ਨਵੀਂ ਦਿੱਲੀ, 16 ਸਤੰਬਰ (ਪੋਸਟ ਬਿਊਰੋ)- ਘਰੇਲੂ ਹਿੰਸਾ ਦੇ ਕੇਸ ਵਿੱਚ ਫਸੇ ਪੰਜਾਬੀ ਗਾਇਕ ਅਤੇ ਸੰਗੀਤਕਾਰ ਹਨੀ ਸਿੰਘ ਦੀਆਂ ਮੁਸੀਬਤਾਂ ਵਧ ਰਹੀਆਂ ਹਨ। ਤੀਸ ਹਜ਼ਾਰੀ ਅਦਾਲਤ ਨੇ ਕੱਲ੍ਹ ਹਨੀ ਸਿੰਘ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਵਿੱਚ ਉਨ੍ਹਾਂ ਦੇ ਜਾਂ ਉਨ੍ਹਾਂ ਦੀਆਂ ਕੰਪਨੀਆਂ ਦੀ ਮਾਲਕੀ ਵਾਲੀ ਚਲ-ਅਚੱਲ ਜਾਇਦਾਦ ਦੇ ਅਧਿਕਾਰ ਤੀਸਰੀ ਧਿਰ ਨੂੰ ਦੇਣ ਤੋਂ ਰੋਕ ਦਿੱਤਾ ਹੈ। ਮੈਟਰੋਪਾਲੀਟਨ ਮੈਜਿਸਟਰੇਟ ਤਾਨਿਆ ਸਿੰਘ ਨੇ ਨਾਲ ਹੀ ਹਨੀ ਸਿੰਘ ਨੂੰ ਵਿਦੇਸ਼ਾਂ ਵਿੱਚ ਰਜਿਸਟਰਡ ਆਪਣੀਆਂ ਕੰਪਨੀਆਂ ਦੇ ਦਸਤਾਵੇਜ਼ ਦਾਖਲ ਕਰਨ ਦਾ ਵੀ ਨਿਰਦੇਸ਼ ਦਿੱਤਾ।
ਅਦਾਲਤ ਨੇ ਇਹ ਹੁਕਮ ਹਨੀ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਵੱਲੋਂ ਘਰੇਲੂ ਹਿੰਸਾ ਕੇਸ ਦੇ ਸੰਬੰਧ ਵਿੱਚ ਪੇਸ਼ ਕੀਤੀ ਅਰਜ਼ੀ ਉੱਤੇ ਦਿੱਤਾ ਹੈ। ਸ਼ਾਲਿਨੀ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਦੁਬਈ ਵਿੱਚ ਤੀਸਰੀ ਧਿਰ ਨੂੰ ਅਧਿਕਾਰ ਦੇਣ ਅਤੇ ਕੁਝ ਜਾਇਦਾਦਾਂ ਦਾ ਨਿਪਟਾਰਾ ਕਰਨਲੱਗਾ ਹੈ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਹਨੀ ਸਿੰਘ ਦਾ ਦੁਬਈ ਵਿੱਚ 333.74 ਵਰਗ ਮੀਟਰ ਦਾ ਇੱਕ ਵਿਲਾ ਹੈ। ਇਹ ਵਿਲਾ ਹਨੀ ਸਿੰਘ ਨੇ ਵਿਦੇਸ਼ ਵਿੱਚ ਬਣਾਈ ਆਪਣੀ ਇੱਕ ਕੰਪਨੀ ਦੇ ਜ਼ਰੀਏ ਉਸ ਦੇ ਲਈ ਖਰੀਦਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਨੇ 19 ਨਵੰਬਰ 2019 ਨੂੰ ਉਸ ਦੇ ਹੱਕ ਵਿੱਚ ਜਨਰਲ ਪਾਵਰ ਆਫ ਅਟਾਰਨੀ ਕੀਤੀ ਸੀ, ਪਰ ਉਸ ਨੂੰ ਸ਼ੱਕ ਹੈ ਕਿ ਹਨੀ ਸਿੰਘ ਉਸ ਜਨਰਲ ਪਾਵਰ ਆਫ ਅਟਾਰਨੀ ਨੂੰ ਰੱਦ ਕਰ ਸਕਦਾ ਹੈ। ਉਸ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਹਨੀ ਨੂੰ ਪਾਵਰ ਆਫ ਅਟਾਰਨੀ ਨੂੰ ਰੱਦ ਕਰਨ, ਦੁਬਈ ਵਿੱਚ ਨਿੱਜੀ ਰੂਪ `ਚ ਜਾਂ ਆਪਣੀ ਕੰਪਨੀ ਦੇ ਜ਼ਰੀਏ ਜਾਇਦਾਦ ਦੀ ਤੀਸਰੀ ਧਿਰ ਨੂੰ ਅਧਿਕਾਰ ਦੇਣ ਤੋਂ ਰੋਕੇ। ਮਾਮਲੇ ਵਿੱਚ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।