Welcome to Canadian Punjabi Post
Follow us on

29

March 2024
 
ਨਜਰਰੀਆ

ਪੰਜਾਂ ਰਾਜਾਂ ਦੀਆਂ ਚੋਣਾਂ ਦੌਰਾਨ ਭਾਜਪਾ ਅੰਦਰ ਕੱਟੜਪੰਥੀਆਂ ਵਿਚਾਲੇ ਅਗਲੀ ਖਿੱਚੋਤਾਣ ਵੀ ਜਾਰੀ

December 20, 2021 02:20 AM

-ਜਤਿੰਦਰ ਪਨੂੰ
ਇਸ ਵਕਤ ਜਦੋਂ ਹਰ ਕੋਈ ਚੋਣਾਂ ਦੀ ਗੱਲ ਅਤੇ ਫਿਰ ਅੱਗੋਂ ਸਿਰਫ ਪੰਜਾਬ ਦੀਆਂ ਚੋਣਾਂ ਦੀ ਗੱਲ ਕਹਿੰਦਾ ਅਤੇ ਸੁਣਦਾ ਜਾਪਦਾ ਹੈ ਤਾਂ ਅਸੀਂ ਵੀ ਗੱਲ ਚੋਣਾਂ ਦੀ ਕਰਨੀ ਹੈ, ਪਰ ਭਾਰਤ ਦੇ ਕੌਮੀ ਨਕਸ਼ੇ ਉੱਤੇ ਉੱਭਰਦੇ ਇਸ ਦੇ ਪ੍ਰਭਾਵ ਅਤੇ ਇਨ੍ਹਾਂ ਚੋਣਾਂ ਪਿੱਛੇ ਛੁਪੇ ਦਾਅ-ਪੇਚਾਂ ਦੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂ। ਫਰਵਰੀ ਤੇ ਮਾਰਚ ਦੇ ਦੋ ਮਹੀਨੇ ਚੋਣਾਂ ਦੀ ਪ੍ਰਕਿਰਿਆ ਚੱਲਣੀ ਹੈ, ਜਿਸ ਵਿੱਚ ਪੰਜਾਬ ਸਣੇ ਪੰਜ ਰਾਜਾਂ ਦੀਆਂ ਚੋਣਾਂ ਹੋਣਗੀਆਂ। ਇਨ੍ਹਾਂ ਵਿੱਚੋਂ ਬਾਕੀ ਤਿੰਨ ਰਾਜਾਂ: ਉੱਤਰਾ ਖੰਡ, ਗੋਆ ਜਾਂ ਮਨੀਪੁਰ ਵਿੱਚ ਕਿਸੇ ਬਾਹਰਲੇ ਦੀ ਖਾਸ ਦਿਲਚਸਪੀ ਨਹੀਂ ਹੋਣੀ ਤੇ ਚੌਥੇ ਉੱਤਰ ਪ੍ਰਦੇਸ਼ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਧਿਆਨ ਵੀ ਆਪਣੀਆਂ ਚੋਣਾਂ ਦੇ ਬਾਵਜੂਦ ਵਾਰ-ਵਾਰ ਖਿੱਚਣਾ ਹੈ। ਇਸ ਪਿੱਛੇ ਕਾਰਨ ਸਿਰਫ ਇਹ ਨਹੀਂ ਕਿ ਉੱਤਰ ਪ੍ਰਦੇਸ਼ ਵਿੱਚ ਦੇਸ਼ ਦੀ ਪੰਜ ਸੌ ਤਿਰਤਾਲੀ ਮੈਂਬਰੀ ਲੋਕ ਸਭਾ ਦੀਆਂ ਅੱਸੀ ਸੀਟਾਂ ਇੱਕੋ ਥਾਂ ਹੋਣ ਕਾਰਨ ਭਲਕ ਨੂੰ ਦੇਸ਼ ਦੀ ਉੱਚੀ ਗੱਦੀ ਦੀ ਲੜਾਈ ਵਿੱਚ ਉਸ ਦਾ ਅਹਿਮ ਰੋਲ ਹੋਣਾ ਹੈ, ਸਗੋਂ ਇਹ ਕਾਰਨ ਵੀ ਹੈ ਕਿ ਭਾਜਪਾ ਦੀ ਅਗੇਤ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਥਿਤੀ ਉੱਤੇ ਇਸ ਦਾ ਅਸਰ ਪੈ ਸਕਦਾ ਹੈ। ਭਾਰਤੀ ਜਨਤਾ ਪਾਰਟੀ ਵਿਚਲੀ ਜਿਹੜੀ ਧੜੇਬੰਦੀ ਅਜੇ ਬਾਹਰ ਨਹੀਂ ਆਈ, ਉੱਤਰ ਪ੍ਰਦੇਸ਼ ਵਿੱਚ ਉਹ ਸਰਗਰਮ ਹੋ ਚੁੱਕੀ ਹੈ।
ਇੱਕ ਵਕਤ ਹੁੰਦਾ ਸੀ, ਜਦੋਂ ਭਾਜਪਾ ਅੰਦਰ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੋਵੇਂ ਜਣੇ ਇਕੱਠੇ ਹੁੰਦਿਆਂ ਵੀ ਇੱਕ ਦੂਸਰੇ ਦੇ ਅਣ-ਐਲਾਨੇ ਪੱਕੇ ਸ਼ਰੀਕ ਹੁੰਦੇ ਸਨ। ਨਰਸਿਮਹਾ ਰਾਓ ਦੇ ਵਕਤ ਦੀ ਕਾਂਗਰਸ ਦੀ ਮੰਦੀ ਹਾਲਤ ਮੌਕੇ ਜਦੋਂ ਭਾਜਪਾ ਚੜ੍ਹਦੀ ਵੇਖ ਕੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਨੇ ਭਾਜਪਾ ਨਾਲ ਤਾਲਮੇਲ ਦਾ ਮੁੱਢ ਬੰਨ੍ਹਿਆ ਸੀ, ਓਦੋਂ ਭਾਜਪਾ ਦਾ ਜਨਰਲ ਸੈਕਟਰੀ ਗੋਵਿੰਦਾਚਾਰੀਆ ਅਮਰੀਕੀ ਰਾਜਦੂਤ ਨੂੰ ਮਿਲਣ ਗਿਆ ਤਾਂ ਵੱਡਾ ਪੁਆੜਾ ਪੈ ਗਿਆ ਸੀ। ਅਮਰੀਕੀ ਦੂਤਘਰ ਵਿੱਚੋਂ ਇਹ ਗੱਲ ਲੀਕ ਹੋਈ ਜਾਂ ਕੀਤੀ ਗਈ ਕਿ ਗੋਵਿੰਦਾਚਾਰੀਆ ਨੇ ਉਸ ਮਿਲਣੀ ਮੌਕੇ ਅਮਰੀਕੀ ਰਾਜਦੂਤ ਨੂੰ ਕਿਹਾ ਸੀ ਕਿ ਵਾਜਪਾਈ ਸਾਡਾ ਮੁਖੌਟਾ ਹੈ, ਅਸਲ ਚਿਹਰਾ ਲਾਲ ਕ੍ਰਿਸ਼ਨ ਅਡਵਾਨੀ ਹੈ। ਉਸ ਨੇ ਗਲਤ ਨਹੀਂ ਸੀ ਕਿਹਾ, ਹਕੀਕਤ ਇਹੀ ਸੀ। ਵਾਜਪਾਈ ਨੂੰ ਇਸ ਨਾਲ ਏਨੀ ਕੌੜ ਚੜ੍ਹੀ ਕਿ ਪਾਰਟੀ ਪਾਟਕ ਦੇ ਕੰਢੇ ਪਹੁੰਚ ਗਈ ਸੀ ਅਤੇ ਇੱਕ ਸਮਾਗਮ ਵਿੱਚ ਪ੍ਰਧਾਨਗੀ ਕਰਨ ਗਿਆ ਵਾਜਪਾਈ ਇਹ ਕਹਿ ਕੇ ਨਿਕਲ ਆਇਆ ਸੀ ਕਿ ਬਾਕੀ ਦਾ ਸਮਾਗਮ ਤੁਸੀਂ ਆਪੇ ਚਲਾ ਲਿਓ, ਉਂਜ ਵੀ ਮੈਂ ਇਸ ਪਾਰਟੀ ਦਾ ਮੁੱਖ ਨਹੀਂ, ਸਿਰਫ ਮੁਖੌਟਾ ਹੋ ਗਿਆ ਹਾਂ। ਦਿੱਲੀ ਵਿਚਲੀ ਭਾਜਪਾ ਹਾਈ ਕਮਾਨ ਤੋਂ ਨਾਗਪੁਰ ਵਿੱਚ ਬੈਠੇ ਆਰ ਐੱਸ ਐੱਸ ਆਗੂਆਂ ਤੱਕ ਇਸ ਨਾਲ ਹਿੱਲ ਗਏ ਸਨ ਕਿ ਜੇ ਵਾਜਪਾਈ ਖਿਸਕ ਗਿਆ ਤਾਂ ਬਿਸਤਰਾ ਗੋਲ ਹੋ ਜਾਵੇਗਾ। ਬਹੁਤ ਮੁਸ਼ਕਲ ਉਸ ਨੂੰ ਮਨਾ ਕੇ ਵਾਪਸ ਲਿਆਂਦਾ ਗਿਆ ਸੀ, ਪਰ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਪਿੱਛੋਂ ਵੀ ਬਖੇੜਾ ਖਤਮ ਨਹੀਂ ਸੀ ਹੋਇਆ। ਭਾਜਪਾ ਦੇ ਇੱਕ ਆਗੂ ਨੇ ਜਦੋਂ ਇਹ ਕਹਿ ਦਿੱਤਾ ਕਿ ਸਾਡੇ ਲਈ ਵਾਜਪਾਈ ਅਤੇ ਅਡਵਾਨੀ ਦੋਵੇਂ ਸਤਿਕਾਰਤ ਹਨ ਤੇ ਅਗਲੀ ਚੋਣ ਵਿੱਚ ਦੋਵੇਂ ਮਿਲ ਕੇ ਸਾਨੂੰ ਅਗਵਾਈ ਦੇਣਗੇ ਤਾਂ ਵਾਜਪਾਈ ਨੇ ਫਿਰ ਪਲਟਵਾਂ ਵਾਰ ਕਰ ਕੇ ਇਹ ਕਿਹਾ ਸੀ, ‘ਮੇਰੀ ਕੋਈ ਲੋੜ ਨਹੀਂ, ਅਗਲੀ ਵਾਰੀ ਅਡਵਾਨੀ ਜੀ ਇਕੱਲੇ ਹੀ ਅਗਵਾਈ ਕਰਨਗੇ,’ ਅਤੇ ਇਸ ਹਮਲੇ ਨਾਲ ਭਾਜਪਾ ਏਨੀ ਬੌਂਦਲ ਗਈ ਸੀ ਕਿ ਚੋਣਾਂ ਤੋਂ ਚੋਖਾ ਪਹਿਲਾਂ ਵਾਜਪਾਈ ਦੇ ਹੱਥ ਹੀ ਅਗਵਾਈ ਦੇਣ ਦਾ ਐਲਾਨ ਕਰਨਾ ਪਿਆ ਸੀ।
ਐਨ ਓਦੋਂ ਵਰਗੀ ਖਿੱਚੋਤਾਣ ਇਸ ਵਕਤ ਭਾਜਪਾ ਵਿੱਚ ਕੌਮੀ ਪੱਧਰ ਉੱਤੇ ਫਿਰ ਛਿੜ ਚੁੱਕੀ ਹੈ। ਨਰਿੰਦਰ ਮੋਦੀ ਦੀ ਜਿਹੜੀ ਕਮਾਂਡ ਕਿਸੇ ਸਮੇਂ ਆਰ ਐੱਸ ਐੱਸ ਅਤੇ ਭਾਜਪਾ ਨੂੰ ਸਭ ਤੋਂ ਵੱਧ ਠੀਕ ਲੱਗਦੀ ਸੀ, ਉਸ ਦੇ ਬਦਲ ਵਜੋਂ ਅੱਜਕੱਲ੍ਹ ਯੋਗੀ ਆਦਿੱਤਿਆਨਾਥ ਨੂੰ ਪੇਸ਼ ਕੀਤਾ ਜਾਣ ਲੱਗਾ ਹੈ। ਅਜੇ ਤੱਕ ਭਾਜਪਾ ਨੇ ਉਸ ਨੂੰ ਸਪੱਸ਼ਟ ਤੌਰ ਉੱਤੇ ਭਾਵੇਂ ਕਿਤੇ ਵੀ ਪੇਸ਼ ਨਾ ਕੀਤਾ ਹੋਵੇ, ਅੰਦਰ-ਖਾਤੇ ਦੀ ਜੰਗ ਵਿੱਚ ਪਿਛਲੇ ਸਤੰਬਰ ਵਿੱਚ ਹਾਲਤ ਇਹ ਬਣੀ ਵੇਖੀ ਗਈ ਸੀ ਕਿ ਨਾਗਪੁਰ ਵਾਲੇ ਆਰ ਐੱਸ ਐੱਸ ਹੈੱਡ ਕੁਆਰਟਰ ਵਰਗਾ ਇੱਕ ਕੇਂਦਰ ਉੱਤਰੀ ਭਾਰਤ ਵਾਸਤੇ ਲਖਨਊ ਵਿੱਚ ਬਣਾਉਣ ਦੀ ਗੱਲ ਸੁਣੀ ਜਾਣ ਲੱਗ ਪਈ ਸੀ। ਉਹ ਸੋਚ ਅਸਲ ਵਿੱਚ ਨਰਿੰਦਰ ਮੋਦੀ ਨੂੰ ਅੱਖਾਂ ਦਿਖਾਉਣ ਅਤੇ ਯੋਗੀ ਨੂੰ ਉਭਾਰਨ ਵਾਸਤੇ ਸੀ, ਜਿਸ ਵਿੱਚ ਮੋਦੀ ਟੀਮ ਕਿਸੇ ਵਕਤ ਦੇ ਵਾਜਪਾਈ ਦੇ ਪੈਂਤੜੇ ਨਾਲ ਯੋਗੀ ਵਾਲੇ ਧੜੇ ਨੂੰ ਪਿਛਾਂਹ ਧੱਕਣ ਵਿੱਚ ਕਾਮਯਾਬ ਰਹੀ, ਪਰ ਖਿੱਚੋਤਾਣ ਹਾਲੇ ਤੱਕ ਚੱਲੀ ਜਾਂਦੀ ਹੈ। ਕਾਂਵੜੀਆਂ ਉੱਤੇ ਜਹਾਜ਼ਾਂ ਨਾਲ ਫੁੱਲਾਂ ਦੀ ਵਰਖਾ ਕਰਵਾਉਣ ਅਤੇ ਅਯੁੱਧਿਆ ਵਿੱਚ ਰਾਮ-ਲੀਲਾ ਮੌਕੇ ਰਾਮ, ਸੀਤਾ ਅਤੇ ਲਛਮਣ ਬਣੇ ਅਦਾਕਾਰ ਉਚੇਚੇ ਹੈਲੀਕਾਪਟਰ ਵਿੱਚ ਲਿਆ ਕੇ ਆਰਤੀ ਉਤਾਰਨ ਦੇ ਯੋਗੀ ਆਦਿੱਤਿਆਨਾਥ ਦੇ ਪੈਂਤੜੇ ਦੀ ਕਾਟ ਲਈ ਨਰਿੰਦਰ ਮੋਦੀ ਵੀ ਕਾਸ਼ੀ ਜਾ ਕੇ ਸਾਧੂ-ਸੰਤਾਂ ਦੇ ਚਰਨ ਪਰਸਦੇ ਵੇਖੇ ਜਾ ਰਹੇ ਹਨ। ਮਾਮਲਾ ਨਿਰੀ ਸ਼ਰਧਾ ਦਾ ਹੋਵੇ ਤਾਂ ਨਰਿੰਦਰ ਮੋਦੀ ਸਾਹਿਬ ਚੁੱਪ-ਚੁਪੀਤੇ ਵੀ ਇਹ ਸੇਵਾ ਪੂਰੀ ਕਰ ਸਕਦੇ ਹਨ, ਪਰ ਮੀਡੀਆ ਕੈਮਰੇ ਫਿੱਟ ਕਰਵਾਉਣ ਦੇ ਬਾਅਦ ਓਥੇ ਜਾਣ ਦਾ ਰਾਜਨੀਤਕ ਮਹੱਤਵ ਕਿਸੇ ਵੀ ਹੋਸ਼ਮੰਦ ਵਿਅਕਤੀ ਨੂੰ ਸਮਝ ਆ ਸਕਦਾ ਹੈ। ਇਸ ਮੁਕਾਬਲੇ ਬਾਜ਼ੀ ਵਿੱਚ ਦੋਵਾਂ ਧਿਰਾਂ ਦੇ ਲੋਕ ਪੂਰੀ ਤਨਦੇਹੀ ਨਾਲ ਆਪੋ-ਆਪਣੀ ਰਾਜਨੀਤੀ ਵੀ ਕਰੀ ਜਾਂਦੇ ਹਨ ਅਤੇ ਲੋਕਾਂ ਸਾਹਮਣੇ ਏਕੇ ਦਾ ਭਰਮ ਵੀ ਪਾਈ ਜਾ ਰਹੇ ਹਨ।
ਅੰਦਰੋਂ ਲੜਦਿਆਂ ਬਾਹਰ ਏਕੇ ਦਾ ਭਰਮ ਪਾਉਣਾ ਵੀ ਭਾਜਪਾ ਦੇ ਇਨ੍ਹਾਂ ਦੋਵਾਂ ਧੜਿਆਂ ਦੇ ਆਗੂਆ ਦੀ ਮਜਬੂਰੀ ਬਣਦਾ ਹੈ। ਦਿੱਲੀ ਤੋਂ ਆਈਆਂ ਕਨਸੋਆਂ ਕਹਿੰਦੀਆਂ ਹਨ ਕਿ ਕੇਂਦਰ ਸਰਕਾਰ ਚਲਾ ਰਹੀ ਨਰਿੰਦਰ ਮੋਦੀ ਟੀਮ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿੱਤਿਆਨਾਥ ਦੇ ਪਰ ਕੁਤਰਨਾ ਚਾਹੁੰਦੀ ਹੈ, ਤਾਂ ਕਿ ਉਹ ਦਿੱਲੀ ਨੂੰ ਮੂੰਹ ਕਰਨ ਦੀ ਸਮਰੱਥਾ ਵਾਲਾ ਆਗੂ ਨਾ ਰਹਿ ਜਾਵੇ, ਪਰ ਉਸ ਦੇ ਪਰ ਕੁਤਰਨ ਵੇਲੇ ਇਹ ਵੀ ਚਿੰਤਾ ਹੈ ਕਿ ਜੇ ਉੱਤਰ ਪ੍ਰਦੇਸ਼ ਵਿੱਚ ਰਾਜਸੀ ਚੋਟ ਵੱਡੀ ਲਾ ਬੈਠੇ ਤਾਂ ਅਗਲੀ ਵਾਰੀ ਉਸ ਦਾ ਅਸਰ ਲੋਕ ਸਭਾ ਚੋਣਾਂ ਉੱਤੇ ਪੈ ਸਕਦਾ ਹੈ। ਕੇਂਦਰ ਸਰਕਾਰ ਦੀ ਵਾਗ ਸਾਂਭਣ ਲਈ ਲੋਕ ਸਭਾ ਵਿੱਚ ਜਿਹੜਾ ਬਹੁ-ਮੱਤ ਚਾਹੀਦਾ ਹੈ, ਉਸ ਦੀਆਂ ਅੱਸੀ ਸੀਟਾਂ ਇੱਕੋ ਰਾਜ ਉੱਤਰ ਪ੍ਰਦੇਸ਼ ਵਿੱਚ ਹਨ ਤੇ ਇਸ ਵਕਤ ਇਨ੍ਹਾਂ ਅੱਸੀਆਂ ਵਿੱਚੋਂ ਪੈਂਹਠ ਦੇ ਕਰੀਬ ਨਰਿੰਦਰ ਮੋਦੀ ਦੇ ਨਾਲ ਹਨ, ਜੇ ਉਹ ਪੈਂਹਠ ਪਾਸੇ ਰੱਖੋ ਤਾਂ ਕੇਂਦਰ ਵਿੱਚ ਭਾਜਪਾ ਦੀ ਹਾਲਤ ਪਤਲੀ ਹੋਣ ਕਾਰਨ ਉਹ ਭਾਈਵਾਲ ਧਿਰਾਂ ਦੀ ਮਦਦ ਦੀ ਮੁਥਾਜ ਹੋ ਕੇ ਰਹਿ ਜਾਂਦੀ ਹੈ। ਇਸ ਹਾਲਤ ਤੋਂ ਬਚਣ ਲਈ ਨਰਿੰਦਰ ਮੋਦੀ ਟੀਮ ਦੀ ਮਜਬੂਰੀ ਹੈ ਕਿ ਯੋਗੀ ਆਦਿੱਤਿਆਨਾਥ ਨੂੰ ਹੋਰ ਉੱਭਾਰ ਤੋਂ ਰੋਕਦੇ ਵਕਤ ਵੀ ਇਹ ਖਿਆਲ ਰੱਖਿਆ ਜਾਵੇ ਕਿ ਉਸ ਨੂੰ ਛਾਂਗਣ ਦੀ ਮਾਰ ਕੇਂਦਰ ਸਰਕਾਰ ਲਈ ਹੋਰ ਦੋਂਹ ਸਾਲਾਂ ਨੂੰ ਹੋਣ ਵਾਲੀਆਂ ਚੋਣਾਂ ਤੱਕ ਨਾ ਪਹੁੰਚ ਜਾਵੇ। ਲਖੀਮਪੁਰ ਖੀਰੀ ਵਾਲੇ ਕੇਸ ਵਿੱਚ ਫਸਿਆ ਅਜੇ ਕੁਮਾਰ ਮਿਸ਼ਰਾ ਏਸੇ ਹਾਲਾਤ ਵਿੱਚ ਇਨ੍ਹਾਂ ਦੋਵਾਂ ਧਿਰਾਂ ਵਿਚਾਲੇ ਰੰਗ ਦਾ ਪੱਤਾ ਬਣਿਆ ਵਜ਼ੀਰੀ ਮਾਣ ਰਿਹਾ ਹੈ, ਕਿਉਂਕਿ ਉਸ ਪਿੱਛੇ ਇੱਕ ਖਾਸ ਭਾਈਚਾਰਾ ਖੜਾ ਹੋਣ ਕਾਰਨ ਉਸ ਦੀ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈ। ਜਦੋਂ ਯੋਗੀ ਆਦਿੱਤਿਆਨਾਥ ਦੀ ਟੀਮ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਸਾਹਮਣੇ ਸਾਫ-ਸੁਥਰਾ ਅਕਸ ਲੈ ਕੇ ਜਾਣ ਲਈ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੀ ਬਲੀ ਦੇਣ ਵਾਸਤੇ ਮਨ ਬਣਾਈ ਬੈਠੀ ਜਾਪਦੀ ਹੈ, ਨਰਿੰਦਰ ਮੋਦੀ ਟੀਮ ਏਦਾਂ ਹੋਣ ਤੋਂ ਇਸ ਲਈ ਰੋਕਦੀ ਹੈ ਕਿ ਉਸ ਦਾ ਜਾਣਾ ਯੋਗੀ ਲਈ ਕੁਝ ਫਾਇਦੇ ਵਾਲਾ ਹੋਵੇ ਜਾਂ ਨਾ, ਪਾਰਲੀਮੈਂਟ ਚੋਣਾਂ ਦੀ ਜੰਗ ਵਿੱਚ ਭਾਜਪਾ ਦੀ ਬੇੜੀ ਬਹਾ ਸਕਦਾ ਹੈ।
ਐਨ ਓਦੋਂ, ਜਦੋਂ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਗਲੇ ਪੰਜ ਸਾਲਾਂ ਦੇ ਰਾਜ ਕਰਤੇ ਚੁਣਨ ਦੀ ਚਿੰਤਾ ਕਰ ਰਹੇ ਹਨ, ਦੇਸ਼ ਦੀ ਸਰਕਾਰ ਚਲਾ ਰਹੀ ਪਾਰਟੀ ਭਾਜਪਾ ਦੀ ਲੀਡਰਸਿ਼ਪ ਇੱਕ ਵਾਰ ਫਿਰ ਲਾਲ ਕ੍ਰਿਸ਼ਨ ਅਡਵਾਨੀ ਤੇ ਅਟਲ ਬਿਹਾਰੀ ਵਾਜਪਾਈ ਵਾਲੀ ਖਿੱਚੋਤਾਣ ਵਿੱਚ ਫਸੀ ਨਜ਼ਰ ਪੈਂਦੀ ਹੈ। ਉਸ ਵੇਲੇ ਵਾਜਪਾਈ ਧੜੇ ਦੀ ਉਠਾਣ ਨਾਲ ਕੱਟੜਪੰਥੀਆਂ ਦਾ ਅਡਵਾਨੀ ਧੜਾ ਪਿੱਛੇ ਹਟਣ ਲਈ ਮਜਬੂਰ ਹੁੰਦਾ ਸੀ, ਇਸ ਵਾਰ ਉਨ੍ਹਾਂ ਨਾਲੋਂ ਵੱਡੇ ਕੱਟੜਪੰਥੀਆਂ ਦਾ ਨਰਿੰਦਰ ਮੋਦੀ ਧੜਾ ਆਪਣੇ ਤੋਂ ਵੱਡੇ ਕੱਟੜਪੰਥੀ ਯੋਗੀ ਆਦਿੱਤਿਆਨਾਥ ਦੇ ਧੜੇ ਅੱਗੇ ਕਮਜ਼ੋਰ ਪੈਂਦਾ ਜਾਪਦਾ ਹੈ, ਜਿਨ੍ਹਾਂ ਦੀ ਬਿਨਾਂ ਲੁਕਾਈ ਇੱਛਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੈ। ਸੰਸਾਰ ਪੱਧਰ ਦੇ ਆਪਣੇ ਅਕਸ ਅਤੇ ਇਸ ਅਕਸ ਨਾਲ ਮਿਲਦੇ ਮਾਣ-ਸਨਮਾਨ ਦੇ ਬੋਝ ਹੇਠ ਨਰਿੰਦਰ ਮੋਦੀ ਉਸ ਕੱਟੜਪੰਥੀ ਧੜੇ ਅੱਗੇ ਇੱਕਦਮ ਝੁਕਣ ਤੋਂ ਇਸ ਵਕਤ ਬਚਦਾ ਅਤੇ ਉਨ੍ਹਾਂ ਦਾ ਰਾਹ ਰੋਕਦਾ ਜਾਪਦਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਜੇ ਉਸ ਦੀ ਇਹ ਕੋਸਿ਼ਸ਼ ਕਮਜ਼ੋਰ ਪੈਂਦੀ ਲੱਗੀ ਤਾਂ ਉਹ ਕੱਟੜਪੰਥੀਆਂ ਤੋਂ ਵੱਡਾ ਕੱਟੜਪੰਥੀ ਵੀ ਬਣ ਸਕਦਾ ਹੈ। ਭਾਰਤ ਦੇ ਪੰਜ ਰਾਜਾਂ ਦੀਆਂ ਇਹ ਚੋਣਾਂ ਭਵਿੱਖ ਦੇ ਭਾਰਤ ਨੂੰ ਏਨਾ ਬਦਲਣ ਵਾਲੀਆਂ ਵੀ ਹੋ ਸਕਦੀਆਂ ਹਨ ਕਿ ਜੇ ਯੋਗੀ ਧੜਾ ਹੋਰਨਾਂ ਧੜਿਆਂ ਨੂੰ ਕੱਟੜਪੰਥੀ ਠਿੱਬੀ ਲਾ ਗਿਆ ਤਾਂ ਜਿਹੜੇ ਬੁੱਧੀਜੀਵੀ ਅੱਜ ਵਾਜਪਾਈ ਦੇ ਨਾਲ ਅਡਵਾਨੀ ਨੂੰ ਵੀ ਮੋਦੀ ਮੁਕਾਬਲੇ ‘ਕੁਝ ਮਾਡਰੇਟ’ ਕਹਿੰਦੇ ਸੁਣੇ ਜਾਣ ਲੱਗੇ ਹਨ, ਉਹ ਕੁਝ ਸਮਾਂ ਲੰਘਾ ਕੇ ਮੋਦੀ ਬਾਰੇ ਵੀ ਇਹੋ ਕਹਿਣ ਲੱਗ ਜਾਣਗੇ। ਹਿੰਦੂਤੱਵ ਦੇ ਨਾਂਅ ਉੱਤੇ ਚੱਲਦੀ ਰਾਜਨੀਤੀ ਦਾ ਇਹੋ ਪੱਖ ਵਿਸ਼ੇਸ਼ ਹੈ ਕਿ ਹਰ ਲੀਡਰ ਪਹਿਲਿਆਂ ਤੋਂ ਵੱਧ ਕੱਟੜਪੰਥੀ ਨਿਕਲਦਾ ਹੈ। ਅਗਲੇ ਸਾਲ ਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਇਹ ਅਲੋਕਾਰ ਪੱਖ ਦੇਸ਼ ਦੀ ਬਹਿਸ ਦਾ ਹਿੱਸਾ ਨਹੀਂ ਬਣ ਰਿਹਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ