-‘ਟੋਰਾਂਟੋ ਮਿਊਜ਼ੀਕਲ ਗਰੁੱਪ’ ਵੱਲੋਂ ਮੈਂਬਰਾਂ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ
ਬਰੈਂਪਟਨ, (ਡਾ। ਝੰਡ): ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਰੈਂਪਟਨ ਵਿੱਚ ਸਰਗ਼ਰਮ ਸੰਸਥਾ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ਲੰਘੇ ਐਤਵਾਰ 8 ਦਸੰਬਰ ਨੂੰ ‘ਗੋਰਮੀਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ’ ਦੇ ਹਾਲ ਨੰਬਰ 2 ਵਿਖੇ ਕੈਨੇਡਾ ਦੇ ‘ਮਲਟੀਕਲਚਰਰਿਜ਼ਮ ਡੇਅ’ ਮਨਾਉਣ ਸਮੇਂ ਦੰਦਾਂ ਦੀ ਸੰਭਾਲ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ‘ਦੀਆ ਡੈਂਟਿਸਟਰੀ’ ਦੇ ਮਾਲਕ ਤੇ ਸੰਚਾਲਕ ਡਾਕਟਰ ਵਿਪਨਪ੍ਰੀਤ ਸ਼ਰਮਾ ਸਨ। ਉਨ੍ਹਾਂ ਵੱਲੋਂ ਦੰਦਾਂ ਤੇ ਮਸੂੜਿਆਂ ਦੀਆਂ ਬੀਮਾਰੀਆਂ, ਇਨ੍ਹਾਂ ਨਾਲ ਸਬੰਧਿਤ ਮੁਸ਼ਕਲਾਂ ਅਤੇ ਫ਼ੈੱਡਰਲ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਸੀਡੀਸੀਪੀ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਆਪਣੇ ਸੰਬੋਧਨ ਵਿੱਚ ਡਾ। ਸ਼ਰਮਾ ਨੇ ਦੱਸਿਆ ਕਿ ਸੀਡੀਸੀਪੀ ਦਾ ਦੰਦਾਂ ਦੀ ਸੰਭਾਲ ਦੀ ਇਹ ਫ਼ੈੱਡਰਲ ਯੋਜਨਾ ਉਨਟਾਰੀਉ ਸੂਬੇ ਦੇ ਪਹਿਲਾਂ ਤੋਂ ਚੱਲ ਰਹੇ ‘ੳਐੱਨਡੀਪੀ ਪ੍ਰੋਗਰਾਮ’ ਤੋਂ ਵੱਖਰੀ ਹੈ ਅਤੇ ਇਸ ਦਾ ਘੇਰਾ ਵਧੇਰੇ ਵਿਸ਼ਾਲ ਹੈ। ਇਸ ਵਿਚ ਮਰੀਜ਼ ਆਪਣੇ ਦੰਦਾਂ ਦਾ ਇਲਾਜ ਹੋਰ ਵਧੇਰੇ ਡੈਂਟਿਸਟਾਂ ਕੋਲੋਂ ਕਰਵਾ ਸਕਦੇ ਹਨ, ਜਦਕਿ ਉਨਟਾਰੀੳ ਸੂਬੇੇ ਵਾਲੇ ਪ੍ਰੋਗਰਾਮ ਵਿਚ ਦੰਦਾਂ ਦੇ ਡਾਕਟਰਾਂ ਦੀ ਗਿਣਤੀ ਸੀਮਤ ਜਿਹੀ ਹੈ। ਇਸ ਵਿੱਚ ਦੰਦਾਂ ਦੀ ਸਫ਼ਾਈ ਤੋਂ ਲੈ ਕੇ ਦੰਦਾਂ-ਦਾੜ੍ਹਾਂ ਦੀਆਂ ਖੋੜਾਂ ਦੀ ਭਰਾਈ, ਆਰਸੀਟੀ (ਰੂਟ ਕੈਨਾਲ ਟਰੀਟਮੈਂਟ), ਖ਼ਰਾਬ ਦੰਦਾਂ ਨੂੰ ਕਢਵਾਉਣ, ਇਕੱਲਾ-ਦੁਕੱਲਾ ਦੰਦ ਅਤੇ ਪੂਰਾ ਡੈਂਚਰ ਲਗਵਾਉਣ, ਆਦਿ ਦੀ ਸਹੂਲਤ ਸ਼ਾਮਲ ਹੈ।
ਸਮਾਗ਼ਮ ਦਾ ਆਰੰਭ ਪੀਐੱਸਬੀ ਸੀਨੀਅਰਜ਼ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਵੱਲੋਂ ਆਏ ਸਮੂਹ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸੁਆਗ਼ਤ ਨਾਲ ਹੋਇਆ। ਕੈਨੇਡਾ ਵਿਚ ਪ੍ਰਚੱਲਤ ਅਜੋਕੇ ਬਹੁ-ਸੱਭਿਆਚਾਰ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਬਹੁ-ਦੇਸ਼ੀ ਤੇ ਬਹੁ-ਭਾਸ਼ਾਈ ਦੇਸ਼ ਹੈ ਅਤੇ ਇੱਥੇ 160 ਦੇਸ਼ਾਂ ਤੋਂ ਵੀ ਵਧੇਰੇ ਆਏ ਹੋਏ ਇਮੀਗਰੈਂਟ ਰਲ਼-ਮਿਲ਼ ਕੇ ਰਹਿੰਦੇ ਹਨ। ਉਹ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਅਤੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਲੋਕਾਂ ਦਾ ਬੇਸ਼ਕ ਆਪੋ-ਆਪਣਾ ਸੱਭਿਆਚਾਰ ਹੈ, ਫਿਰ ਵੀ ਉਹ ਇਕੱਠੇ ਮਿਲ਼ ਕੇ ਵਿਚਰਦੇ ਹਨ ਅਤੇ ਇਸ ਦੇ ਨਾਲ ਹੀ ਕੈਨੇਡਾ ਦੇ ਇੱਕ ਸਾਂਝੇ ਰਲ਼ਵੇ-ਮਿਲ਼ਵੇਂ ਸੱਭਿਆਚਾਰ ਨੂੰ ਜਨਮ ਦੇ ਰਹੇ ਹਨ ਜਿਸ ਨੂੰ ਇੱਥੇ ‘ਮਲਟੀਕਲਚਰਿਜ਼ਮ’ ਦਾ ਨਾਂ ਦਿੱਤਾ ਗਿਆ ਹੈ।
ਉਪਰੰਤ, ਨਾਲ ਹੀ ਮੰਚ-ਸੰਚਾਲਕ ਦੀ ਜਿ਼ਮੇਂਵਾਰੀ ਨਿਭਾਉਂਦਿਆਂ ਉਨ੍ਹਾਂ ਵੱਲੋਂ ਸਮਾਗ਼ਮ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਮਹਿਮਾਨ ਡਾ। ਸੁਖਦੇਵ ਸਿੰਘ ਝੰਡ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਕੈਨੇਡਾ ਦੇ ‘ਮਲਟੀਕਲਚਰਿਜ਼ਮ’ ਦੀ ਵੱਖ-ਵੱਖ ਰੰਗਾਂ ਤੇ ਖ਼ੁਸ਼ਬੋਆਂ ਵਾਲੇ ਫੁੱਲਾਂ ਦੇ ‘ਖ਼ੂਬਸੂਰਤ ਗੁਲਦਸਤੇ’ ਨਾਲ ਤੁਲਣਾ ਕਰਦਿਆਂ ਕਿਹਾ ਕਿ ਇਹ ਇਸ ਦੇਸ਼ ਕੈਨੇਡਾ ਦੀ ਵਿਲੱਖਣਤਾ ਹੈ ਕਿ ਇੱਥੇ ਏਨੇ ਸਾਰੇ ਦੇਸ਼ਾਂ ਤੋਂ ਏਡੀ ਵੱਡੀ ਗਿਣਤੀ ਵਿਚ ਇਮੀਗਰੈਂਟ ਆਏ ਹਨ ਅਤੇ ਉਹ ਆਪੋ-ਆਪਣੇ ਦੇਸ਼ ਤੇ ਕੌਮ ਦਾ ਸੱਭਿਆਚਾਰ ਵੀ ਆਪਣੇ ਨਾਲ ਲਿਆਏ ਹਨ। ਹਰੇਕ ਦੇਸ਼ ਦੇ ਲੋਕਾਂ ਦਾ ਆਪੋ-ਆਪਣਾ ਪਹਿਰਾਵਾ ਹੈ, ਆਪਣੀ ਬੋਲੀ ਹੈ, ਆਪਣਾ ਖਾਣ-ਪੀਣ ਹੈ ਅਤੇ ਆਪਣੇ ਹੀ ਤਿਉਹਾਰ ਤੇ ਰੀਤੀ-ਰਿਵਾਜ ਹਨ। ਉਹ ਸਾਰੇ ਇੱਥੇ ਰਲ਼-ਮਿਲ ਕੇ ਕੈਨੇਡਾ-ਡੇਅ, ਹੈਲੋਵੀਨ, ਕ੍ਰਿਸਮਸ, ਲੋਹੜੀ, ਮਾਘੀ, ਦੁਸਹਿਰਾ, ਦੀਵਾਲੀ, ਰਾਮਨੌਮੀ, ਸਿ਼ਵਰਾਤਰੀ, ਈਦ, ਬਕਰੀਦ, ਆਦਿ ਤਿਉਹਾਰ ਮਨਾਉਂਦੇ ਹਨ। ਗਰਮੀਆਂ ਦੇ ਮੌਸਮ ਵਿਚ ਇੱਥੇ ਪਿਕਨਿਕਾਂ ਦਾ ਖ਼ੂਬ ਰੰਗ ਬੱਝਦਾ ਹੈ ਅਤੇ ਕੁੜੀਆਂ-ਚਿੜੀਆਂ, ਮੁਟਿਆਰਾਂ ਤੇ ਅੱਧ-ਵਰੇਸ ਔਰਤਾਂ ਰਲ਼ ਕੇ਼ ਸਾਉਣ ਦੇ ਮਹੀਨੇ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਇਹ ਸਾਰਾ ਕੁੱਝ ਮਿਲ ਕੇ ਕੈਨੇਡਾ ਦੇ ਸਰਬ-ਸਾਂਝੇ ਬਹੁ-ਸੱਭਿਆਚਦਾਰ ਦੀ ਖ਼ੂਬਸੂਰਤ ਝਲਕ ਪੇਸ਼ ਕਰਦਾ ਹੈ ਅਤੇ ਇਸ ਖ਼ੂਬਸੂਰਤ ‘ਗੁਲਦਸਤੇ’ ਦੇ ਵੱਖ-ਵੱਖ ਰੰਗਾਂ ਤੇ ਖ਼ੁਸ਼ਬੋਆਂ ਨੂੰ ਬਾਖ਼ੂਬੀ ਪ੍ਰਗਟ ਕਰਦਾ ਹੈ।
ਇਸ ਤੋਂ ਪਹਿਲਾਂ ‘ਸਿਟੀ ਆਫ਼ ਬਰੈਂਪਟਨ ਰੀਕਰੀਏਸ਼ਨ ਪ੍ਰੋਗਰਾਮ ਫ਼ਾਰ ਸੀਨੀਅਰਜ਼’ ਦੇ ਤਿੰਨ ਨੌਜੁਆਨ ਲੜਕੇ/ਲੜਕੀਆਂ ਸਿਮਰਨ ਟਿਵਾਣਾ, ਸਤਵਿੰਦਰ ਕੌਰ ਤੇ ਸਰਵਰੀ ਅਹਿਮਦ ਨੇ ਬਰੈਂਪਟਨ ਸਿਟੀ ਵੱਲੋਂ ਸੀਨੀਅਰਜ਼ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਬਹੁਤ ਵਧੀਆ ਜਾਣਕਾਰੀ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਸੀਨੀਅਰਜ਼ ਬਰੈਂਪਟਨ ਸਿਟੀ ਤੋਂ ਸਰਦੀਆਂ ਦੇ ਇਨ੍ਹਾਂ ਦਿਨਾਂ ਵਿੱਚ ਆਪਣੇ ਘਰਾਂ ਤੋਂ ਬਰਫ਼ ਹਟਾਉਣ ਦੀ ਮੁਫ਼ਤ ਸਹੂਲਤ ਪ੍ਰਾਪਤ ਕਰ ਸਕਦੇ ਹਨ ਪਰ ਇਸ ਵਿਚ ਇਕ ਸ਼ਰਤ ਸ਼ਾਮਲ ਹੈ ਕਿ ਘਰਾਂ ਵਿਚ ਸੀਨੀਅਰਾਂ ਦਾ ਨਾਂ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ। ਉਹ ਬਰੈਂਪਟਨ ਦੇ ਕਮਿਊਨਿਟੀ ਸੈਟਰਾਂ ਵਿਚ ਉਪਲੱਭਧ ਸਹੂਲਤਾਂ, ਜਿਵੇਂ ਜਿੰਮ, ਸਵਿੰਮਿੰਗ ਪੂਲ, ਸਟੀਮ ਬਾਥ, ਆਦਿ ਸਹੂਲਤਾਂ ਬਹੁਤ ਹੀ ਘੱਟ ਰੇਟਾਂ ‘ਤੇ ਪ੍ਰਾਪਤ ਕਰ ਸਕਦੇ ਹਨ, ਜਦਕਿ 70 ਸਾਲ ਤੋਂ ਉੱਪਰ ਵਾਲੇ ਸੀਨੀਅਰਾਂ ਲਈ ਇਨ੍ਹਾਂ ਸਹੂਲਤਾਂ ਲਈ ਕਮਿਊਨਿਟੀ ਸੈਂਟਰਾਂ ਵਿਚ ਰਜਿਸਟ੍ਰੇਸ਼ਨ ਫ਼ਰੀ ਹੈ। ਸੀਨੀਅਰਜ਼ ਆਪਣੇ ਸਮਾਗ਼ਮ ਵਗ਼ੈਰਾ ਕਰਨ ਲਈ ਕਮਿਊਨਿਟੀ ਸੈਂਟਰਾਂ ਵਿਚ ਬੁੱਕਿੰਗ ਘੱਟ ਰੇਟਾਂ ‘ਤੇ ਕਰਵਾ ਸਕਦੇ ਹਨ।
ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਮਹਿਮਾਨਾਂ ਦੇ ਮਨੋਰੰਜਨ ਲਈ ਬੁਲਾਏ ਗਏ ‘ਟੋਰਾਂਟੋ ਮਿਊਜ਼ੀਕਲ ਗਰੁੱਪ’ ਦੇ ਸੰਚਾਲਕ ਰਾਜੀਵ ਸੂਦ ਨੇ ਪੁਰਾਣੀਆਂ ਹਿੰਦੀ ਫਿ਼ਲਮਾਂ ਦੇ ਗਾਇਕਾਂ ਸਵਰਗੀ ਹੇਮੰਤ ਕੁਮਾਰ, ਮੰਨਾ ਡੇ, ਮੁਹੰਮਦ ਰਫ਼ੀ ਦੇ ਗਾਏ ਹੋਏ ਗੀਤ ਗਾ ਕੇ ਉੁਨ੍ਹਾਂ ਦਾ ਖ਼ੂਬ ਮਨੋਰੰਜਨ ਕੀਤਾ। ਪੀਐੱਸਬੀ ਸੀਨੀਅਰਜ਼ ਕਲੱਬ ਦੇ ਮੈਂਬਰ ਮਨਪ੍ਰੀਤ ਸਿੰਘ ਸ਼ੀਂਹ ਨੇ ਵੀ ਦੋ-ਤਿੰਨ ਗਾਣੇ ਗਾ ਕੇ ਉਨ੍ਹਾਂ ਨੂੰ ਵਿੱਚ-ਵਿਚਾਲੇ ਸਾਹ ਦਿਵਾਉਂਦਿਆਂ ਹੋਇਆਂ ਉਨ੍ਹਾਂ ਦਾ ਬਾਖ਼ੂਬੀ ਸਾਥ ਦਿੱਤਾ। ਉਪਰੰਤ, ਡੀ। ਜੇ। ਉੱਪਰ ਲੋਕ-ਬੋਲੀਆਂ ਤੇ ਭੰਗੜੇ ਵਾਲੇ ਗਾਣੇ ਲਗਾ ਕੇ ਕਲੱਬ ਦੇ ਔਰਤ ਤੇ ਮਰਦ ਮੈਂਬਰਾਂ ਵੱਲੋਂ ਖ਼ੂਬ ਗਿੱਧਾ ਤੇ ਭੰਗੜਾ ਪਾਇਆ ਗਿਆ ਅਤੇ ਸਾਰਿਆਂ ਦਾ ਖ਼ੂਬ ਮਨੋਰੰਜਨ ਹੋਇਆ। ਏਨੇ ਚਿਰ ਨੂੰ ਰੈਸਟੋਰੈਂਟ ਤੋਂ ਆਰਡਰ ਕੀਤਾ ਹੋਇਆ ਭੋਜਨ ਵੀ ਪਹੁੰਚ ਚੁੱਕਾ ਸੀ। ਫਿਰ ਸਾਰਿਆਂ ਨੇ ਮਿਲ਼ ਕੇ ਇਸ ਭੋਜਨ ਦਾ ਅਨੰਦ ਮਾਣਿਆਂ।
ਇਹ ਸਮਾਗ਼ਮ ਕੈਨੇਡਾ ਸਰਕਾਰ ਦੀ ‘ਨਿਊ ਹੌਰੀਜ਼ਨਜ਼ ਫ਼ਾਰ ਸੀਨੀਅਰਜ਼ ਪ੍ਰੋਗਰਾਮ’ ਵੱਲੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਨਾਲ ਕਰਵਾਇਆ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਤੇ ਮੀਤ-ਪ੍ਰਧਾਨ ਗਿਆਨਪਾਲ ਸਿੰਘ ਵੱਲੋਂ ਇਸ ਸਮਾਗ਼ਮ ਨੂੰ ਸਫ਼ਲ ਬਨਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਮੰਚ-ਸੰਚਾਲਕ ਗੁਰਚਰਨ ਸਿੰਘ ਖੱਖ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਕਲੱਬ ਦੇ ਫ਼ਰਵਰੀ ਮਹੀਨੇ ਵਿੱਚ ਹੋਣ ਵਾਲੇ ਅਗਲੇ ਪ੍ਰੋਗਰਾਮ ਬਾਰੇ ਦਿੱਤੀ ਗਈ ਜਾਣਕਾਰੀ ਨਾਲ ਇਸ ਸਮਾਗ਼ਮ ਦੀ ਸਮਾਪਤੀ ਹੋਈ।