Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਪਾਕਿਸਤਾਨ ਵਿੱਚ ਸ਼ਾਹਮੁਖੀ ਤੋਂ ਗੁਰਮੁਖੀ ਦਾ ਸਫ਼ਰ : ਮੇਰੀ ਨਜ਼ਰ ਤੋਂ ...

April 11, 2024 04:34 AM

  

ਡਾ. ਜਗਮੋਹਨ ਸੰਘਾ
ਫ਼ੋਨ : +1 416-820-1822
"ਮੈਂ ਚਾਉਂਦਾ ਹਾਂ ਕਿ ਸਾਡੀ ਯੂਨੀਵਰਸਿਟੀ ਵਿਚ ਗੁਰਮੁਖੀ ਪਹਿਲੀ ਕਲਾਸ ਤੋਂ ਲੈ ਕੇ ਡਾਕਟਰੇਟ ਤੱਕ ਪੜ੍ਹਾਈ ਜਾਵੇ।" ਇਹ ਕਹਿੰਦਿਆਂ ਹੋਇਆਂ ਡਾ. ਮੁਹੰਮਦ ਅਫ਼ਜ਼ਲ ਹੁਰਾਂ ਦੀਆਂ ਅੱਖਾਂ ਦੀ ਚਮਕ ਵੱਧ ਜਾਂਦੀ ਹੈ। ਯੂਨੀਵਰਸਿਟੀ ਦੇ ਕੋਰੀਡੋਰ ਵਿਚ ਮੇਰੇ ਨਾਲ ਚੱਲਦਿਆਂ ਉਹ ਇੰਜ ਉਤੇਜਿਤ ਹੋ ਰਹੇ ਹਨ, ਜਿਵੇਂ ਕੋਈ ਬੱਚਾ ਆਪਣੇ ਅਣਮੁੱਲੇ ਖਿਡੌਣੇ ਵਿਖਾ ਰਿਹਾ ਹੋਵੇ। ਮੁਹੱਮਦ ਅਫ਼ਜ਼ਲ ਬਾਬਾ ਗੁਰੂ ਨਾਨਕ ਯੂਨੀਵਰਸਿਟੀ, ਨਨਕਾਣਾ ਸਾਹਿਬ ਦੇ ਪਹਿਲੇ ਵਾਈਸ-ਚਾਂਸਲਰ ਹਨ ਅਤੇ ਪੰਜਾਬੀ ਲਈ ਉਨ੍ਹਾਂ ਦੀ ਮੁਹੱਬਤ ਡੁੱਲ੍ਹ-ਡੁੱਲ੍ਹ ਪੈਂਦੀ ਹੈ। "ਮੈਨੂੰ ਉਸ ਦਿਨ ਦਾ ਇੰਤਜ਼ਾਰ ਰਹੇਗਾ ਜਦੋਂ ਸਿਰਫ਼ ਨਨਕਾਣਾ ਸਾਹਿਬ ਦੇ ਸਟੂਡੈਂਟਸ ਹੀ ਨਹੀਂ, ਬਲਕਿ ਸਾਰੇ ਪਾਕਿਸਤਾਨ ਤੋਂ, ਤੇ ਸਗੋਂ ਬਾਹਰੋਂ ਵੀ ਲੋਕ ਪੰਜਾਬੀ ਪੜ੍ਹਨ ਸਾਡੀ ਯੂਨੀਵਰਸਿਟੀ ਵਿਚ ਆਉਣਗੇ।" ਇਹ ਕਹਿੰਦਿਆਂ ਮੁਹੰਮਦ ਅਫ਼ਜ਼ਲ ਹੁਰਾਂ ਦੀਆਂ ਅੱਖਾਂ ਦੀ ਚਮਕ ਹੋਰ ਵੀ ਵੱਧ ਜਾਂਦੀ ਹੈ।

  
ਪੰਜਾਬੀ ਨੂੰ ਬੇਪਨਾਹ ਪਿਆਰ ਕਰਨ ਵਾਲੇ ਸਿਰਫ ਉਹ ਹੀ ਨਹੀਂ, ਬਲਕਿ ਪਾਕਿਸਤਾਨ ਵਿਚ ਬਹੁਤ ਸਾਰੇ ਹੋਰ ਬੁੱਧੀਜੀਵੀ ਵੀ ਹਨ। ਇਨ੍ਹਾਂ ਵਿਚੋਂ ਕੁਝ ਲੋਕ ਮੇਰੇ ਨਾਲ ਕਾਫ਼ੀ ਚਿਰ ਤੋਂ ਜੁੜੇ ਹੋਏ ਹਨ। ਕਈਆਂ ਨਾਲ ਤਾਂ ਵੱਖ-ਵੱਖ ਮੁਲਕਾਂ ਵਿਚ ਮੁਲਾਕਾਤ ਵੀ ਹੁੰਦੀ ਰਹੀ ਹੈ, ਪਰ ਮੇਰੀ ਫਰਵਰੀ 2024 ਦੀ ਪਾਕਿਸਤਾਨੀ ਫੇਰੀ ਦੌਰਾਨ ਪੰਜਾਬੀ ਨੂੰ ਸ਼ਿੱਦਤ ਨਾਲ ਪਿਆਰ ਕਰਨ ਵਾਲੇ ਕੁਝ ਹੋਰ ਬੁੱਧੀਜੀਵੀ ਵੀ ਜੁੜ ਗਏ। ਮੈਂ ਪ੍ਰੋਫੈਸਰ (ਡਾ.) ਨਬੀਲਾ ਰਹਿਮਾਨ, ਪ੍ਰਿੰਸੀਪਲ ਓਰੀਐਂਟਲ ਕਾਲਜ ਲਾਹੌਰ, ਜਿਨ੍ਹਾਂ ਕੋਲ ਝੰਗ ਯੂਨੀਵਰਸਿਟੀ ਦੇ ਵੀ.ਸੀ. ਦਾ ਵਾਧੂ ਅਹੁਦਾ ਵੀ ਹੈ ਅਤੇ ਦਿਆਲ ਸਿੰਘ ਰੀਸਰਚ ਐਂਡ ਕਲਚਰਲ ਫੋਰਮ, ਲਾਹੌਰ ਦੇ ਚੇਅਰਮੈਨ ਡਾ. ਰੱਜ਼ਾਕ ਸ਼ਾਹਿਦ ਦੇ ਸੱਦੇ ‘ਤੇ ਗਿਆ ਸਾਂ। ਇਸ ਦਸ ਦਿਨਾਂ ਦੌਰਾਨ ਯੂਨੀਵਰਸਿਟੀ ਆਫ਼ ‘ਦ ਪੰਜਾਬ ਵਿੱਚ ਲੈੱਕਚਰ ਦਿੱਤੇ ਤੇ ਅਪਣੀ ਫਿਲਮ ‘ਡ੍ਰਾਈਡ ਅਪਰੀਕੋਟਸ’ ਦਾ ਪਾਕਿਸਤਾਨ ਪ੍ਰੀਮੀਅਰ ਵੀ ਕੀਤਾ। ਮੇਰੀ ਫਿਲਮ ਦੇ ਗਾਇਕ ਇਕਬਾਲ ਬਰਾੜ ਅਤੇ ਐੱਕਟਰੈੱਸ ਕੁਲ ਦੀਪ ਵੀ ਇਸ ਦੌਰੇ ‘ਤੇ ਮੇਰੇ ਨਾਲ ਗਏ ਸਨ।
ਓਰੀਐਂਟਲ ਕਾਲਜ ਵਿਚ ਬੋਲਦਿਆਂ ਮੈਂ ਆਖਿਆ ਕਿ ਮੈਂ ਉਸ ਧਰਤੀ ‘ਤੇ ਖੜਾ ਹਾਂ ਜਿੱਥੇ ਦੁਨੀਆਂ ਦੇ ਸੱਭ ਤੋਂ ਜ਼ਿਆਦਾ ਪੰਜਾਬੀ ਵੱਸਦੇ ਹਨ। ਇਸ ‘ਤੇ ਬਹੁਤ ਸਾਰੀਆਂ ਤਾੜੀਆਂ ਵੀ ਵੱਜੀਆਂ। ਪਰ ਜ਼ਮੀਨੀ ਹਕ਼ੀਕ਼ਤ ਇਹ ਹੈ ਕਿ ਅੱਜ ਵੀ ਪਾਕਿਸਤਾਨ ਵਿਚ ਪੰਜਾਬੀ ਬੋਲੀ ਨੂੰ ਉਹ ਮੁਕਾਮ ਨਹੀਂ ਮਿਲਿਆ ਜਿਹਦੀ ਉਮੀਦ ਵਿਚ ਬਹੁਤ ਸਾਰੇ ਇਸ ਬੋਲੀ ਨੂੰ ਮੁਹੱਬਤ ਕਰਨ ਵਾਲੇ ਤੇ ਉੱਘੇ ਪੰਜਾਬੀ ਬੈਠੇ ਹਨ ਇਸ ਮੌਕੇ ਮਸ਼ਹੂਰ ਲੇਖਕ ਤੇ ਪੰਜਾਬੀ ਕਾਰਕੁੰਨ ਇਲਿਆਸ ਘੁੰਮਣ ਨਾਲ ਉਨ੍ਹਾਂ ਦੀ ਪਾਰਟੀਸ਼ਨ ‘ਤੇ ਲਿਖੀ ਕਿਤਾਬ 'ਵੰਡ' ਬਾਰੇ ਵੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਹੋਇਆ ਤੇ "ਪੰਜਾਬ ਹਾਊਸ'' ਦੇ ਮੁਦੱਸਰ ਬੱਟ ਹੁਰਾਂ ਨਾਲ ਵੀ ਸ਼ਾਹਮੁਖੀ ਤੇ ਗੁਰਮੁਖੀ ਦੇ ਸੁਮੇਲ ਬਾਰੇ ਚਰਚਾ ਹੋਈ।
ਅਗਰ ਪਿਛੋਕੜ ਦੇਖੀਏ ਤਾਂ ਅੰਗਰੇਜ਼ਾਂ ਨੇ ਇੱਕ ਸੋਚੀ ਸਮਝੀ ਵਿਉਂਤਬੰਦੀ ਅਧੀਨ ਪਰਸ਼ੀਅਨ (ਫ਼ਾਰਸੀ) ਜ਼ੁਬਾਨ ਨੂੰ ਹੌਲੀ -ਹੌਲੀ ਇਸ ਲਈ ਖ਼ਤਮ ਕਰ ਦਿੱਤਾ ਕਿਉਂਕਿ ਪਰਸ਼ੀਅਨ ਨੂੰ ਮੁਗ਼ਲਾਂ ਦੀ ਜ਼ੁਬਾਨ ਕਿਹਾ ਜਾਂਦਾ ਸੀ। ਉਨ੍ਹਾਂ ਨੇ ਸਿੰਧ ਵਾਲਿਆਂ ਨੂੰ ਸਿੰਧੀ ਬੋਲੀ ਤਾਂ ਦੇ ਦਿੱਤੀ ਪਰ ਪਾਕਿਸਤਾਨ ਵਿਚ ਵੱਸਦੇ ਕਰੋੜਾਂ ਪੰਜਾਬੀਆਂ ਦੀ ਝੋਲੀ ਪੰਜਾਬੀ ਬੋਲੀ ਤੋਂ ਮਹਿਰੂਮ ਹੀ ਰਹਿ ਗਈ ਅਤੇ ਉਨ੍ਹਾਂ ਨੂੰ ਕੌਮੀ ਜ਼ੁਬਾਨ ਉਰਦੂ ਨੂੰ ਹੀ ਅਪਨਾਉਣਾ ਪਿਆ। ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਵੀ ਪਾਕਿਸਤਾਨ ਦੀ ਤਕਰੀਬਨ ਅੱਧੀ ਆਬਾਦੀ ਪੰਜਾਬੀ ਬੋਲਦੀ ਹੈ ਜਦ ਕਿ ਉਰਦੂ ਬੋਲਣ ਵਾਲੇ ਕੇਵਲ 7% ਦੇ ਕਰੀਬ ਹੀ ਹਨ। ਇਸ ਸੱਭ ਦੇ ਬਾਵਜੂਦ ਵੀ ਪਾਕਿਸਤਾਨ ਦੀ ਕੋਮੀ ਭਾਸ਼ਾ ਉਰਦੂ ਹੀ ਹੈ।
ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੀ ਫੌਜ ਵਿੱਚ ਤਿੰਨ-ਚੌਥਾਈ ਤੋਂ ਜ਼ਿਆਦਾ ਪੰਜਾਬੀ ਹਨ। ਪਾਕਿਸਤਾਨ ਦੀ ਸਿਵਲ-ਸਰਵਿਸ ਵਿਚ ਵੀ ਪੰਜਾਬੀਆਂ ਦੀ ਬਹੁ-ਗਿਣਤੀ ਹੈ। ਮੈਨੂੰ ਇਸ ਦੌਰੇ ਦੌਰਾਨ ਇਸ ਗੱਲ ਦੀ ਖੁਸ਼ੀ ਹੋਈ ਕਿ ਹੌਲੀ-ਹੌਲੀ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਬਣਦੀ ਜਾ ਰਹੀ ਹੈ। ਸਾਨੂੰ ਦਿੱਤੇ ਗਏ ਦੋਵੇਂ ਸੁਰੱਖਿਆ-ਕਰਮੀ ਪੁਲਿਸ ਵਿਚ ਹੁੰਦੇ ਹੋਏ ਵੀ ਪੰਜਾਬੀ ਵਿਚ ਪੀਐੱਚ. ਡੀ. ਕਰ ਰਹੇ ਸਨ।
ਸਾਡੀ ਇਸ ਫੇਰੀ ਦੌਰਾਨ ਬਹੁਤ ਸਾਰੇ ਨਵੀਂ ਪੀੜ੍ਹੀ ਦੇ ਨੌਜੁਆਨ ਵੀ ਮਿਲੇ ਜਿਹੜੇ ਪੰਜਾਬੀ ਵਿਚ ਐੱਮ. ਏ., ਐੱਮ. ਫ਼ਿਲ. ਤੇ ਪੀਐੱਚ. ਡੀ. ਕਰ ਰਹੇ ਹਨ ਅਤੇ ਕਈ ਇਹ ਕਰਨ ਤੋਂ ਬਾਅਦ ਹੁਣ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਾ ਵੀ ਰਹੇ ਹਨ। ਇਸ ਸਫਰ ਵਿੱਚਡਾ. ਨਬੀਲਾ ਰਹਿਮਾਨ ਵਰਗੇ ਮਾਰਗ-ਦਰਸ਼ਕ ਬਾਖ਼ੂਬੀ ਆਪਣਾ ਫਰਜ਼ ਨਿਭਾ ਰਹੇ ਹਨ। ਉਹ ਅਤੇ ਹੋਰ ਕਈ ਹੋਰ ਸ਼ਖ਼ਸ ਪਾਕਿਸਤਾਨ ਵਿੱਚ ਗੁਰਮੁਖੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ।
ਜਿਵੇਂ ਚੜ੍ਹਦੇ ਪੰਜਾਬ ਵਿੱਚ ਬਹੁਤ ਸਾਰੇ ਪੰਜਾਬੀ ਆਪਣਿਆਂ ਬੱਚਿਆਂ ਨਾਲ ਹਿੰਦੀ ਬੋਲਦੇ ਹਨ, ਇੰਜ ਹੀ ਲਹਿੰਦੇ ਪੰਜਾਬ ਵਿਚ ਵੀ ਬਹੁਤ ਸਾਰੇ ਪੰਜਾਬੀ, ਉਰਦੂ ਬੋਲਣ ਵਿਚ ਆਪਣੇ ਆਪ ਨੂੰ ਉਚੇਰੇ ਦਰਜੇ ਦਾ ਮਹਿਸੂਸ ਕਰਦੇ ਹਨ। ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਸਰਕਾਰੀ ਭਾਸ਼ਾ ਹੋਣ ਕਰਕੇ ਉਰਦੂ ਬੋਲਣਾ ਉਨ੍ਹਾਂ ਲਈ ਇੱਕ ਮਨੋਵਿਗਿਆਨਕ ਕਿਰਿਆ ਹੋ ਕੇ ਰਹਿ ਗਈ ਹੋਵੇ ਮੈਨੂੰ ਪਾਕਿਸਤਾਨ ਦੇ ਇੱਕ ਉੱਘੇ ਸ਼ਾਇਰ ਦੀ ਯਾਦ ਹਮੇਸ਼ਾ ਆਉਂਦੀ ਹੈ ਜਿਨ੍ਹਾਂ ਨੂੰ ਮੈਂ 20 ਕੁ ਸਾਲ ਪਹਿਲਾਂ ਇੰਟਰਵਿਊ ਕੀਤਾ ਸੀ। ਉਨ੍ਹਾਂ ਦਿਨਾਂ ਵਿਚ ਜਗਜੀਤ ਸਿੰਘ ਹੁਰਾਂ ਨੇ ਉਨ੍ਹਾਂ ਦੀ ਇੱਕ ਗ਼ਜ਼ਲ ਗਾਈ ਸੀ। ਸ਼ਹਿਰ ਵਿਚ ਘੁੰਮਦਿਆਂ ਤੇ ਖਾਣੇ ਖਾਂਦਿਆਂ ਉਹ ਮੇਰੇ ਨਾਲ ਠੇਠ ਪੰਜਾਬੀ ਵਿੱਚ ਗੱਲ ਕਰਦੇ ਪਰ ਜਿਉਂ ਹੀ ਮੈਂ ਇੰਟਰਵਿਊ ਦੀ ਰਿਕਾਰਡ ਕਰਨੀ ਸ਼ੁਰੂ ਕਰਦਾ, ਉਹ ਉਸ ਵੇਲੇ ਅਚਾਨਕ ਉਰਦੂ ਬੋਲਣ ਲੱਗ ਪੈਂਦੇ।
ਖੁਸ਼ੀ ਦੀ ਗੱਲ ਇਹ ਹੈ ਕਿ ਇਹ ਰੁਝਾਨ ਹੁਣ ਬਦਲ ਰਿਹਾ ਹੈ ਤੇ ਬਹੁਤ ਸਾਰੇ ਪੰਜਾਬੀ ਦੇ ਕਾਰਕੁੰਨ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਵਿਚ ਜੁੱਟ ਗਏ ਹਨ। ਕੁਝ ਸਾਲ ਪਹਿਲਾਂ ਤੱਕ ਹਿੰਦੁਸਤਾਨ ਵਿਚ ਲਿਖਿਆ ਗਿਆ ਪੰਜਾਬੀ ਸਾਹਿਤ ਪਾਕਿਸਤਾਨ ਵਿਚ ਸਿਰਫ ਸ਼ਾਹਮੁਖੀ ਵਿਚ ਹੀ ਪੜ੍ਹਿਆ ਜਾਂਦਾ ਸੀ। ਅੱਜ ਦੇ ਦਿਨ ਪਾਕਿਸਤਾਨ ਵਿਚ ਗੁਰਮੁਖੀ ਪੜ੍ਹਨ ਵਾਲਿਆਂ ਦੀ ਤਾਦਾਦ ਕਾਫ਼ੀ ਵੱਧ ਗਈ ਹੈ ਤੇ ਨਾਲ-ਨਾਲ ਚੜ੍ਹਦੇ-ਲਹਿੰਦੇ ਪੰਜਾਬ ਵਿਚ ਵੱਸਦੇ ਪੰਜਾਬੀਆਂ ਦੇ ਪਿਆਰ ਵਿੱਚ ਵੀ ਚੋਖਾ ਵਾਧਾ ਹੋਇਆ ਹੈ।
ਜਿਹੜੇ ਵੀ ਇਨਸਾਨ ਨੇ ਲਾਹੌਰ ਵੇਖਿਆ ਹੈ ਉਹ ਮੇਰੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੇਗਾ ਕਿ ਲਾਹੌਰ ਦੀ ਮਿੱਟੀ ਦੀ ਖ਼ੁਸ਼ਬੂ ਕਿਸੇ ਨੂੰ ਵੀ ਮਦਹੋਸ਼ ਕਰ ਸਕਦੀ ਹੈ। ਤਕਰੀਬਨ 40 ਵਰ੍ਹੇ ਪਹਿਲਾਂ ਜਦ ਮੈਂ ਅੰਮ੍ਰਿਤਾ ਪ੍ਰੀਤਮ ਦੀ ਇੰਟਰਵਿਊ ਕੀਤੀ ਸੀ ਉਸ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਅਤੇ ਧਨੀ ਰਾਮ ਰੋਡ ਦੇ ਮੋੜ ‘ਤੇ ਸਥਿਤ ਆਪਣੇ ਘਰ ਦਾ ਜ਼ਿਕਰ ਕੀਤਾ ਸੀ। ਜਦੋਂ ਉਸ ਘਰ ਨੂੰ ਵੇਖਣ ਦੀ ਮੇਰੀ ਤਮੰਨਾ ਏਨੇ ਸਾਲਾਂ ਬਾਦ ਪੂਰੀ ਹੋਈ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਦੁਬਾਰਾ ਅੰਮ੍ਰਿਤਾ ਨਾਲ ਮੁਲਾਕਾਤ ਦਾ ਮੌਕਾ ਮਿਲ ਗਿਆ ਹੋਵੇ। ਉਸ ਘਰ ਵਿਚ ਵੱਸਦੇ ਜ਼ੀਸ਼ਾਨ ਇਬਰਾਹੀਮ ਸਾਬ ਨੇ ਅੰਮ੍ਰਿਤਾ ਦੇ ਉਸ ਘਰ ਦਾ ਹਰੇਕ ਹਿੱਸਾ ਸਾਨੂੰ ਬੜੀ ਮੁਹੱਬਤ ਨਾਲ ਵਿਖਾਇਆ।
ਮਸ਼ਹੂਰ ਗਾਇਕ ਤੇ ਬਹੁਤ ਹੀ ਨਿਮਰ ਸੁਭਾ ਦੇ ਮਾਲਿਕ ਆਰਿਫ਼ ਲੁਹਾਰ ਹੁਰਾਂ ਨਾਲ ਠੇਠ ਪੰਜਾਬੀ ਵਿਚ ਗੱਲਾਂ-ਬਾਤਾਂ ਕਰਕੇ ਬਹੁਤ ਅਪਣੱਤ ਦਾ ਅਹਿਸਾਸ ਹੋਇਆ। ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸਈਦ ਨੂਰ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਸਾਇਮਾ ਨੂਰ ਹੁਰਾਂ ਦੇ ਘਰ ਬੈਠ ਕੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਬਾਰੇ ਗੱਲਾਂ ਕਰਦਿਆਂ ਇੱਕ ਅਲੌਕਿਕ ਭਾਵਨਾ ਦਾ ਅਨੁਭਵ ਹੋਇਆ। ਕਸੂਰ ਸ਼ਹਿਰ ਦੇ ਨਵਾਬ ਦੇ ਵੰਸ਼ਜ ਨੂੰ ਮਿਲ ਕੇ ਤੇ ਬੁੱਲ੍ਹੇ ਸ਼ਾਹ ਦੀਆਂ ਗੱਲਾਂ ਕਰ ਕੇ ਇੰਜ ਲੱਗਿਆ ਜਿਵੇਂ ਮੈਂ ਵੀ ਚਾਰ ਸੌ ਸਾਲ ਪੁਰਾਣੇ ਇਤਿਹਾਸ ਦਾ ਹਿੱਸਾ ਬਣ ਗਿਆ ਹੋਵਾਂ।
ਇਹ ਬਹੁਤ ਹੀ ਸੰਤੁਸ਼ਟੀ ਭਰੀ ਭਾਵਨਾ ਹੈ ਕਿ ਬਾਰਡਰ ਦੇ ਦੋਵੇਂ ਪਾਸੇ ਪੰਜਾਬੀ ਨੂੰ ਬੇ-ਪਨਾਹ ਮੁਹੱਬਤ ਕਰਨ ਵਾਲੇ ਲੋਕ ਮੌਜੂਦ ਹਨ। ਮੇਰੀ ਨਜ਼ਰ ‘ਚ ਆਉਣ ਵਾਲੇ ਸਾਲਾਂ ਵਿੱਚ ਪਾਕਿਸਤਾਨ ਵਿਚ ਨਾ ਸਿਰਫ਼ ਪੰਜਾਬੀ ਬੋਲੀ ਨੂੰ ਹੋਰ ਪ੍ਰਾਥਮਿਕਤਾ ਦਿੱਤੀ ਜਾਏਗੀ, ਬਲਕਿ ਗੁਰਮੁਖੀ ਸਿੱਖਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧਦੀ ਹੀ ਜਾਵੇਗੀ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ