ਜੇਨੇਵਾ, 12 ਜਨਵਰੀ (ਪੋਸਟ ਬਿਊਰੋ)- ਭਾਰਤ ਨੇ ਕਿਹਾ ਹੈ ਕਿ ਸਭ ਦੇਸ਼ਾਂ ਨੂੰ ਅੱਤਵਾਦੀ ਕਾਰਵਾਈਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਅੱਤਵਾਦ ਲਈ ਕੋਈ ਬਹਾਨਾ ਨਹੀਂ ਹੋ ਸਕਦਾ ਤੇ ਮਨੁੱਖਤਾ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਦਾ ਮੁਕਾਬਲਾ ਕਰਨ ਲਈ ਇਸ ਮੁੱਦੇ ਉੱਤੇ ਖੁਦ ਨੂੰ ਵੰਡਿਆ ਨਹੀਂ ਜਾਣਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਭਾਰਤ ਇਸ ਵਕਤ ਸਾਲ 2022 ਲਈ ਯੂ ਐੱਨ ਸਕਿਓਰਟੀ ਕੌਂਸਲ ਦੀ ਅੱਤਵਾਦ ਰੋਕਥਾਮ ਕਮੇਟੀ ਦੀ ਪ੍ਰਧਾਨਗੀ ਕਰ ਰਿਹਾ ਹੈ। ਯੂ ਐੱਨ ਓ ਵਿੱਚ ਭਾਰਤ ਦੇ ਸਥਾਈ ਰਾਜਦੂਤ ਟੀ ਐਸ ਤਿਰੁਮੂਰਤੀ ਨੇ ਦੱਸਿਆ ਕਿ ਭਾਰਤ ਇਸ ਸਾਲ ਅੱਤਵਾਦ ਰੋਕੂ ਕਮੇਟੀ ਦੀ ਪ੍ਰਧਾਨਗੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਮਹੱਤਵ ਪੂਰਣ ਹੈ ਕਿਉਂਕਿ ਸੁਰੱਖਿਆ ਕੌਂਸਲ ਵਿੱਚ ਅੱਤਵਾਦ ਦਾ ਮੁਕਾਬਲਾ ਸਾਡੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਅਤੇ ਅਸੀਂ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਹਾਂ। ਭਾਰਤ ਇਸਸਮੇਂ 15 ਦੇਸ਼ਾਂ ਦੀ ਸੁਰੱਖਿਆ ਕੌਂਸਲ ਦਾ ਇੱਕ ਅਸਥਾਈ ਮੈਂਬਰ ਹੈ ਅਤੇ ਇਸ ਦਾ ਦੋ ਸਾਲ ਦਾ ਕਾਰਜਕਾਲ ਹੈ।