ਟੋਰਾਂਟੋ, 4 ਦਸੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੀਮੀਅਰ ਡੱਗ ਫੋਰਡ ਨੇ ਬੁੱਧਵਾਰ ਨੂੰ ਫਾਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਜ਼ਾਕੀਆ ਆਦਮੀ ਕਿਹਾ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਨਾ ਚਾਹੀਦਾ ਹੈ।
ਪ੍ਰੀਮੀਅਰ ਨੇ ਫਾਕਸ ਨਿਊਜ਼ ਦੇ ਹੋਸਟ ਨੀਲ ਕੈਵੁਟੋ ਨਾਲ ਗੱਲ ਕੀਤੀ ਅਤੇ ਆਉਣ ਵਾਲੇ ਰਾਸ਼ਟਰਪਤੀ ਦੀ ਯੋਜਨਾ `ਤੇ ਚਰਚਾ ਕੀਤੀ, ਜਿਸ ਵਿੱਚ ਕੈਨੇਡਾ ਅਤੇ ਮੈਕਸੀਕੋ `ਤੇ 25 ਫ਼ੀਸਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਹੈ, ਜਦੋਂ ਤੱਕ ਕਿ ਦੋਵੇਂ ਦੇਸ਼ ਅਮਰੀਕਾ ਵਿੱਚ ਗ਼ੈਰਕਾਨੂੰਨੀ ਡਰਗਜ਼ ਅਤੇ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕ ਨਹੀਂ ਦਿੰਦੇ। ਇਸਦੇ ਨਾਲ ਹੀ ਪਿਛਲੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਰ-ਏ-ਲਾਗੋ ਦੀ ਅਚਾਨਕ ਯਾਤਰਾ ਬਾਰੇ ਵੀ ਚਰਚਾ ਕੀਤੀ।