Welcome to Canadian Punjabi Post
Follow us on

28

March 2024
 
ਨਜਰਰੀਆ

ਉੱਤਰ ਪ੍ਰਦੇਸ਼ ਵਿੱਚ ਕਿਸੇ ਵੀ ਪਾਰਟੀ ਲਈ ਰਸਤਾ ਸੌਖਾ ਨਹੀਂ

January 21, 2022 01:13 AM

-ਰਾਜੇਸ਼ ਮਹੇਸ਼ਵਰੀ
ਭਾਰਤ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਪਿੱਛੋਂ ਲੋਕਾਂ ਦੀਆਂ ਨਜ਼ਰਾਂ ਉੱਤਰ ਪ੍ਰਦੇਸ਼ (ਯੂ ਪੀ) ਦੀਆਂ ਚੋਣਾਂ ਉੱਤੇ ਟਿਕੀਆਂ ਹਨ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਯੂ ਪੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਫੀ ਹੱਦ ਤੱਕ 2024 ਦੀਆਂ ਪਾਰਲੀਮੈਂਟ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਯੂ ਪੀ ਵਿੱਚ ਪਿਛਲੇ ਪੰਜ ਸਾਲਾਂ ਤੋਂ ਭਾਜਪਾ ਦਾ ਰਾਜ ਹੈ। 2017 ਵਿੱਚ ਪਾਰਟੀ ਨੇ ਪਹਿਲੀ ਵਾਰ ਆਪਣੇ ਦਮ ਉੱਤੇ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ। ਉਸ ਦੇ ਬਾਅਦ 2019 ਦੀਆਂ ਲੋਕਾਂ ਸਭਾ ਚੋਣਾਂ ਵਿੱਚ ਵੀ ਮੋਦੀ ਲਹਿਰ ਕਾਰਨ ਉਸ ਨੂੰ ਭਾਰੀ ਸਫਲਤਾ ਮਿਲੀ ਤਾਂ ਇਹ ਮੰਨਿਆ ਜਾਣ ਲੱਗਾ ਸੀ ਕਿ ਯੂ ਪੀ ਵਿੱਚ ਭਾਜਪਾ ਚੁਣੌਤੀ-ਵਿਹੂਣੀ ਹੋ ਚੱਲੀ ਹੈ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਦੇ ਗਠਜੋੜ ਨੇ ਭਾਜਪਾ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋਏ। ਉਸ ਪਿੱਛੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਖਿਲੇਸ਼ ਯਾਦਵ ਨੇ ਮਾਇਆਵਤੀ ਨਾਲ ਗਠਜੋੜ ਕੀਤਾ ਜਿਸ ਨੂੰ ਭੂਆ-ਭਤੀਜੇ ਦੀ ਜੋੜੀ ਕਹਿ ਕੇ ਵਜ਼ਨਦਾਰ ਮੰਨਿਆ ਜਾਂਦਾ ਸੀ, ਪਰ ਨਤੀਜੀ ਖਾਸ ਨਹੀਂ ਰਿਹਾ। ਉਸ ਨਾਲ ਭਾਜਪਾ ਨੂੰ ਇਹ ਹੰਕਾਰ ਹੋਣ ਲੱਗਾ ਕਿ ਉਹ ਅਜੇਤੂ ਹੋ ਚੱਲੀ ਹੈ, ਪਰ ਬੀਤੇ ਇੱਕ ਸਾਲ ਦੇ ਅੰਦਰ ਮਾਹੌਲ ਵਿੱਚ ਕਾਫੀ ਤਬਦੀਲੀ ਆਈ ਹੈ।
ਇਸ ਵਿੱਚ ਦੋ-ਰਾਵਾਂ ਨਹੀਂ ਕਿ ਬਤੌਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਾਨੂੰਨ ਵਿਵਸਥਾ ਨਾਲ ਵਿਕਾਸ ਦੇ ਕਾਫੀ ਕੰਮ ਕੀਤੇ ਹਨ, ਪਰ ਕੋਰੋਨਾ ਦੀ ਦੂਜੀ ਲਹਿਰ ਦੇ ਕਹਿਰ ਅਤੇ ਕਿਸਾਨ ਅੰਦੋਲਨ ਦੇ ਕਾਰਨ ਯੂ ਪੀ ਵਿੱਚ ਭਾਜਪਾ ਵਿਰੋਧੀ ਲੋਕ ਬੜੇ ਭੜਕੇ ਸਨ ਅਤੇ ਅੱਜ ਹਾਲ ਇਹ ਹੈ ਕਿ ਸਾਰੇ ਇਹ ਮੰਨਣ ਲੱਗੇ ਹਨ ਕਿ ਮੁਕਾਬਲਾ ਸਖ਼ਤ ਹੈ। ਰਾਮ ਮੰਦਰ ਦੀ ਉਸਾਰੀ ਦੀਆਂ ਰੁਕਾਵਟਾਂ ਦੂਰ ਹੋਣ ਤੇ ਕਾਸ਼ੀ ਵਿਸ਼ਨਾਥ ਕਾਰੀਡੋਰ ਦੀ ਉਸਾਰੀ ਦੇ ਨਾਲ ਹਾਈਵੇਜ਼ ਦੇ ਵਿਕਾਸ ਦੇ ਕਾਰਨ ਭਾਜਪਾ ਦਾ ਦਬਦਬਾ ਅਣਕਿਆਸਾ ਸੀ, ਪਰ ਉਹ ਕਾਫੀ ਕੁਝ ਠੰਢਾ ਪੈਂਦਾ ਦਿੱਸ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਸੋਸ਼ਲ ਇੰਜੀਨੀਅਰਿੰਗ ਦਾ ਜੋ ਤਾਣਾ-ਬਾਣਾ ਬੁਣਿਆ, ਉਸ ਨੇ ਨਾ ਸਿਰਫ ਪੱਛੜੀਆਂ ਸਗੋਂ ਦਲਿਤ ਜਾਤਾਂ ਵਿੱਚ ਵੀ ਉਸ ਦਾ ਲੋਕ ਆਧਾਰ ਵਧਾ ਦਿੱਤਾ, ਪਰ ਇਨ੍ਹਾਂ ਚੋਣਾਂ ਦੇ ਆਉਣ ਤੋਂ ਪਹਿਲਾਂ ਪੱਛੜੀਆਂ ਜਾਤੀਆਂ ਦੇ ਕੁਝ ਨੇਤਾਵਾਂ ਵੱਲੋਂ ਭਾਜਪਾ ਦਾ ਸਾਥ ਛੱਡ ਕੇ ਅਖਿਲੇਸ਼ ਯਾਦਵ ਨਾਲ ਹੱਥ ਮਿਲਾਉਂਦੇ ਹੀ ਇਹ ਧਾਰਨਾ ਫੈਲਣ ਲੱਗੀ ਕਿ ਯੂ ਪੀ ਵਿੱਚ ਭਾਜਪਾ ਅਤੇ ਅਖਿਲੇਸ਼ ਦਾ ਸਿੱਧਾ ਮੁਕਾਬਲਾ ਹੋਣ ਵਾਲਾ ਹੈ।
ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਦੇ ਬੀਮਾਰ ਹੋਣ ਕਾਰਨ ਸਮਾਜਵਾਦੀ ਪਾਰਟੀ ਦੀ ਪੂਰੀ ਕਮਾਨ ਅਖਿਲੇਸ਼ ਯਾਦਵ ਦੇ ਹੱਥ ਹੈ। ਅਲਿਖੇਸ਼ ਆਪਣੇ ਰੁੱਸੇ ਹੋਏ ਚਾਚੇ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਏ, ਪਰ ਅਖਿਲੇਸ਼ ਦੀ ਭਾਬੀ ਅਪਰਣਾ ਯਾਦਵ ਨੇ ਭਾਜਪਾ ਦਾ ਪੱਲਾ ਫੜ ਲਿਆ। ਚੋਣਾਂ ਬਾਰੇ ਵਿਸ਼ਲੇਸ਼ਕਾਂ ਨੂੰ ਸਮਾਜਵਾਦੀ ਪਾਰਟੀ ਉਤੇ ਇਸ ਦਾ ਕੋਈ ਖਾਸ ਅਸਰ ਨਾ ਪੈਣ ਦੀ ਆਸ ਹੈ। ਅਖਿਲੇਸ਼ ਯਾਦਵ ਨੂੰ ਸਭ ਤੋਂ ਵੱਡਾ ਲਾਭ ਮਿਲਿਆ ਕਿਸਾਨ ਅੰਦੋਲਨ ਦਾ, ਜਿਸ ਕਾਰਨ ਭਾਜਪਾ ਨੂੰ ਆਪਣੇ ਸਭ ਤੋਂ ਮਜ਼ਬੂਤ ਗੜ੍ਹ ਪੱਛਮੀ ਯੂ ਪੀ ਵਿੱਚ ਜਾਟ ਭਾਈਚਾਰੇ ਦੀ ਨਾਰਾਜ਼ਗੀ ਝੱਲਣੀ ਪੈ ਰਹੀ ਹੈ ਜਿਸ ਨੂੰ ਦੇਖ ਕੇ ਅਖਿਲੇਸ਼ ਨੇ ਸਵਰਗੀ ਚੌਧਰੀ ਚਰਨ ਸਿੰਘ ਦੇ ਪੋਤਰੇ ਅਤੇ ਸਵਰਗੀ ਅਜੀਤ ਸਿੰਘ ਦੇ ਪੁੱਤਰ ਰਾਸ਼ਟਰੀ ਲੋਕ ਦਲ ਦੇ ਨੇਤਾ ਜੈਯੰਤ ਚੌਧਰੀ ਨਾਲ ਗਠਜੋੜ ਕਰ ਲਿਆ। ਇਸ ਖਿੱਤੇ ਵਿੱਚ ਕਾਫੀ ਪ੍ਰਭਾਵਸ਼ਾਲੀ ਮੰਨੇ ਜਾਂਦੇ ਜਾਟਾਂ ਦੇ ਨੇਤਾ ਬਣ ਕੇ ਉਭਰੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਗਾਜ਼ੀਪੁਰ ਵਿੱਚ ਇੱਕ ਸਾਲ ਚੱਲੇ ਧਰਨੇ ਦੇ ਬਾਅਦ ਕਿਸਾਨਾਂ ਵਿੱਚ ਭਾਜਪਾ ਵਿਰੁੱਧ ਜੋ ਗੁੱਸਾ ਫੈਲਿਆ, ਉਸ ਨੇ ਪੂਰੇ ਸੂਬੇ ਵਿੱਚ ਯੋਗੀ-ਮੋਦੀ ਦੀ ਜੋੜੀ ਦੀ ਇੱਕ ਤਰਫਾ ਜਿੱਤ ਉੱਤੇ ਸ਼ੱਕ ਪੈਦਾ ਕਰ ਦਿੱਤੇ ਹਨ। ਹਰ ਕੋਈ ਇਹ ਮੰਨਦਾ ਹੈ ਕਿ ਅਖਿਲੇਸ਼ ਨੇ ਭਾਜਪਾ ਕੋਲੋਂ ਪੱਛੜੀਆਂ ਜਾਤੀਆਂ ਦਾ ਥੋਕ ਸਮਰਥਨ ਖੋਹ ਲਿਆ ਹੈ। ਯੋਗੀ ਜੀ ਦੇ ਠਾਕੁਰ ਪ੍ਰੇਮ ਕਾਰਨ ਬ੍ਰਾਹਮਣ ਵੀ ਉਨ੍ਹਾਂ ਤੋਂ ਖਿਸਕੇ ਹਨ। ਯਾਦਵ ਅਤੇ ਮੁਸਲਮਾਨ ਸਮਾਜਵਾਦੀ ਪਾਰਟੀ ਨਾਲ ਮੰਨੇ ਜਾਂਦੇ ਹਨ। ਇਸ ਲਈ ਇਹ ਕਿਹਾ ਜਾਂਦਾ ਹੈ ਅਖਿਲੇਸ਼ ਸੱਤਾ ਵਿੱਚ ਪਰਤ ਰਹੇ ਹਨ।
ਓਧਰ ਸੂਬੇ ਵਿੱਚ ਕਾਂਗਰਸ ਵੀ ਪ੍ਰਿਯੰਕਾ ਵਾਡਰਾ ਦੀ ਅਗਵਾਈ ਵਿੱਚ ਆਪਣਾ ਗੁਆਚਿਆ ਆਧਾਰ ਹਾਸਲ ਕਰਨ ਲਈ ਹੱਥ-ਪੈਰ ਮਾਰ ਰਹੀ ਹੈ ਅਤੇ ਹੈਦਰਾਬਾਦ ਤੋਂ ਆ ਕੇ ਅਸਦੁਦੀਨ ਓਵੈਸੀ ਮੁਸਲਿਮ ਵੋਟਰਾਂ ਨੂੰ ਦੂਜੀਆਂ ਪਾਰਟੀਆਂ ਦਾ ਦੁਮਛੱਲਾ ਬਣਨ ਦੀ ਥਾਂ ਆਪਣੀ ਆਜ਼ਾਦ ਹੋਂਦ ਕਾਇਮ ਕਰਨ ਨੂੰ ਉਕਸਾ ਰਹੇ ਹਨ ਪਰ ਉਸ ਦੇ ਬਾਅਦ ਵੀ ਸਾਧਾਰਨ ਤੌਰ ਉੱਤੇ ਇਹ ਮੰਨ ਲਿਆ ਗਿਆ ਹੈ ਕਿ ਅਖਿਲੇਸ਼ ਨੇ ਭਾਜਪਾ ਦੇ ਸਾਹਮਣੇ ਜ਼ਬਰਦਸਤ ਮੋਰਚਾਬੰਦੀ ਕਰਦੇ ਹੋਏ ਸੱਤਾ ਪਰਿਵਰਤਨ ਦੀ ਸੰਭਾਵਨਾ ਨੂੰ ਮਜ਼ਬੂਤੀ ਮੁਹੱਈਆ ਕਰ ਦਿੱਤੀ ਹੈ। ਇਸਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜਿਸ ਤਰ੍ਹਾਂ 2017 ਵਿੱਚ ਸਪਾ-ਬਸਪਾ ਛੱਡ ਕੇ ਨੇਤਾ ਭਾਜਪਾ ਵਿੱਚ ਆ ਰਹੇ ਸਨ ਉਸੇ ਤਰ੍ਹਾਂ ਇਸ ਵਾਰ ਭਾਜਪਾ ਵਿੱਚ ਭਾਜੜ ਜਾਰੀ ਹੈ ਅਤੇ ਸਮਾਜਵਾਦੀ ਦਾ ਗ੍ਰਾਫ ਉਪਰ ਜਾਂਦਾ ਦੇਖ ਕੇ ਸਾਰੇ ਨੇਤਾ ਅਖਿਲੇਸ਼ ਵੱਲ ਜਾ ਰਹੇ ਹਨ। ਕੁਝ ਭਾਜਪਾ ਵਿਧਾਇਕਾਂ ਦੇ ਪਾਰਟੀ ਛੱਡਣ ਦੇ ਕਿਆਫੇ ਵੀ ਤੇਜ਼ ਹਨ ਪਰ ਸਮੁੱਚੇ ਦਿ੍ਰਸ਼ ਵਿੱਚ ਕਾਂਗਰਸ ਦੀ ਅਣਡਿੱਠਤਾ ਇੱਕ ਵਾਰ ਸਹੀ ਲੱਗਦੀ ਹੈ ਕਿਉਂਕਿ ਉਸਦੀ ਕਾਰਗੁਜ਼ਾਰੀ ਚੋਣ ਦਰ ਚੋਣ ਨਿਰਾਸ਼ਾਜਨਕ ਰਹੀ ਹੈ।
ਸਾਰੇ ਮਾਹਰ ਬਸਪਾ ਨੂੰ ਜਿਸ ਤਰ੍ਹਾਂ ਅਣਡਿੱਠ ਕਰਦੇ ਹਨ, ਉਹ ਹੈਰਾਨੀ ਪੈਦਾ ਕਰਦਾ ਹੈ ਕਿਉਂਕਿ 2017 ਦੀਆਂ ਚੋਣਾਂ ਵਿੱਚ ਜਦੋਂ ਉਸ ਨੂੰ 19 ਸੀਟਾਂ ਮਿਲੀਆਂ ਸਨ, ਤਦ ਵੀ ਉਸ ਦਾ 22 ਫੀਸਦੀ ਵੋਟ ਫੀਸਦੀ ਕਾਇਮ ਰਿਹਾ ਸੀ। ਮਾਇਆਵਤੀ ਬੀਤੇ ਕੁਝ ਸਮੇਂ ਤੋਂ ਜਿੱਦਾਂ ਜਨਤਕ ਤੌਰ ਉੱਤੇ ਘੱਟ ਦਿਖਾਈ ਦਿੱਤੀ, ਉਸ ਤੋਂ ਬਸਪਾ ਨੂੰ ਕਮਜ਼ੋਰ ਮੰਨਿਆ ਜਾਣ ਲੱਗਾ। ਅਖਿਲੇਸ਼ ਅਤੇ ਭਾਜਪਾ ਬੀਤੇ ਕਈ ਮਹੀਨਿਆਂ ਤੋਂ ਚੋਣ ਮੈਦਾਨ ਵਿੱਚ ਸਰਗਰਮ ਹਨ ਪਰ ਮਾਇਆਵਤੀ ਨੇ ਨਾ ਕੋਈ ਰੈਲੀ ਕੀਤੀ ਅਤੇ ਨਾ ਹੋਰ ਕੰਮ। ਗਠਜੋੜ ਦੇ ਬਾਰੇ ਵੀ ਬਸਪਾ ਪੂਰੀ ਤਰ੍ਹਾਂ ਉਦਾਸੀਨ ਨਜ਼ਰ ਆ ਰਹੀ ਹੈ ਪਰ ਪਿੱਛੇ ਜਿਹੇ ਮਾਇਆਵਤੀ ਨੇ ਪ੍ਰੈਸ ਕਾਨਫਰੰਸ ਵਿੱਚ ਸਾਰੀਆਂ ਸੀਟਾਂ ਉੱਤੇ ਉਮੀਦਵਾਰ ਐਲਾਨਣ ਦਾ ਸੰਕੇਤ ਦੇ ਕੇ ਬਸਪਾ ਦੀ ਹਾਜ਼ਰੀ ਦਰਜ ਕਰਵਾ ਦਿੱਤੀ। ਚੋਣ ਵਿਸ਼ਲੇਸ਼ਕ ਮੰਨਣ ਲੱਗੇ ਹਨ ਕਿ ਸੂਬੇ ਵਿੱਚ ਭਾਜਪਾ ਦੇ ਇਲਾਵਾ ਕਿਸੇ ਹੋਰ ਕੋਲ ਸਮਰਪਿਤ ਅਤੇ ਸਥਾਈ ਕੇਡਰ ਹੈ ਤਾਂ ਉਹ ਹੈ ਬਸਪਾ ਕੋਲ। ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਿੱਚ ਦਲਿਤ ਵਰਗ ਦੇ ਜੋ ਲੋਕ ਹਨ, ਉਹ ਬਸਪਾ ਨੂੰ ਪਰਦੇ ਪਿੱਛੋਂ ਸਮਰਥਨ ਦਿੰਦੇ ਹਨ। ਭਾਵੇਂ ਵੱਡੇ ਆਯੋਜਨ ਨਾ ਕਰਨ ਦਾ ਐਲਾਨ ਕੀਤਾ ਪਰ ਉਨ੍ਹਾਂ ਦੇ ਵਰਕਰਾਂ ਦਾ ਕੰਮ ਚੁੱਪਚਾਪ ਸ਼ੁਰੂ ਹੋ ਗਿਆ ਹੈ। ਜਿਹੋ ਜਿਹੀ ਜਾਣਕਾਰੀ ਮਿਲ ਰਹੀ ਹੈ ਉਸ ਅਨੁਸਾਰ ਬਸਪਾ ਦੀ ਸੋਚ ਇਹ ਹੈ ਕਿ ਯੂ ਪੀ ਵਿੱਚ ਲੰਘੜੀ ਵਿਧਾਨ ਸਭਾ ਬਣਨ ਵਾਲੀ ਹੈ ਤੇ ਉਸ ਸਥਿਤੀ ਵਿੱਚ ਉਹ ਸੌਦੇਬਾਜ਼ੀ ਕਰਨ ਵਿੱਚ ਕਾਮਯਾਬ ਹੋ ਜਾਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਨੇ ਜੇ ਆਪਣੇ ਰਵਾਇਤੀ ਆਧਾਰ ਨੂੰ ਬਣਾਈ ਰੱਖਿਆ ਤਦ ਅਖਿਲੇਸ਼ ਦੇ ਅਰਮਾਨਾਂ ਉੱਤੇ ਪਾਣੀ ਫਿਰ ਸਕਦਾ ਹੈ।
ਮਾਇਆਵਤੀ ਨੇ ਜਿਸ ਠੰਡੇ ਅੰਦਾਜ਼ ਵਿੱਚ ਚੋਣਾਂ ਵਿੱਚ ਉਤਰਨ ਦਾ ਐਲਾਨ ਕੀਤਾ ਉਹ ਸਿਆਸੀ ਵਿਸ਼ਲੇਸ਼ਕਾਂ ਨੂੰ ਇਸ ਲਈ ਹੈਰਾਨ ਕਰਦਾ ਹੈ ਕਿ ਉਹ ਤਾਮਝਾਮ ਪਸੰਦ ਕਰਨ ਵਾਲੀ ਨੇਤਾ ਹੈ। ਉਨ੍ਹਾਂ ਦੀ ਸ਼ੈਲੀ ਵਿੱਚ ਹਮਲਾਵਰਪੁਣੇ ਦੀ ਘਾਟ ਰਣਨੀਤੀ ਵਿੱਚ ਤਬਦੀਲੀ ਜਾਂ ਪਰਦੇ ਪਿੱਛੇ ਦੀ ਕਿਸੇ ਖੇਡ ਦਾ ਹਿੱਸਾ, ਇਹ ਕਹਿਣਾ ਔਖਾ ਹੈ ਪਰ ਮਾਇਆਵਤੀ ਕਿਸੇ ਵੀ ਸੂਰਤ ਵਿੱਚ ਅਖਿਲੇਸ਼ ਨੂੰ ਦੁਬਾਰਾ ਮੁੱਖ ਮੰਤਰੀ ਬਣਦੇ ਨਹੀਂ ਦੇਖਣਾ ਚਾਹੇਗੀ ਕਿਉਂਕਿ ਇਸ ਤਰ੍ਹਾਂ ਹੋਣ ਉੱਤੇ ਯੂ ਪੀ ਵਿੱਚ ਉਨ੍ਹਾਂ ਦਾ ਭਵਿੱਖ ਅਨ੍ਹੇਰਾ ਹੋ ਜਾਵੇਗਾ। ਭਾਜਪਾ ਵੀ ਇਸੇ ਲਈ ਬਸਪਾ ਉੱਤੇ ਹਮਲੇ ਕਰਨ ਤੋਂ ਬਚ ਰਹੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ