾਸ ਲੱਗਦਾ ਰਿਹਾ, ਪਰ ਜਿਵੇਂ ਉਹ ਅੰਦਰੋਂ ਮਸੋਸਿਆ ਗਿਆ। ਉਸ ਦਾ ਸਰੀਰ ਘਟਦਾ ਜਾ ਰਿਹਾ ਸੀ ਤੇ ਲੱਤਾਂ ਵੀ ਧਰੂਹ-ਧਰੂਹ ਕੇ ਰੱਖਦਾ ਸੀ। ਇਧਰ ਵਰਿਆਮ ਸਿੰਘ ਦੇ ਪਸ਼ੂਆਂ ਦੇ ਵਾੜੇ ਵਿੱਚ ਬੇ-ਰੌਣਕੀ ਦਾ ਜਿਵੇਂ ਮਾਤਮ ਪਸਰ ਗਿਆ। ਗਊ ਤੇ ਚਿੱਟਾ ਬਲਦ ਵੀ ਜਿਵੇਂ ਹੁੱਸੜੇ-ਹੁੱਸੜੇੇ ਰਹਿ ਕੇ ਵਰਿਆਮ ਸਿੰਘ ਨਾਲ ਮੂਕ-ਗਿਲ੍ਹਾ ਕਰਦੇ ਜਾਪਦੇ ਸਨ। ਓਧਰ ਨੀਲੇ ਦੀ ਤੇ ਇਧਰ ਇਨ੍ਹਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ।
ਕਈ ਦਿਨ ਬੀਤ ਗਏ, ਅੱਜ ਸਵੇਰੇ ਨੀਲੇ ਤੋਂ ਹੁੱਸੜਿਆ ਵਰਿਆਮ ਸਿੰਘ ਨਵੇਂ ਲੀੜੇ ਪਾ ਕੇ ਤਿਆਰ ਹੋ ਕੇ ਘਰੋਂ ਸ਼ਹਿਰ ਜਾਣ ਲਈ ਤੁਰ ਪਿਆ, ਪਰ ਸ਼ਹਿਰ ਦੀ ਬਜਾਏ ਉਹ ਨੇੜਲੇ ਚੌਧਰੀ ਦੇ ਪਿੰਡ ਉਸ ਦੇ ਖੇਤਾਂ ਵਿੱਚ ਪਹੁੰਚ ਗਿਆ। ਵਰਿਆਮ ਸਿੰਘ ਨੇ ਦੇਕਿਆ ਨੀਲਾ ਹਲ ਨੂੰ ਜੁਤਿਆ ਹੋਇਆ ਸੀ, ਜੋ ਸਿਰ ਸੁੱਟ ਕੇ ਵਗ ਰਿਹਾ ਸੀ। ਨੀਲੇ ਨੇ ਵਰਿਆਮ ਸਿੰਘ ਨੇੜੇ ਆਏ ਨੂੰ ਵੇਖ ਲਿਆ ਤੇ ਆਪਣੇ ਆਪ ਰੁਕ ਗਿਆ।
ਹਾਲੀ ਨੇ ਦੇਖਿਆ ਨੀਲਾ ਆਪਣੇ ਮਾਲਕ ਦੀ ਪਛਾਣ ਭੁੱਲਿਆ ਨਹੀਂ। ਵਰਿਆਮ ਸਿੰਘ ਨੇ ਉਸ ਦੀ ਕੰਡ ਉੱਤੇ ਹੱਥ ਮੂੰਹ ਉੱਤੇ ਹੱਥ ਫੇਰਿਆ। ਨੀਲਾ ਆਪਣੇ ਮਾਲਕ ਦੇ ਹੱਥ ਚੱਟਣ ਲੱਗ ਪਿਆ। ਦੋਵਾਂ ਦੀਆਂ ਅੱਖਾਂ ਸਿੱਲ੍ਹੀਆਂ ਸਨ। ਵਰਿਆਮ ਸਿੰਘ ਨੇ ਨੀਲੇ ਨੂੰ ਧੌਣ ਤੋਂ ਕਲਾਵਾ ਭਰ ਕੇ ਨਾਲ ਲਾ ਲਿਆ, ਜੋ ਚੌਧਰੀ ਨਾਲ ਕੁਝ ਸਮਾਂ ਗੱਲਾਂ ਬਾਤਾਂ ਕਰ ਕੇ ਉਥੋਂ ਤੁਰ ਪਿਆ, ਪਰ ਪਿੱਛੋਂ ਨੀਲੇ ਨੇ ਜ਼ੋਰ ਦੀ ਰੰਭ ਕੇ ‘ਬਾਂਅ’ ਕੀਤੀ। ਵਰਿਆਮ ਸਿੰਘ ਨੂੰ ਇੰਝ ਲੱਗਿਆ ਜਿਵੇਂ ਨੀਲੇ ਧਾਅ ਮਾਰੀ ਹੋਵੇ, ਵਰਿਆਮ ਸਿੰਘ ਪਿੱਛੇ ਮੁੜਨ ਨੂੰ ਮਜ਼ਬੂਰ ਹੋ ਗਿਆ। ਚੌਧਰੀ ਨੇ ਦੋਵਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਲ ਖੜ੍ਹਾ ਲਿਆ। ਵਰਿਆਮ ਸਿੰਘ ਨੇ ਬੜੀ ਨਿਮਰਤਾ ਨਾਲ ਚੌਧਰੀ ਨੂੰ ਕਿਹਾ, ‘‘ਚੌਧਰੀ ਸਾਹਿਬ ਮੇਰੇ ਘਰ ਤੇ ਪਸ਼ੂਆਂ ਵਾਲੇ ਵਾੜੇ ਵਿੱਚ ਸੋਗ ਵਰਗਾ ਆਲਮ ਪੱਸਰ ਗਿਐ। ਮੈਂ ਇਹ ਨੀਲਾ ਵੇਚ ਤਾਂ ਬੈਠਾ, ਪਰ ਅੱਜ ਮੈਂ ਨੀਲੇ ਦੇ ਦੁੱਗਣੇ ਰੁਪਏ ਦੇਣ ਲਈ ਤਿਆਰ ਹਾਂ, ਮੇਰਾ ਨੀਲਾ ਮੋੜ ਦਿਓ, ਮੇਰੇ ਘਰ ਖੁਸ਼ੀਆਂ ਤੇ ਬਹਾਰਾਂ ਪਰਤ ਆਉਣਗੀਆਂ।”
ਚੌਧਰੀ ਨੇ ਦੁੱਗਣੇ ਰੁਪਏ ਮਿਲਦੇ ਵੇਖ ਕੇ ਅਤੇ ਇਹ ਸੋਚ ਕੇ ਜਿਸ ਦਿਨ ਦਾ ਇਹ ਬਲਦ ਆਇਆ ਹੈ, ਬਿਮਾਰ ਜਿਹਾ ਰਹਿੰਦਾ ਹੈ, ਪਰਤਾ ਦਿੰਦਾ ਹਾਂ, ਗੁਆਂਢ-ਮੱਥਾ ਹੈ ਸਾਰੇ ਪਾਸੇ ਰਹਿ ਜਾਣਗੇ ਤੇ ਚੌਧਰੀ ਨੇ ਪੰਜਾਲੀ ਦੀ ਅਰਲੀ ਖਿੱਚ ਕੇ ਨੀਲੇ ਨੂੰ ਆਜ਼ਾਦ ਕਰ ਕੇ ਰੱਸਾ ਵਰਿਆਮ ਸਿੰਘ ਦੇ ਹੱਥ ਦੇ ਦਿੱਤਾ।
ਵਰਿਆਮ ਸਿੰਘ ਨੇ ਸਵੇਰੇ ਹੀ ਰੁਪਏ ਦੇ ਜਾਣ ਦਾ ਵਾਅਦਾ ਕਰ ਕੇ ਨੀਲੇ ਨੂੰ ਆਪਣੇ ਵਾੜੇ ਅੰਦਰ ਲੈ ਆਂਦਾ। ਜਿਸ ਨੂੰ ਦੇਖਦੇ ਸਾਰ ਕਈ ਦਿਨਾਂ ਤੋਂ ਪੱਠੇ ਖਾਣੇ ਛੱਡੀ ਬੈਠੀ ਕਮਜ਼ੋਰ-ਮੁਰਦਲੀ ਗਾਂ ਇਕਦਮ ਆਪਣੇ ਆਪ ਉਠ ਖੜ੍ਹੀ ਹੋਈ। ਵਰਿਆਮ ਸਿੰਘ ਨੇ ਵਾੜੇ ਦਾ ਫਿਟਕਾ ਲਾ ਕੇ ਚਿੱਟੇ ਦਾ ਰੱਸਾ ਵੀ ਖੋਲ੍ਹ ਦਿੱਤਾ, ਜੋ ਤਿੰਨੇ ਮਾਂ ਪੁੱਤਰ ਇੱਕ ਦੂਜੇ ਨੂੰ ਚੁੰਮ-ਚੱਟ ਕੇ ਜਿਵੇਂ ਉਦਰੇਵਾਂ ਲਾਹ ਰਹੇ ਸਨ ਤੇ ਧੌਣਾਂ ਨਾਲ ਧੌਣਾ ਮਿਲਾ ਕੇ ਮਿਲ ਰਹੇ ਸਨ। ਵਰਿਆਮ ਸਿੰਘ ਦੂਰ ਖੁਰਲੀ ਤੇ ਬੈਠਾ ਆਪਣੇ ਪਸ਼ੂਆਂ ਦੀ ‘ਬੇਜ਼ੁਬਾਨ ਮਮਤਾ’ ਨੂੰ ਵੇਖ-ਵੇਖ ਕੇ ਖੁਸ਼ ਹੋ ਰਿਹਾ ਸੀ।
ਸਵੇਰੇ ਵਰਿਆਮ ਸਿੰਘ ਉਠਿਆ ਤਾਂ ਦੇਖਿਆ ਦੋਵਾਂ ਬਲਦਾਂ ਨੇ ਖੁਰਲੀ ਵਿੱਚ ਰਾਤ ਪਾਏ ਸਾਰੇ ਪੱਠੇ ਖਾ ਕੇ ਖੁਰਲੀ ਖਾਲੀ ਕੀਤੀ ਹੋਈ ਸੀ ਤੇ ਦੋਵੇਂ ਇੱਕ ਦੂਸਰੇ ਦੀ ਧੌਣ ਨਾਲ ਧੌਣ ਜੋੜ ਕੇ ਬੈਠੇ ਹੋਏ ਸਨ ਤੇ ਗਊ (ਇਨ੍ਹਾਂ ਬਲਦਾਂ ਦੀ ਜਨਨੀ ਮਾਂ) ਨੀਲੇ ਦੀ ਪਿੱਠ ਨਾਲ ਲੱਗੀ ਧੌਣ ਸੁੱਟ ਮਰੀ ਪਈ ਸੀ। ਵਰਿਆਮ ਸਿੰਘ ਇਹ ਦਿ੍ਰਸ਼ ਦੇਖ ਕੇ ਆਪਣਾ ਰੋਣਾ ਨਾ ਰੋਕ ਸਕਿਆ, ਜਿਸ ਦੀ ਸੋਗੀ ਆਵਾਜ਼ ਸੁਣ ਕੇ ਉਸ ਦੀ ਘਰਵਾਲੀ, ਸੀਰੀ ਤੇ ਬੱਚੇ ਵੀ ਵਾੜੇ ਵਿੱਚ ਆ ਗਏ। ਵਰਿਆਮ ਸਿੰਘ ਨੇ ਗਾਂ ਵੱਲ ਇਸ਼ਾਰਾ ਕਰ ਕੇ ਕਿਹਾ, ‘‘ਗਊ ਪਤਾ ਨਹੀਂ ਨੀਲੇ ਨੂੰ ਉਡੀਕ ਰਹੀ ਸੀ।” ਮ੍ਰਿਤਕ ਗਊ ਨੂੰ ਘਸੀਟ ਕੇ ਬਾਹਰ ਲਿਜਾਇਆ ਜਾ ਰਿਹਾ ਸੀ, ਜਿਸ ਦੀ ਘਸੀਟਣ ਨਾਲ ਬਣੀ ਘਸਰ ਨੂੰ ਵਰਿਆਮ ਸਿੰਘ ਆਪਣੇ ਪੈਰਾਂ ਨਾਲ ਮਿਟਾ ਰਿਹਾ ਸੀ ਤੇ ਸਾਫੇ ਨਾਲ ਅੱਖਾਂ ਪੂੰਝ ਰਿਹਾ ਸੀ। ਦੋਵੇਂ ਬਲਦ ਵੀ ਇਸ ਦਿ੍ਰਸ਼ ਨੂੰ ਅਚੇਨਤਾ ਨਾਲ ਇੱਕ ਟੱਕ ਦੇਖ ਰਹੇ ਸਨ।

 
Have something to say? Post your comment