* ਐੱਨਆਰਸੀ ਦੀ ਨਵੇਂ ਸਿਰਿਓਂ ਜਾਂਚ ਕਰਾਉਣ ਦਾ ਐਲਾਨ
ਗੁਹਾਟੀ, 10 ਮਈ, (ਪੋਸਟ ਬਿਊਰੋ)- ਭਾਰਤ ਦੇ ਉੱਤਰ-ਪੂਰਬ ਵਿੱਚ ਸਭ ਤੋਂ ਵੱਡੇ ਰਾਜ ਆਸਾਮ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀ ਏ) ਦੀ ਜਿੱਤ ਦੇ ਬਾਅਦ ਅੱਜ ਇਸ ਗੱਠਜੋੜ ਦੇ ਕਨਵੀਨਰ ਤੇ ਭਾਜਪਾ ਨੇਤਾਹੇਮੰਤ ਬਿਸਵਾ ਸਰਮਾ ਨੂੰ ਰਾਜ ਦੇ ਗਵਰਨਰ ਜਗਦੀਸ਼ ਚੰਦਰ ਮੁਖੀ ਨੇ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।ਇਸ ਰਾਜ ਦੇ ਲੋਕਾਂ ਦੇ ਰਿਵਾਇਤੀ ਲਿਬਾਸ ਵਿੱਚਆਏ ਸਰਮਾ ਨੇ ਅਸਾਮੀ ਬੋਲੀ ਵਿੱਚ ਸਹੁੰ ਚੁੱਕੀ।ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭੇਜੀ ਵਧਾਈ ਵਿੱਚ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਰਾਜ ਦੇ ਵਿਕਾਸ ਨੂੰ ਰਫ਼ਤਾਰ ਦੇਵੇਗੀ ਤੇ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਸਾਰੇ ਲੋਕਾਂ ਦੀ ਅਗਵਾਈ ਕਰੇਗੀ।
ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸਰਮਾ ਨੇ ਕਿਹਾ ਕਿ ਉਸ ਦੀ ਸਰਕਾਰਇਸ ਰਾਜਵਿਚਲੇ ਸਰਹੱਦੀ ਜ਼ਿਲ੍ਹਿਆਂ ਵਿੱਚ 20 ਫ਼ੀਸਦੀ ਅਤੇ ਹੋਰ ਖੇਤਰਾਂ ਦੇ 10 ਫ਼ੀਸਦੀ ਲੋਕਾਂ ਦੀ ਨਾਗਰਿਕਤਾ ਦੀ ਮੁੜ ਕੇ ਤਸਦੀਕ ਕਰਵਾਉਣਾ ਚਾਹੁੰਦੀ ਹੈ ਅਤੇ ਜੇ ਇਸ ਦੌਰਾਨ ਕੁਝ ਨੁਕਸ ਪਤਾ ਲੱਗਣਗੇਤਾਂ ਮੌਜੂਦਾ ਕੌਮੀ ਨਾਗਰਿਕਤਾ ਰਜਿਸਟਰ(ਐੱਨਆਰਸੀ)ਉੱਤੇ ਅਮਲ ਕਰਨ ਲਈ ਅੱਗੇ ਵਧ ਸਕਦੇ ਹਾਂ, ਪਰ ਜ਼ਿਆਦਾ ਨੁਕਸ ਨਿਕਲੇ ਤਾਂ ਉਨ੍ਹਾਂ ਨੂੰ ਆਸ ਹੈ ਕਿ ਅਦਾਲਤ ਨੋਟਿਸ ਲਵੇਗੀ ਅਤੇ ਨਵੇਂ ਦਿ੍ਸ਼ਟੀਕੋਣ ਨਾਲ ਜੋ ਕੁਝ ਜ਼ਰੂਰੀ ਹੋਵੇਗਾ, ਉਹ ਸਾਰਾ ਕੁਝ ਕਰੇਗੀ।
ਇਸ ਦੌਰਾਨ ਹੇਮੰਤ ਬਿਸਵਾ ਸਰਮਾ ਨਾਲ 13 ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ 10 ਮੰਤਰੀ ਭਾਜਪਾ ਦੇ, ਦੋ ਅਸਾਮ ਗਣ ਪ੍ਰੀਸ਼ਦ (ਏਜੀਪੀ) ਤੇ ਇਕ ਮੰਤਰੀ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀਪੀਐੱਲ) ਦਾ ਲਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਸ਼ਾਮਲ ਹਨ। ਕੈਬਨਿਟ ਵਿੱਚਇੱਕੋ ਮਹਿਲਾ ਅਜੰਤਾ ਨਿਯੋਗ ਹੈ, ਜਿਹੜੀ ਪਹਿਲਾਂ ਕਾਂਗਰਸ ਦੀ ਤਰੁਣ ਗੋਗੋਈ ਸਰਕਾਰ ਵਿੱਚਮੰਤਰੀ ਰਹਿ ਚੁੱਕੀ ਹੈ ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚਆਈ ਸੀ।ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਤੋਂ ਇਲਾਵਾ ਰਨੋਜ ਪੇਗੂ, ਅਸ਼ੋਕ ਸਿੰਘਲ, ਬਿਮਲ ਬੋਰਾ ਅਤੇ ਯੂਜੀ ਬ੍ਰਹਮਾ (ਸਾਬਕਾ ਰਾਜ ਸਭਾ ਮੈਂਬਰ) ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।ਪਿਛਲੀ ਸਰਕਾਰ ਵਾਲੇ ਏਜੀਪੀ ਦੇ ਅਤੁਲ ਬੋਰਾ ਤੇ ਕੇਸ਼ਬ ਮਹੰਤਾ ਨੂੰ ਮੰਤਰੀ ਮੰਡਲ ਵਿੱਚਕਾਇਮ ਰੱਖਿਆ ਗਿਆ ਹੈ।