ਯੋਰੋਸ਼ਲਮ, 20 ਜਨਵਰੀ (ਪੋਸਟ ਬਿਊਰੋ)- ਇਜ਼ਰਾਈਲੀ ਪੁਲਸ ਨੇ ਕੱਲ੍ਹ ਮੂੰਹ ਹਨੇਰੇ ਪੂਰਬੀ ਯੋਰੋਸ਼ਲਮ ਵਿੱਚ ਸ਼ੇਖ਼ ਜਾਰਾਹ ਵਿੱਚ ਵਿਵਾਦਤ ਜਗ੍ਹਾ ਉੱਤੇ ਬਣੇ ਘਰਾਂ ਵਿੱਚੋਂ ਫਿਲਸਤੀਨੀ ਨਾਗਰਿਕਾਂ ਨੂੰ ਬਾਹਰ ਕੱਢ ਕੇ ਸਬੰਧਤ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਹੈ। ਯਹੂਦੀ ਲੋਕ ਲੰਮੇ ਸਮੇਂ ਤੋਂ ਇੱਥੇ ਰਹਿੰਦੇ ਫਲਸਤੀਨੀ ਨਾਗਰਿਕਾਂ ਨੂੰ ਕੱਢਣ ਦੇ ਯਤਨ ਕਰ ਰਹੇ ਸਨ। ਦੋਵਾਂ ਧਿਰਾਂ ਵਿੱਚ ਜਾਰੀ ਟਕਰਾਅ ਕਾਰਨ ਪਿਛਲੇ ਸਾਲ ਇਜ਼ਰਾਈਲ ਅਤੇ ਗਾਜ਼ਾ ਦਹਿਸ਼ਤਗਰਦਾਂ ਵਿਚਾਲੇ 11 ਦਿਨ ਜੰਗ ਚੱਲੀ ਸੀ। ਇਸ ਹਫਤੇ ਦੀ ਸ਼ੁਰੂਆਤ ਵਿੱਚ ਵਿਵਾਦਤ ਇਮਾਰਤ ਵਿੱਚ ਰਹਿੰਦੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਗੈਸ ਟੈਕਰਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ।
ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਨੇ ਇਜ਼ਰਾਈਲ ਵੱਲੋਂ ਇਹ ਇਮਾਰਤਾਂ ਖਾਲੀ ਕਰਾਏ ਜਾਣ ਨੂੰ ‘ਜੰਗੀ ਅਪਰਾਧ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਗੰਭੀਰ ਸਿੱਟਿਆਂ ਦੀ ਜ਼ਿੰਮੇਵਾਰੀ ਇਜ਼ਰਾਈਲੀ ਆਗੂਆਂ ਦੀ ਹੋਵੇਗੀ। ਰਾਸ਼ਟਰਪਤੀ ਦਫਤਰ ਤੋਂ ਜਾਰੀ ਬਿਆਨ ਵਿੱਚ ਅੱਬਾਸ ਨੇ ਅਮਰੀਕਾ ਨੂੰ ਸੱਦਾ ਦਿੱਤਾ ਕਿ ਉਹ ਫੌਰੀ ਦਖਲ ਦੇ ਕੇ ਯੋਰੋਸ਼ਲਮ ਵਿੱਚ ਸਾਡੇ ਲੋਕਾਂ ਉੱਤੇ ਕੀਤੇ ਜਾਂਦੇ ਇਜ਼ਰਾਈਲੀ ਅਪਰਾਧ ਰੋਕੇ।ਓਧਰ ਸਾਲਹੀਆ ਪਰਵਾਰ ਨੇ ਕਿਹਾ ਕਿ ਉਨ੍ਹਾਂ ਇਹ ਜਾਇਦਾਦ (ਵਿਵਾਦਤ ਇਮਾਰਤ) 1967 ਵਿੱਚ ਇਜ਼ਰਾਈਲ ਵੱਲੋਂ ਪੂਰਬੀ ਯੋਰੋਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈਣ ਤੋਂ ਪਹਿਲਾਂ ਖਰੀਦੀ ਸੀ। ਇਜ਼ਰਾਈਲੀ ਸਰਕਾਰ ਨੇ ਕੋਰਟ ਵਿੱਚ ਪਰਵਾਰ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ। ਨਗਰ ਪਾਲਿਕਾ ਦੇ ਰਿਕਾਰਡ ਮੁਤਾਬਕ ਜ਼ਮੀਨ ਦੀ ਸ਼ੁਰੂ ਤੋਂ ਹੀ ਜਨਤਕ ਵਰਤੋਂ ਲਈ ਨਿਸ਼ਾਨਦੇਹੀ ਕੀਤੀ ਹੋਈ ਹੈ ਤੇ ਜਾਇਦਾਦ ਨੂੰ 2017 ਵਿੱਚ ਕਬਜ਼ੇ ਵਿੱਚ ਲਿਆ ਗਿਆ ਸੀ। ਨਗਰ ਪਾਲਿਕਾ ਮੁਤਾਬਕ ਸਾਲਹੀਆ ਪਰਵਾਰ ਇੱਥੇ ਕਾਬਜ਼ ਹੋ ਕੇ ਬੈਠਾ ਹੈ ਤੇ 1990 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤ ਉਸਾਰੀ ਗਈ। ਮਿਊਂਸਿਪੈਲਿਟੀ ਨੇ ਦਾਅਵਾ ਕੀਤਾ ਕਿ ਉਹ ਇਸ ਜ਼ਮੀਨ ਦੇ ਅਸਲ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇਵੇਗਾ ਅਤੇ ਫਲਸਤੀਨੀ ਬਾਸ਼ਿੰਦਿਆਂ ਲਈ ਇੱਥੇ ਸਕੂਲ ਉਸਾਰਿਆ ਜਾਵੇਗਾ, ਪਰ ਫਲਸਤੀਨੀ ਇਸ ਨਾਲ ਸਹਿਮਤ ਨਹੀਂ ਹਨ।