Welcome to Canadian Punjabi Post
Follow us on

18

September 2021
 
ਕੈਨੇਡਾ

9 ਅਗਸਤ ਤੋਂ ਅਮੈਰੀਕਨਜ਼ ਤੇ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਟਰੈਵਲਰਜ਼ ਨੂੰ ਕੈਨੇਡਾ ਦਾਖਲ ਹੋਣ ਦੀ ਦਿੱਤੀ ਜਾਵੇਗੀ ਇਜਾਜ਼ਤ

July 20, 2021 01:12 AM

ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਹੀ ਦਾਖਲ ਹੋ ਸਕਣਗੇ ਕੈਨੇਡਾ


ਓਟਵਾ, 19 ਜੁਲਾਈ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਸੋਮਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨ ਟਰੈਵਲਰਜ਼ ਨੂੰ 9 ਅਗਸਤ ਤੋਂ ਕੈਨੇਡਾ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਦਕਿ ਇਸ ਤੋਂ ਠੀਕ ਇੱਕ ਮਹੀਨੇ ਬਾਅਦ, ਭਾਵ 7 ਸਤੰਬਰ ਤੋਂ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਦਾਖਲ ਹੋਣ ਦੀ ਖੁੱਲ੍ਹ ਦਿੱਤੀ ਜਾਵੇਗੀ।
ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ 9 ਅਗਸਤ ਨੂੰ ਰਾਤੀਂ 12:01 ਵਜੇ ਤੋਂ ਅਮੈਰੀਕਨ ਸਿਟੀਜ਼ਨਜ਼ ਤੇ ਅਮਰੀਕਾ ਦੇ ਪਰਮਾਨੈਂਟ ਰੈਜ਼ੀਡੈਂਟਸ ਇਸ ਸ਼ਰਤ ਨਾਲ ਕੈਨੇਡਾ ਟਰੈਵਲ ਕਰਨ ਦੇ ਸਮਰੱਥ ਹੋ ਜਾਣਗੇ ਜੇ ਉਨ੍ਹਾਂ ਦੀ ਕੋਵਿਡ-19 ਸਬੰਧੀ ਵੈਕਸੀਨੇਸ਼ਨ ਪੂਰੀ ਹੋਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਵਿੱਚ ਮਨਜ਼ੂਰਸ਼ੁਦਾ ਕੋਵਿਡ-19 ਦੀਆਂ ਚਾਰ ਵੈਕਸੀਨਜ਼ ਵਿੱਚੋਂ ਕਿਸੇ ਇੱਕ ਕੋਵਿਡ-19 ਵੈਕਸੀਨ ਦਾ ਹੀ ਪੂਰਾ ਕੋਰਸ ਸਬੰਧਤ ਅਮੈਰੀਕਨ ਟਰੈਵਲਰ ਵੱਲੋਂ ਲਿਆ ਗਿਆ ਹੋਣਾ ਚਾਹੀਦਾ ਹੈ। ਇਹ ਵੈਕਸੀਨੇਸ਼ਨ ਕੈਨੇਡਾ ਪਹੁੰਚਣ ਤੋਂ 14 ਦਿਨ ਪਹਿਲਾਂ ਤੱਕ ਪੂਰੀ ਕਰਵਾਈ ਹੋਣੀ ਜ਼ਰੂਰੀ ਹੈ।
ਇੱਕ ਪ੍ਰੈੱਸ ਰਲੀਜ਼ ਵਿੱਚ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਮੁੱਢਲੇ ਕਦਮ ਨਾਲ ਕੈਨੇਡਾ ਸਰਕਾਰ 7 ਸਤੰਬਰ, 2021 ਨੂੰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਆਪਣੇ ਫੈਸਲੇ ਨਾਲ ਅਗਾਊਂ ਐਡਜਸਟ ਕਰਨ ਦੇ ਯੋਗ ਹੋ ਜਾਵੇਗੀ। ਦੂਜੇ ਪਾਸੇ ਇਸ ਫੈਸਲੇ ਨਾਲ ਕੈਨੇਡੀਅਨਜ਼ ਤੇ ਅਮੈਰੀਕਨਜ਼ ਦੇ ਆਪਸੀ ਗੂੜ੍ਹੇ ਸਬੰਧਾਂ ਦਾ ਮਾਣ-ਤਾਣ ਵੀ ਰੱਖਿਆ ਜਾਵੇਗਾ। ਆਪਸੀ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਵੱਲੋਂ ਕੈਨੇਡਾ-ਅਮਰੀਕਾ ਸਰਹੱਦੀ ਪਾਬੰਦੀਆਂ 21 ਮਾਰਚ, 2020 ਤੋਂ ਲਾਗੂ ਕੀਤੀਆਂ ਗਈਆਂ ਸਨ।
ਇੱਥੇ ਇਹ ਵੀ ਸਪਸਟ ਕਰਨਾ ਬਣਦਾ ਹੈ ਕਿ 12 ਸਾਲ ਤੋਂ ਘੱਟ ਉਮਰ ਦੇ ਅਮੈਰੀਕਨ ਬੱਚੇ ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੈ ਤੇ ਆਪਣੇ ਮਾਤਾ ਪਿਤਾ ਉੱਤੇ ਨਿਰਭਰ ਅਜਿਹੇ ਅਮੈਰੀਕਨ ਬੱਚੇ ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੈ, ਉਹ ਆਪਣੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਮਾਪਿਆਂ ਵਿੱਚੋਂ ਕਿਸੇ ਇੱਕ ਨਾਲ, ਆਪਣੇ ਮਤਰਏ ਮਾਂ-ਬਾਪ ਨਾਲ, ਜਾਂ ਲੀਗਲ ਗਾਰਜੀਅਨ ਨਾਲ ਕੈਨੇਡਾ ਟਰੈਵਲ ਕਰ ਸਕਦੇ ਹਨ ਤੇ 14 ਦਿਨ ਦੀ ਕੁਆਰਨਟੀਨ ਵਾਲੀ ਸ਼ਰਤ ਵੀ ਉਨ੍ਹਾਂ ਉੱਤੇ ਲਾਗੂ ਨਹੀਂ ਹੋਵੇਗੀ। ਪਰ ਉਨ੍ਹਾਂ ਨੂੰ ਉਸ ਇਲਾਕੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਜਿਸ ਰੀਜਨ ਦਾ ਉਹ ਦੌਰਾ ਕਰ ਰਹੇ ਹੋਣਗੇ।
ਹੋਰਨਾਂ ਦੇਸ਼ਾਂ ਦੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਨਾਗਰਿਕਾਂ ਨੂੰ ਕੈਨੇਡਾ ਟਰੈਵਲ ਕਰਨ ਲਈ 7 ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਇਨ੍ਹਾਂ ਪਾਬੰਦੀਆਂ ਵਿੱਚ ਵੀ ਉਸ ਸਮੇਂ ਹੀ ਢਿੱਲ ਦਿੱਤੀ ਜਾਵੇਗੀ ਜੇ ਕੋਵਿਡ-19 ਸਬੰਧੀ ਹਾਲਾਤ ਸਾਜ਼ਗਾਰ ਰਹਿੰਦੇ ਹਨ। ਸਾਰੇ ਟਰੈਵਲਰਜ਼ ਨੂੰ ਆਪਣੀ ਵੈਕਸੀਨੇਸ਼ਨ ਦਾ ਸਬੂਤ ਕੈਨੇਡਾ ਦੀ ਫਲਾਈਟ ਲੈਣ ਤੋਂ ਪਹਿਲਾਂ ਐਰਾਈਵਕੈਨ ਐਪ ਜਾਂ ਵੈੱਬਸਾਈਟ ਉੱਤੇ ਅਪਲੋਡ ਕਰਕੇ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਾਰਡਰ ਅਧਿਕਾਰੀਆਂ ਨੂੰ ਵਿਖਾਉਣ ਲਈ ਆਪਣਾ ਵੈਕਸੀਨ ਸਰਟੀਫਿਕੇਟ ਵੀ ਨਾਲ ਲਿਆਉਣਾ ਹੋਵੇਗਾ।
ਸੋਮਵਾਰ ਨੂੰ ਸਰਕਾਰ ਨੇ ਇਹ ਐਲਾਨ ਵੀ ਕੀਤਾ ਕਿ ਉਹ ਅਜਿਹੇ ਏਅਰਪੋਰਟਸ ਦੀ ਗਿਣਤੀ ਵਿੱਚ ਵਾਧਾ ਕਰ ਰਹੇ ਹਨ ਜਿੱਥੇ ਕੌਮਾਂਤਰੀ ਉਡਾਨਾਂ ਸਵੀਕਾਰੀਆਂ ਜਾਣਗੀਆਂ। 9 ਅਗਸਤ ਤੋਂ ਅਜਿਹੇ ਏਅਰਪੋਰਟਸ ਦੀ ਗਿਣ਼ਤੀ ਚਾਰ ਤੋਂ ਵਧਾ ਕੇ ਨੌਂ ਕਰ ਦਿੱਤੀ ਜਾਵੇਗੀ। ਮਾਂਟਰੀਅਲ-ਟਰੂਡੋ ਇੰਟਰਨੈਸ਼ਨਲ ਏਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਇਲਾਵਾ ਕਿਊਬਿਕ ਸਿਟੀ ਜੀਨ ਲੈਸੇਜ ਇੰਟਰਨੈਸ਼ਨਲ ਏਅਰਪੋਰਟ, ਓਟਵਾ ਮੈਕਡੌਨਲਡ ਕਾਰਟੀਅਰ ਇੰਟਰਨੈਸ਼ਨਲ ਏਅਰਪੋਰਟ, ਵਿਨੀਪੈਗ ਜੇਮਜ਼ ਆਰਮਸਟਰੌਂਗ ਰਿਚਰਡਸਨ ਇੰਟਰਨੈਸ਼ਨਲ ਏਅਰਪੋਰਟ, ਐਡਮੰਟਨ ਇੰਟਰਨੈਸ਼ਨਲ ਏਅਰਪੋਰਟ ਤੇ ਹੈਲੀਫੈਕਸ ਸਟੈਨਫੀਲਡ ਇੰਟਰਨੈਸ਼ਨਲ ਏਅਰਪੋਰਟ ਉੱਤੇ ਵੀ ਕੌਮਾਂਤਰੀ ਉਡਾਨਾਂ ਸਵੀਕਾਰੀਆਂ ਜਾਣਗੀਆਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਲਬਰਟਾ ਦੀ ਹੈਲਥ ਐਮਰਜੰਸੀ ਦੇ ਮੁੱਦੇ ਉੱਤੇ ਤਿੰਨਾਂ ਮੁੱਖ ਪਾਰਟੀ ਦੇ ਆਗੂਆਂ ਨੇ ਇੱਕ ਦੂਜੇ ਉੱਤੇ ਉਠਾਈਆਂ ਉਂਗਲਾਂ
ਫਾਈਜ਼ਰ, ਮੌਡਰਨਾ ਅਤੇ ਐਸਟ੍ਰਾਜ਼ੈਨੇਕਾ ਦੇ ਬਦਲੇ ਜਾਣਗੇ ਨਾਂ
ਜੀਟੀਏ ਵਿੱਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ
ਮੁਜ਼ਾਹਰਾਕਾਰੀ ਨੇ ਮੇਰੇ ਪਰਿਵਾਰ ਉੱਤੇ ਟਿੱਪਣੀਆਂ ਕੀਤੀਆਂ, ਇਸ ਲਈ ਜਵਾਬ ਦਿੱਤਾ : ਟਰੂਡੋ
ਓਟੂਲ ਦੇ ਵਰਕਰਜ਼ ਪੱਖੀ ਸੁਰ ਨੂੰ ਯੂਨੀਅਨਜ਼ ਨੇ ਨਕਾਰਿਆ
ਟਰੂਡੋ ਤੇ ਓਟੂਲ ਦਰਮਿਆਨ ਕਾਂਟੇ ਦੀ ਟੱਕਰ
ਕੈਨੇਡਾ ਭਰ ਵਿੱਚ 15000 ਮੁਲਾਜ਼ਮ ਭਰਤੀ ਕਰੇਗੀ ਐਮੇਜੌ਼ਨ
ਨਵੇਂ ਮਾਪਿਆਂ ਨੂੰ 1000 ਡਾਲਰ ਪ੍ਰਤੀ ਮਹੀਨਾ ਵੱਧ ਦੇਣ ਦਾ ਓਟੂਲ ਨੇ ਕੀਤਾ ਵਾਅਦਾ
ਕੈਂਪੇਨ ਫਾਈਨਲ ਹਫਤੇ ਵਿੱਚ ਦਾਖਲ, ਲੀਡਰਜ਼ ਓਨਟਾਰੀਓ ਤੇ ਬੀਸੀ ਵਿੱਚ ਕਰ ਰਹੇ ਹਨ ਚੋਣ ਪ੍ਰਚਾਰ
ਚੋਣ ਵਾਅਦਿਆਂ ਦਾ ਦੱਬ ਕੇ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ ਆਗੂ